ਪੰਜਾਬ

ਪੰਜਾਬ ਪੁਲਿਸ ਵੱਲੋਂ 2023 ਵਿੱਚ ਹੁਣ ਤੱਕ  1161 ਕਿਲੋ ਹੈਰੋਇਨ ਬਰਾਮਦ

 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਵੀ ਕੀਤੀਆਂ ਜ਼ਬਤ 

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਕਰਨ ਲਈ ਵਚਨਬੱਧ
– 2424 ਵੱਡੀਆਂ ਮੱਛੀਆਂ ਸਮੇਤ 14951 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ;  ਇਸ ਸਾਲ 795 ਕਿਲੋ ਅਫੀਮ, 13.67 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ
– ਪਹਿਲੀ ਵਾਰ 65 ਨਸ਼ਾ ਪੀੜਤਾਂ ਨੇ ਐਨਡੀਪੀਐਸ ਐਕਟ ਦੀ ਧਾਰਾ 64-ਏ ਤਹਿਤ ਮੁੜ ਵਸੇਬੇ ਦਾ ਪ੍ਰਣ ਕੀਤਾ: ਆਈਜੀਪੀ ਸੁਖਚੈਨ ਸਿੰਘ ਗਿੱਲ
– ਇਸ ਸਾਲ ਏਜੀਟੀਐਫ ਨੇ ਫੀਲਡ ਯੂਨਿਟਾਂ ਨਾਲ ਮਿਲ ਕੇ 482 ਗੈਂਗਸਟਰਾਂ/ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਨੌਂ ਨੂੰ ਮਾਰ ਮੁਕਾਇਆ; 519 ਹਥਿਆਰ ਕੀਤੇ ਬਰਾਮਦ
– ਪੰਜਾਬ ਪੁਲਿਸ ਦੀ ਅੰਦਰੂਨੀ ਸੁਰੱਖਿਆ ਇਕਾਈ ਨੇ ਇਸ ਸਾਲ 67 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ; 111 ਡਰੋਨ ਬਰਾਮਦ
– ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਸੜਕਾਂ ‘ਤੇ ਉਤਰਨ ਲਈ ਪੂਰੀ ਤਰ੍ਹਾਂ ਤਿਆਰ
ਚੰਡੀਗੜ੍ਹ, 27 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਹੱਦੀ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ  ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸਾਲ 2023 ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 1161 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਇੱਕ ਨਵਾਂ ਮੀਲਪੱਥਰ ਸਥਾਪਤ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ- ਇਨਫੋਰਸਮੈਂਟ, ਪ੍ਰੀਵੈਂਸ਼ਨ ਅਤੇ ਰੀਹੈਬਲੀਟੇਸ਼ਨ- ਅਪਣਾਈ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64-ਏ, ਜੋ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਸਮੇਤ ਫੜੇ ਜਾਣ ਵਾਲੇ ਨਸ਼ਾ ਪੀੜਤਾਂ ਨੂੰ ਮੁੜ-ਵਸੇਬੇ ਦਾ ਮੌਕਾ ਪ੍ਰਦਾਨ ਕਰਦੀ ਹੈ, ਬਾਰੇ ਪ੍ਰਚਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ।
ਆਈਜੀਪੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ 65 ਨਸ਼ਾ ਪੀੜਤਾਂ, ਜਿਨ੍ਹਾਂ ਨੂੰ ਘੱਟ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨਾਲ ਫੜਿਆ ਗਿਆ ਸੀ, ਨੇ ਮੁੜ ਵਸੇਬੇ ਲਈ ਇਲਾਜ ਕਰਵਾਉਣ ਦਾ ਪ੍ਰਣ ਕਰਕੇ ਐਨਡੀਪੀਐਸ ਦੀ ਧਾਰਾ 64-ਏ ਦਾ ਲਾਭ ਉਠਾਇਆ ਹੈ।
ਡਾ. ਸੁਖਚੈਨ ਸਿੰਘ ਗਿੱਲ, ਜੋ ‘ਯੀਅਰ ਐਂਡਰ’ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ 1 ਜਨਵਰੀ ਤੋਂ 26 ਦਸੰਬਰ, 2023 ਤੱਕ ਪੰਜਾਬ ਪੁਲਿਸ ਨੇ 10786 ਐਫ.ਆਈ.ਆਰਜ਼, ਜਿਨ੍ਹਾਂ ਵਿੱਚ 1385 ਵਪਾਰਕ ਮਾਮਲੇ ਹਨ, ਦਰਜ ਕਰਕੇ 2424 ਵੱਡੀਆਂ ਮੱਛੀਆਂ ਸਮੇਤ 14951 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 1161 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਸੂਬੇ ਭਰ ਵਿੱਚੋਂ 795 ਕਿਲੋਗ੍ਰਾਮ ਅਫੀਮ, 403 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡਜ਼ ਦੀਆਂ 83.17 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ 13.67 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਆਈਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਸਾਲ ਵੱਡੇ ਨਸ਼ਾ ਤਸਕਰਾਂ ਦੀਆਂ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ (110.64 ਕਰੋੜ ਰੁਪਏ ਦੀਆਂ ਅਚੱਲ ਅਤੇ 16.45 ਕਰੋੜ ਰੁਪਏ ਦੀਆਂ ਚੱਲ ਜਾਇਦਾਦਾਂ) ਜ਼ਬਤ ਕੀਤੀਆਂ ਗਈਆਂ ਹਨ, ਜਦਕਿ 26 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ ਹੋਰ 90 ਤਜਵੀਜ਼ਾਂ ਸਮਰੱਥ ਅਥਾਰਟੀ ਕੋਲ ਲੰਬਿਤ ਹਨ।
ਉਨ੍ਹਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ 1 ਜਨਵਰੀ, 2023 ਤੋਂ ਹੁਣ ਤੱਕ 673 ਪੀ.ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਵਾਰ-ਵਾਰ ਅਪਰਾਧ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਐਸਟੀਐਫ ਹੈੱਡਕੁਆਰਟਰ ਨੂੰ 55 ਅਜਿਹੇ ਹੀ ਨਸ਼ਾ ਤਸਕਰਾਂ ਦੀ ਸੂਚੀ ਭੇਜੀ ਹੈ ਤਾਂ ਜੋ ਉਨ੍ਹਾਂ ਵਿਰੁੱਧ ਪ੍ਰੀਵੈਸ਼ਨ ਆਫ਼ ਇਲਿਸਿਟ ਟਰੈਫਿਕ ਇਨ ਨਾਰਕੋਟਿਕ ਡਰੱਗਜ਼ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਪੀਆਈਟੀ-ਐਨਡੀਪੀਐਸ) ਐਕਟ ਤਹਿਤ ਕਾਰਵਾਈ ਕੀਤੀ ਜਾ ਸਕੇ। ਪੀਆਈਟੀ-ਐਨਡੀਪੀਐਸ ਐਕਟ ਦੀ ਧਾਰਾ 3, ਸਰਕਾਰ ਨੂੰ ਅਜਿਹੇ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਸਾਈਕੋਟ੍ਰੋਪਿਕ ਸਬਸਟਾਂਸਿਜ਼ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਿਵਾਰਕ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਦਿੰਦੀ ਹੈ।
ਸਾਲ 2023 ਵਿੱਚ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ, ਆਈਜੀਪੀ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਫੀਲਡ ਯੂਨਿਟਾਂ ਨਾਲ ਮਿਲ ਕੇ ਇਸ ਸਾਲ 188 ਗੈਂਗਸਟਰ/ਅਪਰਾਧੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਅਤੇ 482 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਵੱਲੋਂ ਉਨ੍ਹਾਂ ਪਾਸੋਂ 519 ਹਥਿਆਰ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 102 ਵਾਹਨ, 4.5 ਕਿਲੋ ਹੈਰੋਇਨ ਅਤੇ 71.08 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਪੁਲਿਸ ਪਾਰਟੀਆਂ ਅਤੇ ਅਪਰਾਧੀਆਂ ਦਰਮਿਆਨ ਘੱਟੋ-ਘੱਟ 60 ਮੁਕਾਬਲੇ ਹੋਏ, ਜਿਸ ਦੌਰਾਨ 9 ਗੈਂਗਸਟਰ/ਅਪਰਾਧੀਆਂ ਨੂੰ ਮਾਰ-ਮੁਕਾਇਆ ਗਿਆ ਅਤੇ 127 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ 32 ਜ਼ਖਮੀ ਹੋਏ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਗੋਲੀਬਾਰੀ ਦੌਰਾਨ ਸਾਡਾ ਇੱਕ ਸਾਥੀ ਕਰਮਚਾਰੀ ਸ਼ਹੀਦ ਹੋ ਗਿਆ, ਜਦੋਂ ਕਿ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ।
ਜ਼ਿਕਰਯੋਗ ਹੈ ਕਿ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ‘ਚੋਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਲਈ 6 ਅਪ੍ਰੈਲ, 2022 ਨੂੰ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਵਿਸ਼ੇਸ਼ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਦਾ ਗਠਨ ਕੀਤਾ ਸੀ।
ਆਈਜੀਪੀ ਨੇ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਛੇ ਵੱਡੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਤਿੰਨ ਘੱਟ-ਦਰਜੇ ਦੇ ਵਿਸਫੋਟਕ ਧਮਾਕੇ; ਬਟਾਲਾ ਸਥਿਤ ਹਿੰਦੂ ਸ਼ਿਵ ਸੈਨਾ (ਸਮਾਜਵਾਦੀ) ਨੇਤਾ ਅਤੇ ਉਸਦੇ ਭਰਾ ਤੇ ਉਸਦੇ ਪੁੱਤਰ ‘ਤੇ ਕਾਤਲਾਨਾ ਹਮਲਾ; ਬਠਿੰਡਾ ‘ਚ ਕੁਲਚੇ ਦੀ ਦੁਕਾਨ ਦੇ ਮਾਲਕ ਦਾ ਕਤਲ; ਲੁਧਿਆਣਾ ਵਿੱਚ ਡਕੈਤੀ; ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਸਾਬਕਾ ਸਰਪੰਚ ਦਾ ਕਤਲ; ਬਦਮਾਸ਼ਾਂ ਵੱਲੋਂ ਲੁਧਿਆਣਾ ਦੇ ਉਦਯੋਗਪਤੀ ਨੂੰ ਲੁੱਟਣ ਲਈ ਅਗਵਾ ਕਰਕੇ ਉਸਦੇ ਗੋਲੀ ਮਾਰਨ ਦਾ ਮਾਮਲਾ, ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ ਵਿੱਚ ਇਨ੍ਹਾਂ ਸਾਰੇ ਵੱਡੇ ਅਪਰਾਧਾਂ ਦੀ ਗੁੱਥੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਲਝਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 201 ਐਫ.ਆਈ.ਆਰਜ਼. ਦਰਜ ਕੀਤੀਆਂ ਅਤੇ ਰਸੂਖ਼ਵਾਨ ਵਿਅਕਤੀਆਂ ਤੋਂ ਪੈਸੇ ਵਸੂਲਣ ਲਈ ਧਮਕੀ ਭਰੀਆਂ ਕਾਲਾਂ ਕਰਨ ਵਾਲੇ 99 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਈਜੀਪੀ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ 2023 ਵਿੱਚ, ਅੰਦਰੂਨੀ ਸੁਰੱਖਿਆ ਇਕਾਈ ਨੇ 67 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ 13 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਅਤੇ ਉਹਨਾਂ ਦੇ ਕਬਜ਼ੇ ‘ਚੋਂ ਦੋ ਰਾਈਫਲਾਂ, 55 ਰਿਵਾਲਵਰ/ਪਿਸਤੌਲ, ਦੋ ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀਜ਼), 2.14 ਕਿਲੋ ਆਰਡੀਐਕਸ ਹੋਰ ਵਿਸਫੋਟਕ, ਦੋ ਹੈਂਡ ਗ੍ਰਨੇਡ ਅਤੇ 111 ਡਰੋਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਡਰੋਨਾਂ ਰਾਹੀਂ ਭੇਜੀ ਗਈ 253 ਕਿਲੋ ਹੈਰੋਇਨ, 16 ਪਿਸਤੌਲਾਂ, ਏਕੇ-47 ਰਾਈਫਲ ਸਮੇਤ ਦੋ ਰਾਈਫਲਾਂ (ਮੈਗਜ਼ੀਨ ਅਤੇ ਜਿੰਦਾ ਕਾਰਤੂਸਾਂ ਸਮੇਤ) ਅਤੇ 20.26 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਾਲ 303 ਡਰੋਨ ਗਤੀਵਿਧੀਆਂ ਦੇਖੀਆਂ ਗਈਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰੱਖਿਆ ਦੀ ਦੂਜੀ ਪੰਕਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਰੱਖਣ ਲਈ ਸਰਹੱਦੀ ਖੇਤਰਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਲਈ ਪਹਿਲਾਂ ਹੀ 19.25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਡਰੋਨ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਲਈ ਦੋ ਕਮੇਟੀਆਂ ਵੀ ਬਣਾਈਆਂ ਗਈਆਂ ਸਨ।
ਉਹਨਾਂ ਕਿਹਾ ਕਿ ਏਡੀਜੀਪੀ ਸੁਰੱਖਿਆ ਐਸਐਸ ਸ੍ਰੀਵਾਸਤਵਾ ਦੀ ਅਗਵਾਈ ਵਾਲੀ ਪਹਿਲੀ ਕਮੇਟੀ ਡਰੋਨ ਖੋਜ, ਨਿਰਪੱਖਤਾ, ਪ੍ਰਭਾਵਸ਼ਾਲੀ ਪੁਲਿਸਿੰਗ, ਆਫ਼ਤ ਪ੍ਰਬੰਧਨ, ਡਰੋਨ ਸਿਖਲਾਈ ਅਤੇ ਡਰੋਨ ਫੋਰੈਂਸਿਕ ਲਈ ਡਰੋਨਾਂ ਦੀ ਕਾਨੂੰਨੀ ਵਰਤੋਂ, ਜਦੋਂ ਕਿ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਦੀ ਅਗਵਾਈ ਵਾਲੀ ਦੂਜੀ ਕਮੇਟੀ ਡਰੋਨ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ, ਡਰੋਨ ਦੀ ਵਰਤੋਂ ਲਈ ਸਿਖਲਾਈ, ਡਰੋਨਾਂ ਦਾ ਮੁਕਾਬਲਾ ਕਰਨ ਅਤੇ ਉਪਕਰਣਾਂ ਦੀ ਖਰੀਦ ਲਈ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਭਵਿੱਖੀ ਰੋਡ ਮੈਪ ਤਿਆਰ ਕਰੇਗੀ।
ਆਈਜੀਪੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣ ਲਈ ਪੰਜਾਬ ਸਰਕਾਰ ਨੇ ਆਉਣ ਵਾਲੇ ਚਾਰ ਸਾਲਾਂ ਲਈ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 746 ਸਬ-ਇੰਸਪੈਕਟਰਾਂ ਅਤੇ 144 ਸਿਵਲ ਸਪੋਰਟ ਸਟਾਫ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਦੋਂ ਕਿ ਇਨਵੈਸਟੀਗੇਸ਼ਨ ਕਾਡਰ ਵਿੱਚ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਵੱਖ-ਵੱਖ ਕਾਡਰਾਂ ਵਿੱਚ 3496 ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।
ਉਨ੍ਹਾਂ ਕਿਹਾ ਕਿ 2023 ਵਿੱਚ 2 ਕਰੋੜ ਰੁਪਏ ਦੇ 6 ਚੈੱਕ (1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ 1 ਕਰੋੜ ਰੁਪਏ ਦਾ ਐਚ.ਡੀ.ਐਫ.ਸੀ. ਬੀਮਾ ਕਵਰ) ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਅਤੇ ਇੱਕ ਹੋਮਗਾਰਡ ਦੇ ਪਰਿਵਾਰਾਂ ਨੂੰ ਸੌਂਪੇ ਗਏ।
ਆਗਾਮੀ ਪ੍ਰੋਜੈਕਟ ਬਾਰੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੇ ਉਦੇਸ਼ ਨਾਲ ਬਣਾਏ ਗਏ ਅਭਿਲਾਸ਼ੀ ਪ੍ਰੋਜੈਕਟ ਸੜਕ ਸੁਰੱਖਿਆ ਫੋਰਸ (ਐਸਐਸਐਫ) ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਐਸਐਸਐਫ ਇੱਕ ਵਿਸ਼ੇਸ਼ ਪੁਲਿਸ ਟੀਮ ਹੈ ਜੋ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਦਾ ਪਿੱਛਾ ਕਰਨ ਲਈ ਸਮਰਪਿਤ ਹੋਵੇਗੀ।
ਸੂਬੇ ਵਿੱਚ ਸੜਕੀ ਨੈਟਵਰਕ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਦੀ ਅਗਵਾਈ ਹੇਠ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਨੇ ਅਡਵਾਂਸਡ ਏਆਈ ਸਮਰੱਥਾਵਾਂ ਵਾਲੇ ਸੋਲਰ ਪਾਵਰਡ ਸਮਾਰਟ ਬੈਰੀਕੇਡ ਲਗਾਏ ਹਨ, ਜੋ ਲਾਇਸੈਂਸ ਪਲੇਟਾਂ ਨੂੰ ਬਾਰੀਕੀ ਨਾਲ ਸਕੈਨ ਕਰ ਸਕਦੇ ਹਨ, ਬਲੈਕਲਿਸਟ ਕੀਤੇ ਵਾਹਨਾਂ ਦੀ ਪਛਾਣ ਕਰ ਸਕਦੇ ਹਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਲਈ ਅਧਿਕਾਰੀਆਂ ਨੂੰ ਤੁਰੰਤ ਸੁਚੇਤ ਕਰ ਸਕਦੇ ਹਨ। ਇਹ ਬੈਰੀਕੇਡ, ਜੋ ਕਿ ਫਲੈਸ਼ਿੰਗ ਲਾਈਟਾਂ ਅਤੇ ਸਪੀਕਰ ਨਾਲ ਲੈਸ ਹਨ, 24×7 ਕੰਮ ਕਰਨ ਦੇ ਸਮਰੱਥ ਹਨ।
ਡੱਬੀ:
1. ਨਸ਼ਿਆਂ ਵਿਰੁੱਧ ਕਾਰਵਾਈ
• ਗ੍ਰਿਫਤਾਰ ਕੀਤੇ ਗਏ  ਕੁੱਲ ਨਸ਼ਾ ਤਸਕਰ/ਸਪਲਾਇਰ: 14951
• ਗ੍ਰਿਫਤਾਰ ਕੀਤੀਆਂ ਗਈਆਂ ਵੱਡੀਆਂ ਮੱਛੀਆਂ: 2424
• ਦਰਜ ਕੀਤੀਆਂ ਕੁੱਲ ਐਫ.ਆਈ.ਆਰ: 10786
• ਵਪਾਰਕ ਮਾਮਲਿਆਂ ‘ਚ ਦਰਜ ਐਫ.ਆਈ.ਆਰਜ਼ : 1385
• ਜ਼ਬਤ ਕੀਤੀ ਸੰਪੱਤੀ: 127 ਕਰੋੜ ਰੁਪਏ ਦੀਆਂ 294 ਜਾਇਦਾਦਾਂ
