ਪੰਜਾਬ
ਆਟੋ ਰਿਕਸ਼ਿਆਂ/ਈ ਰਿਕਸ਼ਿਆਂ ਦੇ ਡਰਾਇਵਰਾਂ ਲਈ ਵਰਦੀ ਪਾਉਣਾ ਲਾਜਮੀ
ਫਾਜ਼ਿਲਕਾ, 8 ਜੁਲਾਈ ਫਾਜ਼ਿਲਕਾ ਦੇ ਆਰਟੀਓ ਵਿਪਨ ਭੰਡਾਰੀ ਪੀਸੀਐਸ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਦੇ ਮੱਦੇਨਜਰ ਕਿਹਾ ਹੈ ਕਿ ਆਟੋ ਰਿਕਸ਼ਿਆਂ/ਈ ਰਿਕਸ਼ਿਆਂ ਅਤੇ ਸਵਾਰੀਆਂ ਢੋਹਣ ਵਾਲੇ ਵਾਹਨਾਂ ਦੇ ਡਰਾਇਵਰਾਂ ਲਈ ਵਰਦੀ ਪਾਉਣਾ ਲਾਜਮੀ ਹੈ। ਉਨਾਂ ਨੇ ਕਿਹਾ ਕਿ ਇਸ ਲਈ ਹਦਾਇਤਾਂ ਅਨੁਸਾਰ ਗ੍ਰੇਅ ਰੰਗ ਦੀ ਵਰਦੀ ਪਾਉਣੀ ਲਾਜਮੀ ਹੈ।
ਉਨ੍ਹਾਂ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਨਾਲ ਸਬੰਧਤ ਵਾਹਨਾਂ ਦੇ ਡਰਾਇਵਰ ਇੰਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਇਸਤੋਂ ਬਿਨ੍ਹਾਂ ਉਨ੍ਹਾਂ ਦੀ ਵਰਦੀ ਤੇ ਡਰਾਇਵਰ ਦਾ ਨਾਂਅ ਅਤੇ ਡਰਾਇਵਰ ਲਾਇਸੈਂਸ ਦਾ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਜਿਹੇ ਡਰਾਇਵਰਾਂ ਨੂੰ ਵਿਭਾਗ ਵੱਲੋਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਜਲਦ ਹੀ ਵਿਭਾਗ ਮੋਟਰ ਵਾਹਨ ਐਕਟ 1988 ਤਹਿਤ ਬਣਾਏ ਰੂਲਜ਼ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਵੇਗਾ।