ਬਿਨਾਂ ਪੇਪਰ ਲੀਕ ਹੋਏ ਪੰਜਾਬ ‘ਚ 43 ਹਜ਼ਾਰ ਨੌਕਰੀਆਂ ਦਿੱਤੀਆਂ, ਹਰਿਆਣਾ ‘ਚ ਹਰ ਪੇਪਰ ਹੁੰਦਾ ਹੈ ਲੀਕ : ਭਗਵੰਤ ਮਾਨ
ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸਨ, ਉਹ ਜਾਣਦੇ ਹਨ ਕਿ ਜਨਤਾ ਦਾ ਪੈਸਾ ਕਿੱਥੇ ਲਗਾਉਣਾ ਹੈ: ਭਗਵੰਤ ਮਾਨ
ਪੇਪਰ ਲੀਕ ਹੋਣ ਕਾਰਨ ਨੌਜਵਾਨਾਂ ਦੇ ਦਿਲ ਟੁੱਟਦੇ ਹਨ : ਭਗਵੰਤ ਮਾਨ
ਭਾਜਪਾ ਨੇ ਕਿਸਾਨਾਂ ਨੂੰ ਰੋਕਣ ਲਈ ਸਰਹੱਦਾਂ ਬੰਦ ਕੀਤੀਆਂ : ਭਗਵੰਤ ਮਾਨ
ਇਸ ਵਾਰ “ਹਰਿਆਣੇ ਦੇ ਲਾਲ ਅਰਵਿੰਦ ਕੇਜਰੀਵਾਲ” ਦੀ ਅਗਵਾਈ ਵਿੱਚ ਪੂਰੇ ਭਾਰਤ ਨੂੰ ਸਾਫ਼ ਕਰਨਾ ਹੈ: ਭਗਵੰਤ ਮਾਨ
ਦਿੱਲੀ ਤੇ ਪੰਜਾਬ ਵਿਚ ਹਾਲਾਤ ਸੁਧਰ ਰਹੇ ਹਨ, ਹਰਿਆਣਾ ਵਿਚ ਵੀ ਬਦਲਾਅ ਲਿਆਉਣਾ ਪਵੇਗਾ : ਅਨੁਰਾਗ ਢਾਂਡਾ
ਅਰਵਿੰਦ ਕੇਜਰੀਵਾਲ ਆਪਣੀ ਜਨਮ ਭੂਮੀ ਹਰਿਆਣਾ ਦੀ ਸੇਵਾ ਕਰਨਾ ਚਾਹਹੁੰਦੇ ਹਨ: ਅਨੁਰਾਗ ਢਾਂਡਾ
ਬਰਵਾਲਾ/ਡੱਬਵਾਲੀ, 26 ਜੁਲਾਈ
ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ਵਿੱਚ ਉਤਰ ਚੁੱਕੀ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਬਰਵਾਲਾ ਅਤੇ ਡੱਬਵਾਲੀ ਤੋਂ ਪਰਿਵਰਤਨ ਜਨ ਸੰਵਾਦ ਰੈਲੀ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਅਗਲੇ 15 ਦਿਨਾਂ ਵਿੱਚ ਹਰਿਆਣਾ ਵਿੱਚ 45 ਰੈਲੀਆਂ ਕਰੇਗੀ। ਇਸ ਦੌਰਾਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਵੀ ਮੌਜੂਦ ਸਨ। ਪਰਿਵਰਤਨ ਜਨਸੰਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਘਰ ਤੋਂ ਚੱਲਿਆ ਹਰ ਕਦਮ ਸਾਡੇ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਇੰਨੀ ਵੱਡੀ ਗਿਣਤੀ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਅੱਜ ਹਰਿਆਣਾ ਵਿੱਚ ਨਵੀਂ ਕਹਾਣੀ ਲਿਖਣਾ ਚਾਹੁੰਦੇ ਹੋ। ਇਨ੍ਹਾਂ ਨੂੰ ਰਾਜ ਕਰਦਿਆਂ ਅਣਗਿਣਤ ਸਾਲ ਹੋ ਗਏ ਹਨ, ਲੋਕਾਂ ਨੇ ਹਰ ਪਾਰਟੀ ਨੂੰ ਵੋਟਾਂ ਪਾਈਆਂ ਪਰ ਇਨ੍ਹਾਂ ਸਾਰਿਆਂ ਨੇ ਹਰਿਆਣੇ ਦਾ ਦਿਲ ਤੋੜਿਆ ਅਤੇ ਹਰਿਆਣੇ ਨੂੰ ਲੁੱਟਿਆ। ਜੇਕਰ ਕਿਸੇ ਡਾਕਟਰ ਤੋਂ ਬਿਮਾਰੀ ਠੀਕ ਨਹੀਂ ਹੁੰਦੀ ਤਾਂ ਡਾਕਟਰ ਨੂੰ ਬਦਲਣਾ ਚਾਹੀਦਾ ਹੈ। ਇਸ ਲਈ ਇਸ ਵਾਰ ਹਰਿਆਣਾ ਦੇ ਲੋਕਾਂ ਨੂੰ ਬਦਲਾਅ ਲਈ ਵੋਟ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਲੋਕ ਮਿਹਨਤੀ ਹਨ। ਸਾਨੂੰ ਸਭ ਕੁਝ ਮਿਲ ਗਿਆ, ਪਰ ਨੇਕ ਤੇ ਸੱਚੇ ਇਰਾਦੇ ਵਾਲੇ ਆਗੂ ਨਹੀਂ ਮਿਲੇ। ਸਾਰੇ ਆਗੂਆਂ ਨੇ ਆਪਣੇ ਘਰ ਭਰਨ ਦਾ ਕੰਮ ਕੀਤਾ। ਆਮ ਲੋਕਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਹੁਣ ਇਸ ਸਿਸਟਮ ਨੂੰ ਬਦਲਣਾ ਪਵੇਗਾ। ਪੰਜਾਬ ਵਿੱਚ ਸਿਰਫ਼ ਢਾਈ ਸਾਲਾਂ ਵਿੱਚ 43 ਹਜ਼ਾਰ ਨੌਕਰੀਆਂ ਦੇਣ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ। ਆਮ ਆਦਮੀ ਪਾਰਟੀ ਨੇ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ। ਸਾਧਾਰਨ ਘਰਾਂ ਦੇ ਬੱਚੇ ਅਫ਼ਸਰ ਬਣ ਰਹੇ ਹਨ। ਹਰਿਆਣਾ ਵਾਂਗ ਪੰਜਾਬ ਵਿੱਚ ਪੇਪਰ ਲੀਕ ਨਹੀਂ ਹੋਏ। ਪੇਪਰ ਲੀਕ ਹੋਣ ਕਾਰਨ ਨੌਜਵਾਨਾਂ ਦੇ ਦਿਲ ਟੁੱਟਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਛੋਟੇ ਅਤੇ ਵੱਡੇ ਭਰਾ ਹਨ। ਅਸੀਂ ਪੰਜਾਬ ਵਿੱਚ ਜੋ ਗਾਰੰਟੀ ਦਿੱਤੀ ਸੀ ਅਸੀਂ ਹਰਿਆਣਾ ਦੇ ਲੋਕਾਂ ਨੂੰ ਵੀ ਦੇ ਰਹੇ ਹਾਂ। ਜਦੋਂ ਅਸੀਂ ਪੰਜਾਬ ਵਿੱਚ ਮੁਫ਼ਤ ਬਿਜਲੀ ਦੀ ਗਰੰਟੀ ਦੇ ਰਹੇ ਸੀ ਤਾਂ ਵਿਰੋਧੀ ਕਹਿੰਦੇ ਸਨ ਕਿ ਇਹ ਸੰਭਵ ਨਹੀਂ, ਪੈਸਾ ਕਿੱਥੋਂ ਆਵੇਗਾ। ਪਰ ਸਾਨੂੰ ਪਤਾ ਸੀ ਕਿ ਇਹ ਪੈਸਾ ਉਨ੍ਹਾਂ ਦੀ ਹੀ ਜੇਬ ਵਿੱਚੋਂ ਆਵੇਗਾ। ਇਸ ਲਈ ਮਾਰਚ ਵਿੱਚ ਸਰਕਾਰ ਬਣਦੇ ਹੀ ਅਸੀਂ ਜੁਲਾਈ ਵਿੱਚ ਦੋ ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ। ਅੱਜ 90 ਫ਼ੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਦੇ ਕਮਿਸ਼ਨਰ ਸਨ। ਉਹ ਜਾਣਦੇ ਹਨ ਕਿ ਟੈਕਸ ਦਾ ਪੈਸਾ ਕਿੱਥੇ ਖ਼ਰਚ ਕਰਨਾ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਅਜਿਹੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਕਿ ਗ਼ਰੀਬ ਬੱਚੇ ਵੀ ਨੀਟ ਅਤੇ ਜੇਈਈ ਦੇ ਪੇਪਰ ਪਾਸ ਕਰਕੇ ਡਾਕਟਰ ਅਤੇ ਇੰਜੀਨੀਅਰ ਬਣ ਰਹੇ ਹਨ। ਦਿੱਲੀ ਵਿੱਚ ਅਮੀਰ-ਗ਼ਰੀਬ ਦੇ ਬੱਚੇ ਇੱਕੋ ਬੈਂਚ ‘ਤੇ ਬੈਠ ਕੇ ਪੜ੍ਹਦੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੀ ਇਹੀ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਇੱਕ ਘਰ ਵਿੱਚ ਦੋ ਧੀਆਂ ਹਨ ਅਤੇ ਦੋਵੇਂ ਜੱਜ ਬਣ ਗਈਆਂ ਹਨ।
