ਪੰਜਾਬ
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ ‘ਮੈਨੂੰ ਬੰਦਾ ਪਸੰਦ ਏ’ ਹੋਇਆ ਲੋਕ-ਅਰਪਣ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਨਵਾਂ ਕਹਾਣੀ ਸੰਗ੍ਰਹਿ ‘ਮੈਨੂੰ ਬੰਦਾ ਪਸੰਦ ਏ’ ਲੋਕ ਅਰਪਿਤ ਹੋਇਆ ਜਿਸ ਤੇ ਵਿਚਾਰ ਚਰਚਾ ਕੀਤੀ ਗਈ।
ਡਾ. ਸੋਹਲ ਹੁਣ ਤੱਕ 33 ਕਿਤਾਬਾਂ ਲਿੱਖ ਚੁੱਕੇ ਹਨ ਅਤੇ ਪੰਜਾਬੀ ਵਿੱਚ ਕਹਾਣੀਆਂ ਦੀ ਇਹ ਦੂਜੀ ਕਿਤਾਬ ਹੈ।
ਇਸ ਵਿੱਚ 11 ਕਹਾਣੀਆਂ ਹਨ ਜਿਹਨਾਂ ਵਿੱਚ ਔਰਤ-ਮਰਦ ਦੀ ਸਹਿ ਹੋਂਦ ਤੇ ਆਪਸੀ ਰਿਸ਼ਤਿਆਂ ਦੇ ਤਾਣੇ ਬਾਣੇ ਬਾਰੇ ਖੁਲ੍ਹ ਕੇ ਗੱਲ ਹੁੰਦੀ ਹੈ। ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਉੱਘੇ ਲੇਖਕਾਂ ਅਤੇ ਚਿੰਤਕਾਂ ਵਿਚ ਡਾ. ਰਵੇਲ ਸਿੰਘ, ਡਾ. ਅਮਰਜੀਤ ਸਿੰਘ ਗਰੇਵਾਲ, ਡਾ. ਪਰਵੀਨ ਸ਼ੇਰੋਂ, ਲੇਖਿਕਾ ਡਾ. ਸਰਬਜੀਤ ਕੌਰ ਸੋਹਲ,
ਡਾ. ਕੁਲਦੀਪ ਸਿੰਘ ਦੀਪ, ਡਾ. ਅਮਰਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਪਿਆਰਾ ਲਾਲ ਗਰਗ, ਬਲਕਾਰ ਸਿੱਧੂ ਅਤੇ ਭੁਪਿੰਦਰ ਸਿੰਘ ਮਲਿਕ ਨੇ ਸ਼ਿਰਕਤ ਕੀਤੀ। ਸਾਰਿਆਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸੰਵੇਦਨਸ਼ੀਲ ਮਨ ਦੀ ਜਰਖੇਜ਼ ਭੋਇੰ ਤੇ ਸਾਹਿਤ ਦੇ ਵੰਨ ਸੁਵੰਨੇ ਰੂਪ ਜਨਮ ਲੈਂਦੇ ਹਨ।
ਮੰਚ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਂਉਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨ-ਜਿਸਮ ਤੇ ਜਿਨਸੀ ਰਿਸ਼ਤਿਆਂ ਦਾ ਆਪਣਾ ਇੱਕ ਸੱਚ ਹੈ ਜਿਸ ਨੂੰ ਲੇਖਿਕਾ ਨੇ ਸੰਜੀਦਗੀ ਨਾਲ ਬਿਆਨ ਕੀਤਾ ਹੈ।
