ਪਿੰਗਲਵਾੜਾ ਪਲਸੌਰਾ ਵਿਖੇ ਕੌਮਾਂਤਰੀ ਅਪੰਗਤਾ ਦਿਵਸ ਮਨਾਇਆ
ਵੱਖ-ਵੱਖ ਥਾਵਾਂ ਤੋਂ ਪਹੁੰਚੇ ਸਪੈਸ਼ਲ ਬੱਚਿਆਂ ਨੇ ਸੱਭਿਆਚਾਰਕ ਹੁਨਰ ਪੇਸ਼ ਕੀਤੇ
ਚੰਡੀਗੜ੍ਹ 6 ਦਸੰਬਰ ( ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੀ ਸ਼ਾਖਾ ਪਲਸੌਰਾ, ਚੰਡੀਗੜ੍ਹ ਅਤੇ ਸਪੈਸ਼ਲ ਓਲੰਪਿਕਸ ਭਾਰਤ (ਚੰਡੀਗੜ੍ਹ) ਵੱਲੋਂ ਸਾਂਝੇ ਤੌਰ ਤੇ ਪਿੰਗਲਵਾੜਾ ਪਲਸੌਰਾ ਵਿਖੇ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਗਲਵਾੜਾ ਦੇ ਸਭ ਤੋਂ ਪੁਰਾਣੇ ਅਤੇ ਨਿਸ਼ਕਾਮ ਸੇਵਾਦਾਰ ਨਿਰਮਲ ਸਿੰਘ, ਬ੍ਰਾਂਚ ਇੰਚਾਰਜ ਰਵਿੰਦਰ ਕੌਰ, ਮੈਡੀਕਲ ਸੋਸ਼ਲ ਵਰਕਰ ਹਰਪਾਲ ਸਿੰਘ, ਵਿਨੋਦ ਜੈਨ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਚੰਡੀਗੜ੍ਹ ਤੋਂ ਸਪੈਸ਼ਲ ਐਜੂਕੇਟਰ ਪ੍ਰੀਆ ਕੌਰ, ਸਕੂਲ ਦੇ ਸਟਾਫ ਕੰਚਨ, ਡਾ. ਤਸਨੀਫ ਅਤੇ ਸਪੈਸ਼ਲ ਓਲੰਪਿਕ ਭਾਰਤ ਤੋਂ ਪ੍ਰਧਾਨ ਦਿਲਪ੍ਰੀਤ ਸੇਖੋਂ ਤੇ ਪ੍ਰੀਆ ਕੌਰ ਖਜਾਨਚੀ ਸਮੇਤ ਨੀਲਮ, ਪ੍ਰਦੀਪ ਡੋਗਰਾ ਤੇ ਹਰਸ਼ ਸ਼ਰਮਾ ਮੈਂਬਰ ਸ਼ਾਮਿਲ ਹੋਏ।
ਇਸ ਮੌਕੇ ਸਰਵ ਸਿੱਖਿਆ ਅਭਿਆਨ ਤੋਂ ਆਏ ਸਪੈਸ਼ਲ ਬੱਚਿਆਂ ਨੇ ਕੁਲਪ੍ਰੀਤ ਸਿੰਘ ਦੀ ਅਗਵਾਈ ਹੇਠ ਧਾਰਮਿਕ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਚੰਡੀਗੜ੍ਹ ਤੋਂ ਆਸ਼ਾ ਕਿਰਨ ਨੇ ਦਿਲ ਟੁੰਬਵਾਂ ਗੀਤ ਪੇਸ਼ ਕੀਤਾ। ਬੌਧਿਕ ਅਸਮਰੱਥਤਾ ਲਈ ਸਰਕਾਰੀ ਪੁਨਰਵਾਸ ਸੰਸਥਾ, ਸੈਕਟਰ 31-ਸੀ, ਚੰਡੀਗੜ੍ਹ ਤੋਂ ਸਾਹਿਬਜੀਤ ਸਿੰਘ ਨੇ ਡਾਂਸ ਪੇਸ਼ ਕੀਤਾ ਜਦਕਿ ਆਸ਼ਾ ਚੰਡੀਮੰਦਰ ਦੇ ਸਪੈਸ਼ਲ ਸਕੂਲ ਤੋਂ ਮੇਮਨਾ ਤੁਬਾ, ਗੁਨਗੁਨ, ਅਮਨ ਅਤੇ ਜੈਸਮੀਨ ਨੇ ਗੀਤ ਅਤੇ ਡਾਂਸ ਪੇਸ਼ ਕੀਤਾ।
ਇਸ ਪ੍ਰੋਗਰਾਮ ਦੌਰਾਨ ਉਮੀਦ ਆਸ਼ਾ ਕਿਰਨ ਤੋਂ ਹਰਸ਼ ਨੇ ਡਾਂਸ ਅਤੇ ਤੇਜਸਵੀ ਨੇ ਗੀਤ ਜਦਕਿ ਪਿੰਗਲਵਾੜਾ ਦੀ ਤਰਫੋਂ ਰੋਹਿਤ ਸੂਦ ਨੇ ਗੀਤ ਪੇਸ਼ ਕੀਤਾ। ਇਸ ਮੌਕੇ ਸਪੈਸ਼ਲ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਸੱਭਿਆਚਾਰਿਕ ਹੁਨਰ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।