ਉਨ੍ਹਾਂ ਕਿਹਾ ਕਿ 10 ਸਾਲ ਹੋ ਗਏ ਹਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਨਾ ਤਾਂ ਨੌਕਰੀਆਂ ਦਿੱਤੀਆਂ ਹਨ ਅਤੇ ਨਾ ਹੀ ਸੜਕਾਂ ਬਣਾਈਆਂ ਹਨ, ਸੀਵਰੇਜ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਹੁਣ ਤੱਕ 17 ਟੋਲ ਪਲਾਜ਼ੇ ਬੰਦ ਕਰ ਚੁੱਕੀ ਹੈ। ਇਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਹ ਟੋਲ ਪਲਾਜ਼ੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਮਿਲੀਭੁਗਤ ਨਾਲ ਚਲਾਏ ਜਾ ਰਹੇ ਸਨ। ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ। ਬਰਵਾਲਾ ਵਿੱਚ 15 ਮਿੰਟਾਂ ਵਿੱਚ ਹੀ ਮੀਂਹ ਪੈਣ ਨਾਲ ਕਿਸ਼ਤੀ ਨਿਕਾਲਣ ਦੀ ਨੌਬਤ ਆ ਜਾਂਦੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਭਾਜਪਾ ਨੇ ਸਰਹੱਦਾਂ ਬੰਦ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਰਾਹਾਂ ਵਿੱਚ ਮੇਖ਼ਾਂ ਪਾ ਦਿੱਤੀਆਂ। ਜੇਕਰ ਕਿਸਾਨ ਦਿੱਲੀ ਨਹੀਂ ਜਾਵੇਗਾ ਤਾਂ ਕਿ ਲਾਹੌਰ ਜਾਵੇਗਾ? 750 ਕਿਸਾਨ ਸ਼ਹੀਦ ਹੋਏ ਪਰ ਉਨ੍ਹਾਂ ਦੀ ਕੋਈ ਚਿੰਤਾ ਨਹੀਂ।
ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਸਨ ਕਿ 400 ਪਾਰ, ਪਰ ਇਸ ਵਾਰ ਬੇੜਾ ਵੀ ਪਾਰ ਨਹੀਂ ਹੋਇਆ। ਭਾਜਪਾ ਬੈਸਾਖੀ ਦੇ ਸਹਾਰੇ ਸਰਕਾਰ ਚਲਾ ਰਹੀ ਹੈ। ਇਹ ਜਨਤਾ ਹੈ, ਸਭ ਨੂੰ ਪਤਾ ਹੈ, ਆਮ ਆਦਮੀ ਪਾਰਟੀ ਦਿਲਾਂ ‘ਤੇ ਰਾਜ ਕਰਦੀ ਹੈ। ਹਰਿਆਣਾ ਦੀ ਸੀਵਾਨੀ ਮੰਡੀ ਦੇ ਇੱਕ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਅਰਵਿੰਦ ਕੇਜਰੀਵਾਲ ਆਈਆਰਐਸ ਦਾ ਪੇਪਰ ਪਾਸ ਕਰਕੇ ਵੀ ਦਿੱਲੀ ਦੀਆਂ ਝੁੱਗੀਆਂ ਵਿੱਚ ਸੇਵਾ ਕਰ ਰਿਹਾ ਸੀ। ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਭਰ ਕੇ ਆਏ ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆ ਭਰ ਦੇ ਵੱਡੇ-ਵੱਡੇ ਲੀਡਰ ਸੁਣਦੇ ਹਨ ਕਿ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਬਹੁਮਤ ਮਿਲ ਗਿਆ ਤਾਂ ਉਹ ਸੰਵਿਧਾਨ ਬਦਲ ਦੇਣਗੇ। ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਗੱਲ ਮੰਨੀ। ਭਾਜਪਾ ਸਰਕਾਰ ਗ਼ਰੀਬਾਂ ਦੇ ਖ਼ਿਲਾਫ਼ ਹੈ। ਉਹ ਨਹੀਂ ਜਾਣਦੇ ਕਿ ਗ਼ਰੀਬੀ ਕੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੀ ਹੁਣ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ। ਜੇ ਇਨ੍ਹਾਂ ਤੋਂ ਬਿਨਾਂ ਚੁੱਲ੍ਹਾ ਨਹੀਂ ਚੱਲ ਸਕਦਾ ਤਾਂ ਦੇਸ਼ ਵੀ ਨਹੀਂ ਚੱਲ ਸਕਦਾ। ਭਾਜਪਾ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸਾ ਹੈ ਅਤੇ ਉਹ ਵੋਟਾਂ ਖ਼ਰੀਦਣਗੇ। ਇਸ ਲਈ ਮੈਂ ਬਰਵਾਲਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤੁਹਾਡਾ ਲੁੱਟਿਆ ਹੋਇਆ ਪੈਸਾ ਹੈ। ਇਸ ਲਈ ਇਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਈਆਰਐਸ ਅਫ਼ਸਰ ਸਨ ਅਤੇ ਮੈਂ ਕਲਾਕਾਰ ਸੀ, ਜੇਕਰ ਅਸੀਂ ਇਹ ਕੰਮ ਕਰਦੇ ਤਾਂ ਸਾਨੂੰ ਰਾਜਨੀਤੀ ਵਿੱਚ ਆਉਣ ਦੀ ਕੀ ਲੋੜ ਸੀ। ਹੁਣ ਜੱਦ ਸਿਆਸਤ ਵਿੱਚ ਆ ਗਏ ਹਾਂ ਤਾਂ ਇਹਨਾਂ ਦਾ ਸਫ਼ਾਇਆ ਕਰਾਂਗੇ।
ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਨੂੰ ਆਪਣੀ ਜਾਇਦਾਦ ਸਮਝਦੇ ਹਨ। ਉਹ ਕਹਿੰਦੇ ਸਨ, ਤੁਸੀਂ ਪੰਜ ਸਾਲ ਅਤੇ ਮੈਂ ਪੰਜ ਸਾਲ, ਜੇ ਮੈਂ ਆਵਾਂ ਤਾਂ ਮੈਂ ਕੁਝ ਨਹੀਂ ਕਹਾਂਗਾ ਅਤੇ ਜੇ ਤੁਸੀਂ ਆਏ ਤਾਂ ਕੁਝ ਨਹੀਂ ਕਹਿਣਾ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੋਈ ਤੀਜਾ ਵਿਅਕਤੀ ਵੀ ਹੈ। ਜਿਸ ਨੇ ਪੰਜਾਬ ਅਤੇ ਦਿੱਲੀ ਵਿੱਚ ਸਫ਼ਾਇਆ ਕਰ ਦਿੱਤਾ ਹੈ, ਹੁਣ ਹਰਿਆਣੇ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਆਗੂਆਂ ਨੂੰ ਹਰਾ ਕੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। 