ਮੁੱਖ ਪਰਚਾ ਪੜ੍ਹਦਿਆਂ ਉੱਘੇ ਚਿੰਤਕ ਤੇ ਸਕਾਲਰ ਡਾ. ਪ੍ਰਵੀਨ ਸ਼ੇਰੋਂ ਨੇ ਆਖਿਆ ਕਿ ਸਰਬਜੀਤ ਸੋਹਲ ਨੇ ਨਾਰੀ ਦੀ ਮਰਦ ਸਮਾਨ ਹੋਂਦ ਤੇ ਹੱਕਾਂ ਦਾ ਇਕ ਨਵਾਂ ਪਸਾਰ ਜੋੜਿਆ ਹੈ।ਓਹਨਾਂ ਨੇ ਕਿਹਾ ਕਿ ਜਿੱਥੇ ਬਾਕੀ ਸਮਕਾਲੀ ਕਹਾਣੀਕਾਰਾਂ ਸਵੈ ਦੀ ਹੋਂਦ ਦੇ ਪਸਾਰ ਦੀ ਗੱਲ ਕਰਦੀਆਂ ਹਨ,ਓਥੇ ਸਰਬਜੀਤ ਦੀਆਂ ਕਹਾਣੀਆਂ ਪੋਸਟ ਫੈਮਿਨਿਜ਼ਮ ਦੀ ਬਾਤ ਪਾਉਂਦੀਆਂ ਹਨ।
ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸੋਹਲ ਇਕ ਚੇਤਨ ਕਥਾਕਾਰਾ ਹੈ ਅਤੇ ਸਮੇਂ ਦੀ ਲੋੜ ਅਨੁਸਾਰ ਨਵਾਂ ਬਿਰਤਾਂਤ ਸਿਰਜਣ ਦੀ ਸਮਰੱਥਾ ਰੱਖਦੀ ਹੈ।
ਸੁਰਜੀਤ ਸਿੰਘ ਧੀਰ ਨੇ ਸਰਬਜੀਤ ਸੋਹਲ ਦੇ ਕਾਵਿ ਸੰਗ੍ਰਹਿ ‘ਕਿਣਕਾ-ਕਿਣਕਾ ਹਿੰਸਾ’ ‘ਚੋਂ ਇਕ ਕਵਿਤਾ ਤਰੰਨਮ ‘ਚ ਸੁਣਾਈ।
ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਨੇ ਕਿਹਾ ਕਿ ਔਰਤ ਮਰਦ ਦੇ ਸਬੰਧਾਂ ਵਿਚ ਕੁਝ ਵੀ ਅਸੁਭਾਵਿਕ ਜਾਂ ਅਸਾਧਾਰਨ ਨਹੀਂ ਹੁੰਦਾ।
ਡਾ. ਰਵਿੰਦਰ ਢਿੱਲੋਂ ਨੇ ਇਸ ਕਹਾਣੀ ਸੰਗ੍ਰਹਿ ਨੂੰ ਆਪਣੇ ਆਪ ਵਿਚ ਵਿਲੱਖਣ ਦੱਸਿਆ।
ਪੰਜਾਬ ਯੂਨੀਵਰਸਿਟੀ ਦੇ ਡਾ. ਰਾਜੇਸ਼ ਨੇ ਸੋਹਲ ਦੀ ਲੇਖਣੀ ਦੇ ਮਿਆਰ ਨੂੰ ਬਹੁਤ ਵੱਡੇ ਬੌਧਿਕ ਪੱਧਰ ਦਾ ਦੱਸਿਆ।
ਪ੍ਰਸਿੱਧ ਨਾਟਕਕਾਰ, ਅਧਿਆਪਕ ਅਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਰਬਜੀਤ ਕੌਰ ਸੋਹਲ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਅਜਿਹੀ ਤੇਜ਼ ਦ੍ਰਿਸ਼ਟੀ ਵੀ ਰੱਖਦੀ ਹੈ ਜਿਹੜੀ ਮਨੁੱਖੀ ਮਨ ਅਤੇ ਉਸ ਦੇ ਵਿਹਾਰ ਦੇ ਆਂਤਰਿਕ ਤੇ ਅਣਦਿਸਦੇ ਦਬਾਅ-ਦਵੰਦ ਤੇ ਡਰ ਤੱਕ ਰਸਾਈ ਕਰਦੀ ਹੋਈ ਉਸ ਨੂੰ ਕਥਾ ਦੇ ਕਲਾਤਮਿਕ ਬਿੰਬਾਂ ਰਾਹੀਂ ਸੰਚਾਰਿਤ ਕਰਨ ਦੇ ਸਮਰੱਥ ਹੈ।
