ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੇਰਲਾ ਮਾਡਲ ਅਪਣਾਏਗਾ ਪੰਜਾਬ: ਕੁਲਦੀਪ ਸਿੰਘ ਧਾਲੀਵਾਲ
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੱਲੋਂ ਨੋਰਕਾ ਪ੍ਰੋਜੈਕਟ ਦੀ ਪੜਚੋਲ ਲਈ ਕੇਰਲਾ ਦਾ ਦੌਰਾ
ਤਿਰੂਵਨੰਤਪੁਰਮ (ਕੇਰਲ)/ਚੰਡੀਗੜ੍ਹ, 25 ਜੁਲਾਈ: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਸੂਬਾ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਵਾਸਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਕੇਰਲਾ ਮਾਡਲ ਅਪਣਾਏਗਾ। ਇਹ ਐਲਾਨ ਉਨ੍ਹਾਂ ਨੇ ਆਪਣੇ ਕੇਰਲਾ ਦੌਰੇ ਦੌਰਾਨ ਕੀਤਾ, ਜਿੱਥੇ ਉਨ੍ਹਾਂ ਵੱਲੋਂ ਨੋਰਕਾ (ਨਾਨ-ਰੈਜ਼ੀਡੈਂਟ ਕੇਰਲਾਈਟਸ ਅਫੇਅਰਜ਼) ਵਿਭਾਗ ਦੀਆਂ ਸਫਲ ਪਹਿਲਕਦਮੀਆਂ ਦਾ ਅਧਿਐਨ ਕੀਤਾ ਗਿਆ।
ਧਾਲੀਵਾਲ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਮਜ਼ਦੂਰਾਂ ਦੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਯਕੀਨੀ ਬਣਾਉਣ ਲਈ ਕੇਰਲਾ ਮਾਡਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਨਾਗਰਿਕਾਂ ਨੂੰ ਗੈਰ-ਕਾਨੂੰਨੀ ਪ੍ਰਵਾਸ ਤੋਂ ਬਚਾਉਣ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਹੀ ਰਣਨੀਤੀਆਂ ਅਪਣਾਏਗਾ।
ਪੰਜਾਬ ਸਰਕਾਰ ਨੋਰਕਾ ਵਾਂਗ ਇੱਕ ਸਮਰਪਿਤ ਏਜੰਸੀ ਦੀ ਸਥਾਪਨਾ ਕਰੇਗੀ
ਪੰਜਾਬ ਸਰਕਾਰ ਪਰਵਾਸ ਨੂੰ ਨਿਯਮਤ ਕਰਨ ਅਤੇ ਪੰਜਾਬੀ ਐਨ.ਆਰ.ਆਈਜ਼ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਨੋਰਕਾ ਵਾਂਗ ਇੱਕ ਸਮਰਪਿਤ ਏਜੰਸੀ ਦੀ ਸਥਾਪਨਾ ਕਰੇਗੀ। ਏਜੰਸੀ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ, ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਿਤ ਕਰਨ, ਪ੍ਰਵਾਸੀ ਭਾਰਤੀਆਂ ਨੂੰ ਭਲਾਈ ਸੇਵਾਵਾਂ ਪ੍ਰਦਾਨ ਕਰਨ, ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰੇਗੀ।
ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ।
ਜ਼ਿਕਰਯੋਗ ਹੈ ਕਿ ਨੋਰਕਾ (ਨਾਨ-ਰੈਜ਼ੀਡੈਂਟ ਕੇਰਲਾਈਟਸ ਅਫੇਅਰਜ਼) ਵਿਭਾਗ ਦੀ ਫੀਲਡ ਏਜੰਸੀ ਪ੍ਰਵਾਸੀ ਭਾਈਚਾਰੇ ਦੇ ਲਾਭ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ, ਸਕੀਮਾਂ ਅਤੇ ਭਲਾਈ ਪਹਿਲਕਦਮੀਆਂ ਨੂੰ ਸਰਗਰਮੀ ਨਾਲ ਲਾਗੂ ਕਰ ਰਹੀ ਹੈ। ਫੀਲਡ ਏਜੰਸੀ ਇਹ ਯਕੀਨੀ ਬਣਾਉਣ ਲਈ ਅਣਥੱਕ ਕੰਮ ਕਰ ਰਹੀ ਹੈ ਕਿ ਪ੍ਰਵਾਸੀ ਭਾਈਚਾਰੇ ਨੂੰ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਲਾਭ ਮਿਲੇ। ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਗੈਰ-ਨਿਵਾਸੀ ਕੇਰਲ ਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਅਤੇ ਉਹਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਹੈ।
ਵਫ਼ਦ ਵਿੱਚ ਪ੍ਰਮੁੱਖ ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ, ਪੰਜਾਬ ਦਲੀਪ ਕੁਮਾਰ, ਏਡੀਜੀਪੀ ਐਨਆਰਆਈ ਵਿੰਗ ਪੰਜਾਬ ਪ੍ਰਵੀਨ ਕੁਮਾਰ ਸਿਨਹਾ, ਵਧੀਕ ਸਕੱਤਰ ਐਨ.ਆਰ.ਆਈ ਮਾਮਲੇ ਵਿਭਾਗ ਪਰਮਜੀਤ ਸਿੰਘ, ਕਾਰਜਕਾਰੀ ਡਾਇਰੈਕਟਰ ਐਨ.ਆਰ.ਆਈ. ਸਭਾ ਦਰਬਾਰਾ ਸਿੰਘ ਰੰਧਾਵਾ ਸ਼ਾਮਲ ਸਨ।
ਇਸ ਮੌਕੇ ਐਨ.ਆਰ.ਆਈ. ਸੈੱਲ, ਡਾ. ਕੇ. ਵਾਸੂਕੀ ਸਕੱਤਰ ਨੋਰਕਾ, ਅਜਿਥ ਕੋਲਾਸਰੀ, ਸੀ.ਈ.ਓ. ਨੋਰਕਾ ਰੂਟਸ, ਗੀਤਕਾ ਲਕਸ਼ਮੀ ਸੀ.ਈ.ਓ. ਪਰਵਾਸੀ ਭਲਾਈ ਬੋਰਡ ਸਿੰਧੂ ਐਸ. ਸਰਕਾਰ ਦੇ ਵਧੀਕ ਸਕੱਤਰ, ਫਿਰੋਜ਼ ਸ਼ਾਹ ਆਰ.ਐਮ. ਮੈਨੇਜਰ (ਪ੍ਰੋਜੈਕਟਸ) ਨੋਰਕਾ ਰੂਟਸ, ਕਵੀ ਪ੍ਰਿਆ ਕੇ. ਸਹਾਇਕ ਨੋਰਕਾ ਰੂਟਸ ਹਾਜ਼ਰ ਸਨ।