ਪੰਜਾਬ
ਵਿਕਾਸ ਕਾਰਜਾਂ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਿਆ ਦਿੜ੍ਹਬਾ: ਹਰਪਾਲ ਚੀਮਾ
ਦਿੜ੍ਹਬਾ ਹਲਕੇ ਵਿੱਚ 7.5 ਕਰੋੜ ਦੀ ਲਾਗਤ ਨਾਲ ਲਹਿਰਾਗਾਗਾ ਮੇਨ ਡਰੇਨ ਅਤੇ ਛੋਟੀਆਂ ਡਰੇਨਾਂ ਉਤੇ ਬਣਨਗੇ 16 ਪੁਲ, 4 ਕਰੋੜ ਜਾਰੀ
ਮਹਿਲਾਂ/ਦਿੜ੍ਹਬਾ, 15 ਮਾਰਚ, (ਦਲਜੀਤ ਕੌਰ ) : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਹਲਕਾ ਦਿੜਬਾ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਕੁਝ ਨਵੇਂ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖੇ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦਿੜਬਾ ਵਿੱਚ ਵਿਕਾਸ ਕਾਰਜਾਂ ਪੱਖੋਂ ਕਿਸੇ ਵੀ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਇਸੇ ਕਰਕੇ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ, ਪੰਜਾਬ ਦੇ ਸਭ ਤੋਂ ਵੱਧ ਵਿਕਾਸ ਕਾਰਜ ਕਰਵਾਉਣ ਵਾਲੇ ਹਲਕਿਆਂ ਵਿੱਚ ਪਹਿਲੇ ਸਥਾਨ ਤੇ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੜ੍ਹਬਾ ਹਲਕੇ ਵਿੱਚ 7.5 ਕਰੋੜ ਦੀ ਲਾਗਤ ਨਾਲ ਲਹਿਰਾਗਾਗਾ ਮੇਨ ਡਰੇਨ ਅਤੇ ਇਸ ਵਿੱਚ ਪੈਂਦੀਆਂ ਹੋਰ ਛੋਟੀਆਂ ਡਰੇਨਾਂ ਉਤੇ ਪੁਲਾਂ ਦੇ ਨਿਰਮਾਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਨਾਂ 16 ਪੁਲਾਂ ਦੇ ਨਿਰਮਾਣ ਉੱਤੇ ਕੁੱਲ 7.5 ਕਰੋੜ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਜਰੂਰਤਾਂ ਤੋਂ ਭਲੀਭਾਂਤ ਜਾਣੂ ਹਾਂ ਅਤੇ ਯੋਜਨਾਬਧ ਢੰਗ ਨਾਲ ਸਾਰੇ ਵਿਕਾਸ ਕੰਮ ਸਮੇਂ ਸਿਰ ਨੇਪਰੇ ਚੜਾਉਣ ਲਈ ਵਚਨਬੱਧ ਹਾਂ।
ਹਲਕਾ ਦਿੜ੍ਹਬਾ ਵਿੱਚ ਇਨੀ ਵੱਡੀ ਤਾਦਾਦ ਵਿੱਚ ਵਿਕਾਸ ਕਾਰਜ ਚਲਾਏ
ਕੈਬਨਿਟ ਮੰਤਰੀ ਨੇ ਕਿਹਾ ਕਿ ਇਹਨਾਂ ਦੋ ਸਾਲਾਂ ਵਿੱਚ ਮਾਨ ਸਰਕਾਰ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਇਨੀ ਵੱਡੀ ਤਾਦਾਦ ਵਿੱਚ ਵਿਕਾਸ ਕਾਰਜ ਚਲਾਏ ਹਨ ਜਿੰਨੇ ਕਿ ਪਿਛਲੇ 50 ਸਾਲਾਂ ਵਿੱਚ ਵੀ ਕਿਸੇ ਸਰਕਾਰ ਵੱਲੋਂ ਨਹੀਂ ਕਰਵਾਏ ਗਏ ਹੋਣੇ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਅੱਜ ਪੰਜਾਬ ਦੇ ਉਹਨਾਂ ਪਿੰਡਾਂ ਵਿੱਚ ਵੀ ਨਹਿਰੀ ਪਾਣੀ ਪਹੁੰਚ ਸਕਿਆ ਹੈ ਜਿੱਥੇ ਕਿ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਕਿਸਾਨ ਅਤੇ ਪਿੰਡ ਵਾਸੀ ਨਹਿਰੀ ਪਾਣੀ ਹਾਸਲ ਕਰਨ ਨੂੰ ਤਰਸ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਪੰਜਾਬ ਦੇ ਹਰ ਖੇਤ ਤੱਕ ਢੁਕਵੀਆਂ ਪਾਈਪ ਲਾਈਨਾਂ ਦੇ ਰਾਹੀਂ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਾਰੇ ਨਾਗਰਿਕ ਸੁਚੇਤ ਹੋ ਕੇ ਪਾਣੀ ਦੀ ਸੰਜਮ ਨਾਲ ਵਰਤੋਂ ਨਾ ਕਰਨ ਲੱਗੇ ਤਾਂ ਇਸ ਦੇ ਮਾੜੇ ਸਿੱਟੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ।
1.12 ਕਰੋੜ ਦੀ ਲਾਗਤ ਨਾਲ ਬਣੇ ਸ਼ੈਡਾਂ ਦਾ ਉਦਘਾਟਨ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਹਿਲਾਂ ਅਤੇ ਸੂਲਰ ਘਰਾਟ ਵਿਖੇ ਅਨਾਜ ਮੰਡੀਆਂ ਵਿੱਚ ਦੋ ਨਵੇਂ ਸ਼ੈਡਾਂ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਮਹਿਲਾਂ ਵਿਖੇ 100 ਫੁੱਟ x 50 ਫੁੱਟ ਦਾ ਸ਼ੈਡ ਤਿਆਰ ਹੋਇਆ ਹੈ ਜਿਸ ਉੱਤੇ 23 ਲੱਖ 68 ਹਜਾਰ ਰੁਪਏ ਦੀ ਲਾਗਤ ਆਈ ਹੈ ਜਦਕਿ ਸੂਲਰ ਘਰਾਟ ਵਿਖੇ 88 ਲੱਖ ਰੁਪਏ ਦੀ ਲਾਗਤ ਨਾਲ 75×200 ਫੁੱਟ ਦਾ ਸ਼ੈਡ ਤਿਆਰ ਕੀਤਾ ਗਿਆ ਹੈ।
300 ਯੂਨਿਟ ਮੁਫਤ ਬਿਜਲੀ ਮੁਹਈਆ ਕਰਵਾ ਕੇ ਇਤਿਹਾਸਕ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੋ ਸਾਲਾਂ ਵਿੱਚ ਲਾਗੂ ਕੀਤੇ ਗਏ ਵੱਖ-ਵੱਖ ਲੋਕ ਪੱਖੀ ਫੈਸਲਿਆਂ ਬਾਰੇ ਸਾਂਝ ਪਾਉਂਦੇ ਹੋਏ ਦੱਸਿਆ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਫਲ ਸਾਬਤ ਹੋ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਦੇ ਨਾਲ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਮੁਹਈਆ ਕਰਵਾ ਕੇ ਇਤਿਹਾਸਕ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਐੱਸਡੀਐੱਮ ਰਾਜੇਸ਼ ਸ਼ਰਮਾ, ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਸਮੇਤ ਹੋਰ ਅਧਿਕਾਰੀ ਤੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।