‘ਮੈਨੂੰ ਬੰਦਾ ਪਸੰਦ ਏ’ ਕਹਾਣੀ ਸੰਗ੍ਰਹਿ ਦੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਮਨੁੱਖ ਦਾ ਜਨਮ ਨਾ ਦੁੱਖ ਦੇਣ ਲਈ ਅਤੇ ਨਾ ਹੀ ਦੁੱਖ ਸਹਿਣ ਲਈ ਹੋਇਆ ਸਗੋਂ ਅਸਲ ਗੱਲ ਤਾਂ ਪਾਰ ਲਿੰਗਕ ਸਹਿ-ਹੋਂਦ ਦੀ ਹੈ।
ਮੁੱਖ ਮਹਿਮਾਨ ਡਾ. ਰਵੇਲ ਸਿੰਘ ਨੇ ਕਿ਼ਹਾ ਕਿ ਆਸੇ ਪਾਸੇ ਵਾਪਰ ਰਹੀਆਂ ਘਟਨਾਵਾਂ ਹੀ ਲੇਖਿਕਾ ਦੀਆਂ ਕਹਾਣੀਆਂ ਦੀ ਬੁਨਿਆਦ ਹਨ ਅਤੇ ਪੰਜਾਬੀ ਸਾਹਿਤ ਵਿਚ ਪਹਿਲੀ ਵਾਰ ਅਪਰਾਧਿਕ ਮਾਮਲਿਆਂ ਬਾਰੇ ਕਹਾਣੀਆਂ ਲਿਖਣ ਦੀ ਪ੍ਰਥਾ ਸਰਬਜੀਤ ਨੇ ਸ਼ੁਰੂ ਕੀਤੀ ਹੈ।
ਆਪਣੇ ਪ੍ਰਧਾਨਗੀ ਵਿਚਾਰਾਂ ਵਿਚ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮਸ਼ੀਨੀ ਯੁੱਗ ਵਿੱਚ ਦਿਲ ਦੀ ਗੱਲ ਕਰਨੀ ਲਾਜ਼ਮੀ ਹੈ।ਓਹਨਾਂ ਕਿਹਾ ਕੇ ਕਹਾਣੀ ਬੁਰਜ ਖ਼ਲੀਫ਼ਾ ਐਵੋਲੂਸ਼ਨ ਦੇ ਸਿਧਾਂਤ ਚ ਅਮੈਂਡਮੈਂਟ ਕਰਦੀ ਹੈ,ਕਹਾਣੀ ਵਿਚ ਸੰਜੂ ਦੀ ਬਾਡੀ ਸਿਰਫ ਭਾਂਡਾ ਹੈ। ਸਮਾਜ ਵਿਚਲੇ ਪਾਵਰ ਰਲੇਸ਼ਨਸ ਦਾ ਬਦਲ ਕੇਵਲ ਮੁਹੱਬਤ ਹੀ ਹੈ।
ਧੰਨਵਾਦ ਕਰਦਿਆਂ ਗੁਰਨਾਮ ਕੰਵਰ ਨੇ ਕਿਹਾ ਕਿ ਸਮਾਜ ਦੇ ਵਰਤਾਰੇ ਨਰੋਏ ਸਾਹਿਤ ਦੀ ਸਿਰਜਣਾ ਦਾ ਆਧਾਰ ਬਣਦੇ ਹਨ।
ਭਰਵੇਂ ਸਮਾਗਮ ਵਿਚ ਹੋਰਨਾਂ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਵਿਚ ਵਰਿੰਦਰ ਸਿੰਘ ਚੱਠਾ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਸਰਦਾਰਾ ਸਿੰਘ ਚੀਮਾ, ਸੁਖਵਿੰਦਰ ਕੌਰ, ਚੰਚਲ ਸਿੰਘ, ਕੁਲਵੰਤ ਕੌਰ, ਆਸ਼ਾ ਸ਼ਰਮਾ, ਪਾਲ ਅਜਨਬੀ, ਪਰਮਜੀਤ ਮਾਨ ਬਰਨਾਲਾ, ਸਵਰਨਜੀਤ ਸਵੀ, ਅਰਵਿੰਦਰ ਢਿੱਲੋਂ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਬਲਕਾਰ ਕੌਰ, ਮਨਦੀਪ ਕੌਰ, ਪ੍ਰਵੀਨ ਕੁਮਾਰ, ਤਰਸੇਮ ਰਾਜ, ਗੁਰਦੇਵ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਕੁਲਵੀਰ ਕੌਰ, ਹਰਦੀਪ ਕੌਰ, ਜੋਗਿੰਦਰ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਬਲਵਿੰਦਰ ਸਿੰਘ ਢਿੱਲੋਂ, ਹਰਜਾਪ ਸਿੰਘ ਔਜਲਾ, ਕਿਰਨ ਬੇਦੀ, ਡਾ. ਸੁਰਿੰਦਰ ਗਿੱਲ, ਅਸ਼ੋਕ ਨਾਦਿਰ, ਰਾਣੀ ਸੁਮਨ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਮੋਹਿਤ ਸ਼ਰਮਾ, ਧਿਆਨ ਸਿੰਘ ਕਾਹਲੋਂ, ਪ੍ਰੋ. ਦਿਲਬਾਗ ਸਿੰਘ, ਸ਼ਾਇਰ ਭੱਟੀ, ਸੰਜੀਵਨ ਸਿੰਘ, ਸਿਰੀ ਰਾਮ ਅਰਸ਼, ਅਤੈ ਸਿੰਘ, ਡਾ. ਮਨਜੀਤ ਸਿੰਘ, ਬਬਿਤ ਕੁਮਾਰ, ਪਿਆਰਾ ਸਿੰਘ ਰਾਹੀ, ਡਾ. ਤੇਜਿੰਦਰ ਸਿੰਘ, ਦੀਪਤੀ ਬਬੂਟਾ, ਰਿਆਜ਼ਾ ਬਬੂਟਾ, ਸਰਬਜੀਤ ਸਿੰਘ, ਗਗਨਦੀਪ ਸਿੰਘ ਢਿੱਲੋਂ, ਭੁਪਿੰਦਰ ਕੌਰ ਮਾਨ ਮੁਕਤਸਰੀ, ਦਲਜੀਤ ਕੌਰ ਦਾਊਂ, ਮਨਮੋਹਨ ਸਿੰਘ ਦਾਊਂ, ਗੁਰਚਰਨ ਸਿੰਘ, ਡਾ. ਅਮਰਦੀਪ ਕੌਰ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਹਰਬੰਸ ਸੋਢੀ, ਗੁਰਮੀਤ, ਰਜੇਸ਼ ਕੁਮਾਰ ਜਸਵਾਲ, ਅਜਾਇਬ ਸਿੰਘ ਔਜਲਾ, ਚਰਨਜੀਤ ਸਿੰਘ ਕਲੇਰ, ਨੀਰਜ ਕੁਮਾਰ ਪਾਂਡੇ, ਦਵਿੰਦਰ ਦਮਨ, ਅੰਮ੍ਰਿਤਪਾਲ ਸਿੰਘ, ਗੁਰਿੰਦਰ ਮਕਨਾ, ਸ਼ੀਨੂ ਵਾਲੀਆ, ਵਿਸ਼ਾਲ ਭੂਸ਼ਨ, ਸ਼ੀਨਾ, ਏਕਤਾ, ਸਤਪਾਲ ਭੀਖੀ, ਡਾ.ਮਨਜੀਤ ਸਿੰਘ ਬੱਲ, ਇੰਦਰਜੀਤ ਕੌਰ ਬੱਲ, ਸ਼ਮਸ਼ੀਲ ਸਿੰਘ ਸੋਢੀ ਅਤੇ ਇੰਦਰਜੀਤ ਪਰੇਮੀ ਸ਼ਾਮਲ ਸਨ।