• ਕੁੱਲ ਹੈਰੋਇਨ ਬਰਾਮਦ: 1161.23 ਕਿਲੋਗ੍ਰਾਮ
• ਕੁੱਲ ਅਫੀਮ ਬਰਾਮਦ: 795.65 ਕਿਲੋਗ੍ਰਾਮ
• ਕੁੱਲ ਭੁੱਕੀ ਬਰਾਮਦ: 403 ਕੁਇੰਟਲ
• ਫਾਰਮਾ ਓਪੀਔਡਜ਼ ਦੀਆਂ ਬਰਾਮਦ ਕੀਤੀਆਂ ਕੁੱਲ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ: 83.17 ਲੱਖ
• ਕੁੱਲ ਡਰੱਗ ਮਨੀ ਬਰਾਮਦ: 13.67 ਕਰੋੜ ਰੁਪਏ
• ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਭਗੌੜੇ ਅਪਰਾਧੀਆਂ/ਭਗੌੜਿਆਂ ਦੀ ਕੁੱਲ ਗਿਣਤੀ: 673
• ਐਨ.ਡੀ.ਪੀ.ਐਸ. ਐਕਟ ਦੀ ਧਾਰਾ 64-ਏ ਤਹਿਤ ਮੁੜ ਵਸੇਬੇ ਦਾ ਪ੍ਰਣ ਕਰਨ ਵਾਲੇ ਨਸ਼ਾ ਪੀੜਤਾਂ ਦੀ ਗਿਣਤੀ: 65
• ਪੀਆਈਟੀ-ਐਨਡੀਪੀਐਸ ਐਕਟ ਤਹਿਤ ਭੇਜੇ ਗਏ ਪ੍ਰਸਤਾਵ: 55
2. ਗੈਂਗਸਟਰਾਂ ਵਿਰੁੱਧ ਕਾਰਵਾਈ
• ਪਰਦਾਫਾਸ਼ ਕੀਤੇ ਗਏ ਮਾਡਿਊਲਾਂ ਦੀ ਗਿਣਤੀ: 188
•  ਗ੍ਰਿਫਤਾਰ ਗੈਂਗਸਟਰ/ਅਪਰਾਧੀ: 482
• ਪੁਲਿਸ ਮੁਕਾਬਲੇ: 60
•ਮਾਰੇ ਗਏ ਗੈਂਗਸਟਰ/ਅਪਰਾਧੀ: 9
• ਜ਼ਖਮੀ ਹੋਏ ਗੈਂਗਸਟਰ/ਅਪਰਾਧੀ: 32
• ਸ਼ਹੀਦ ਹੋਏ ਪੁਲਿਸ ਮੁਲਾਜ਼ਮ: 1
• ਜ਼ਖਮੀ ਹੋਏ ਪੁਲਿਸ ਕਰਮਚਾਰੀ: 6
• ਬਰਾਮਦ ਹਥਿਆਰ: 519
ਗੈਂਗਸਟਰਾਂ ਤੋਂ ਬਰਾਮਦ ਹੈਰੋਇਨ: 4.56 ਕਿਲੋਗ੍ਰਾਮ
• ਬਰਾਮਦ ਕੀਤੇ ਵਾਹਨ: 102
3. ਅੱਤਵਾਦੀਆਂ ਵਿਰੁੱਧ ਕਾਰਵਾਈ
•  ਪਰਦਾਫਾਸ਼ ਕੀਤੇ ਗਏ ਦਹਿਸ਼ਤੀ ਮਾਡਿਊਲ: 13
• ਗ੍ਰਿਫਤਾਰ ਕੀਤੇ ਗਏ ਅੱਤਵਾਦੀ: 67
• ਬਰਾਮਦ ਕੁੱਲ ਰਾਈਫਲਾਂ: 2
• ਬਰਾਮਦ ਕੁੱਲ ਰਿਵਾਲਵਰ/ਪਿਸਤੌਲ: 55
• ਬਰਾਮਦ ਕੁੱਲ ਟਿਫਿਨ ਆਈ.ਈ.ਡੀਜ਼: 2
• ਬਰਾਮਦ ਕੀਤੇ ਆਰਡੀਐਕਸ ਅਤੇ ਹੋਰ ਵਿਸਫੋਟਕ ਸਮੱਗਰੀ: 2.14 ਕਿਲੋਗ੍ਰਾਮ
• ਬਰਾਮਦ ਕੁੱਲ ਹੈਂਡ ਗ੍ਰਨੇਡ: 2
•  ਦੇਖੀਆਂ ਗਈਆਂ ਡਰੋਨ ਗਤੀਵਿਧੀਆਂ: 303
• ਬਰਾਮਦ ਡਰੋਨ: 111
4.  ਸਾਲ 2023 ਵਿੱਚ ਛੇ ਹਾਈ-ਪ੍ਰੋਫਾਈਲ ਕੇਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਲਝਾਇਆ
– ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਤੇ ਤਿੰਨ ਘੱਟ ਦਰਜੇ ਦੇ ਵਿਸਫੋਟਕ ਧਮਾਕੇ
– ਬਟਾਲਾ ਅਧਾਰਤ ਹਿੰਦੂ ਸ਼ਿਵ ਸੈਨਾ (ਸਮਾਜਵਾਦੀ) ਨੇਤਾ ‘ਤੇ ਕਾਤਲਾਨਾ ਹਮਲਾ
– ਬਠਿੰਡਾ ਵਿਖੇ ਕੁਲਚੇ ਦੀ ਦੁਕਾਨ ਦੇ ਮਾਲਕ ਦਾ ਕਤਲ
– ਲੁਧਿਆਣਾ ਵਿੱਚ ਡਕੈਤੀ
– ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਸਾਬਕਾ ਸਰਪੰਚ ਦਾ ਕਤਲ
– ਬਦਮਾਸ਼ਾਂ ਵੱਲੋਂ ਲੁਧਿਆਣਾ ਦੇ ਉਦਯੋਗਪਤੀ ਨੂੰ ਅਗਵਾ ਕਰਕੇ ਉਸਨੂੰ ਲੁੱਟਣ ਅਤੇ ਗੋਲੀ ਮਾਰਨ ਦਾ ਮਾਮਲਾ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!