ਪੰਜਾਬ
ਖਰੀਦ ਕੇਂਦਰ ਰਾਮਨਗਰ ਭੱਠਲ ਵਿਖੇ ਜਿਣਸ ਦੇ ਵੱਧ ਤੋਲ ਪਾਏ ਜਾਣ ’ਤੇ ਦੋ ਫਰਮਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ
ਤੋਲ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ
ਮਾਨਸਾ, 05 ਨਵੰਬਰ:
ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਸਕੱਤਰ ਮਾਰਕਿਟ ਕਮੇਟੀ ਬੋਹਾ ਵੱਲੋਂ ਖਰੀਦ ਕੇਂਦਰ ਰਾਮਨਗਰ ਭੱਠਲ ਵਿਖੇ ਤੋਲ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਫਰਮ ਮੈਸਰਜ਼ ਕ੍ਰਿਸ਼ਨ ਕੁਮਾਰ ਰਾਜ ਕੁਮਾਰ ਦੇ ਫੜ੍ਹ ਉੱਪਰ ਮਨਜੀਤ ਸਿੰਘ ਦੇ ਤੁਲ ਚੁੱਕੇ 150 ਗੱਟਿਆਂ ਵਿੱਚ ਪ੍ਰਤੀ ਗੱਟਾ 120 ਗ੍ਰਾਮ ਵੱਧ ਤੋਲ ਪਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਜਾਂਚ ਦੌਰਾਨ ਇਲਾਵਾ ਫਰਮ ਮੈਸਰਜ਼ ਕ੍ਰਿਸ਼ਨਾ ਟਰੇਡਰਜ਼ ਦੇ ਫੜ੍ਹ ਉੱਪਰ ਮੱਖਣ ਸਿੰਘ ਦੇ ਤੁੱਲ ਚੁੱਕੇ 144 ਗੱਟਿਆਂ ਵਿੱਚ ਪ੍ਰਤੀ ਗੱਟਾ 120 ਗ੍ਰਾਮ ਤੋਲ ਵੱਧ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਫਰਮਾਂ ਨੂੰ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਤਹਿਤ ਲਾਇਸੰਸ ਮੁਅੱਤਲ ਅਤੇ ਬਣਦੀ ਅਗਲੇਰੀ ਕਾਰਵਾਈ ਲਈ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੋਲ ਵਿਚ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।