92 ‘ਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਭਾਜਪਾ ਦੇ ਤੂਫ਼ਾਨ ਨੂੰ ਕਿਵੇਂ ਰੋਕਿਆ? ਮੈਂ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਝਾੜੂ ਨਾਲ ਚਿੱਕੜ ਸਾਫ਼ ਕਰ ਦਿੱਤਾ ਇਸ ਲਈ ਕਮਲ ਨਹੀਂ ਉੱਗਿਆ। ਪੰਜਾਬ ਵਿੱਚ ਭਾਜਪਾ ਕੋਲ ਲੋਕ ਸਭਾ ਵਿੱਚ 13 ਵਿੱਚੋਂ ਜ਼ੀਰੋ ਅਤੇ ਵਿਧਾਨ ਸਭਾ ਵਿੱਚ 117 ਵਿੱਚੋਂ 3 ਵਿਧਾਇਕ ਹਨ। ਉਹ ਇੱਕੋ ਸਕੂਟਰ ‘ਤੇ ਬੈਠ ਕੇ ਵਿਧਾਨ ਸਭਾ ਜਾ ਸਕਦੇ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੁਣ ਆਮ ਪਰਿਵਾਰਾਂ ਦੇ ਧੀ-ਪੁੱਤਰ ਵੀ ਹਰਿਆਣਾ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਲੁਟੇਰਿਆਂ ਦੇ ਹੱਥੋਂ ਚੱਦਰ ਫੜਾ ਦਿੱਤੀ ਹੈ। ਇਸ ਵਾਰ ਚੱਦਰ ਇਮਾਨਦਾਰ ਆਮ ਆਦਮੀ ਪਾਰਟੀ ਨੂੰ ਸੌਂਪ ਦਿਓ ਤੁਹਾਡੀ ਚੋਰੀ ਰੁਕ ਜਾਵੇਗੀ। ਭਾਜਪਾ ਝੂਠ ਤੋਂ ਬਾਅਦ ਝੂਠ ਬੋਲਦੀ ਹੈ। ਮੈਂ ਪਾਰਲੀਮੈਂਟ ਵਿੱਚ ਕਿਹਾ, “15 ਲੱਖ ਰੁਪਏ ਦੀ ਰਕਮ ਲਿਖਦਾ ਹਾਂ, ਤਾਂ ਕਲਮ ਰੁਕ ਜਾਂਦੀ ਹੈ, ਮੈਂ ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ, ਸਭ ਕੁਝ ਹੀ ਜੁਮਲਾ ਨਿਕਲਿਆ , ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਉਣੀ ਆਉਂਦੀ ਹੈ” ਇਸ ਵਾਰ ਉਨ੍ਹਾਂ ਦਾ ਝੂਠ ਕੰਮ ਨਹੀਂ ਆਇਆ। ਪੰਜਾਬ ਵਿੱਚ ਡੀਸੀ, ਏਡੀਸੀ ਅਤੇ ਤਹਿਸੀਲਦਾਰ ਪਿੰਡ ਦੇ ਚੌਪਾਲ ਵਿੱਚ ਬੈਠ ਕੇ ਰਜਿਸਟਰੀਆਂ ਕਰਦੇ ਹਨ। ਪੰਜਾਬ ਵਿੱਚ ਸਰਕਾਰ ਲੋਕਾਂ ਕੋਲ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਦਿੱਲੀ ਵਿੱਚ ਚੰਗੇ ਸਕੂਲ ਬਣਾਉਣ ਲਈ ਅਤੇ ਸਤੇਂਦਰ ਜੈਨ ਨੂੰ ਚੰਗੇ ਹਸਪਤਾਲ ਬਣਾਉਣ ਲਈ ਜੇਲ੍ਹ ਵਿੱਚ ਡੱਕਿਆ ਗਿਆ। ਕਿਸੇ ਨੇ ਪੀਐਮ ਮੋਦੀ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ ਸੂਫੜਾ ਸਾਫ਼ ਕਰ ਦਿੰਦੇ ਹਨ, ਇਸ ਲਈ ਅਰਵਿੰਦ ਕੇਜਰੀਵਾਲ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀ ਲਹਿਰ ਹੁੰਦੀ ਹੈ ਤਾਂ ਕਾਂਗਰਸੀ ਕਹਿੰਦੇ ਹਨ ਕਿ ਅਸੀਂ ਕਿਸਾਨ ਹਾਂ, ਜਦੋਂ ਵਪਾਰੀਆਂ ਦੀ ਲਹਿਰ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਵਪਾਰੀ ਹਾਂ। ਕਾਂਗਰਸ ਦਾ ਕੋਈ ਸਟੈਂਡ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਐਸ.ਐਸ.ਐਫ (ਰੋਡ ਸੇਫਟੀ ਫੋਰਸ) ਦੇ ਨਾਂ ਤੋਂ ਇੱਕ ਨਵੀਂ ਪੁਲਿਸ ਫੋਰਸ ਬਣਾਈ ਹੈ। ਜੋ ਸੜਕਾਂ ‘ਤੇ ਹੀ ਰਹਿੰਦੀ ਹੈ। ਉਸ ਨੇ ਸਿਰਫ਼ ਪੰਜ ਮਹੀਨਿਆਂ ਵਿੱਚ 1300 ਤੋਂ ਵੱਧ ਜਾਨਾਂ ਬਚਾਈਆਂ ਹਨ। ਸਰਕਾਰ ਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਦੇ ਹਨ, ਪਰ ਉਹ ਸਿਰਫ਼ ਝੂਠ ਬੋਲਦੇ ਹਨ। ਗੈਸ ਸਿਲੰਡਰ 1100 ਰੁਪਏ ਕਰਕੇ 100 ਰੁਪਏ ਸਸਤਾ ਹੋ ਜਾਂਦਾ ਹੈ। ਭਾਜਪਾ ਪਹਿਲੇ ਪੰਜ ਸਾਲ ਲੁੱਟਦੀ ਹੈ ਅਤੇ ਫਿਰ 100 ਰੁਪਏ ਸਸਤਾ ਕਰ ਦਿੰਦੀ ਹੈ। ਇਸ ਲਈ ਇਸ ਵਾਰ ਉਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਇਓ, ਇਸ ਵਾਰ ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾਓ। ਇਸ ਵਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੂਰੇ ਭਾਰਤ ਦੀ ਸਫ਼ਾਈ ਕੀਤੀ ਜਾਵੇਗੀ।
ਢਾਂਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਗਲੇ 15 ਦਿਨਾਂ ਵਿੱਚ 45 ਵੱਡੀਆਂ ਜਨਤਕ ਮੀਟਿੰਗਾਂ ਕਰਨ ਜਾ ਰਹੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਇਸ ਸਾਰੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਣਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਬਰਵਾਲਾ ਦੀ ਧਰਤੀ ‘ਤੇ ਪਹੁੰਚੇ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਹਰਿਆਣਾ ਵਿੱਚ ਬਦਲਾਅ ਦੀ ਮੁਹਿੰਮ ਹੈ। ਹਰਿਆਣਾ ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਲਿਆ, ਪਰ ਨਾ ਤਾਂ 24 ਘੰਟੇ ਬਿਜਲੀ ਮਿਲੀ, ਨਾ ਪੀਣ ਵਾਲਾ ਪਾਣੀ, ਨਾ ਰੁਜ਼ਗਾਰ, ਨਾ ਸਕੂਲ ਤੇ ਹਸਪਤਾਲ। ਪਹਿਲੀ ਵਾਰ ਹਰਿਆਣੇ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਇਹਨਾਂ ਮੁੱਦਿਆਂ ‘ਤੇ ਸੰਘਰਸ਼ ਸ਼ੁਰੂ ਕੀਤਾ ਅਤੇ ਸਰਦਾਰ ਭਗਵੰਤ ਮਾਨ ਦੀ ਮਦਦ ਨਾਲ ਦਿੱਲੀ ਅਤੇ ਪੰਜਾਬ ਵਿੱਚ ਬਦਲਾਅ ਹੋ ਰਿਹਾ ਹੈ। ਇੱਕ ਪਾਸੇ ਦਿੱਲੀ ਹੈ ਅਤੇ ਦੂਜੇ ਪਾਸੇ ਪੰਜਾਬ ਹੈ, ਦੋਵਾਂ ਵਿੱਚ ਹਾਲਾਤ ਸੁਧਰ ਰਹੇ ਹਨ। ਇਸ ਲਈ ਜੇਕਰ ਅਸੀਂ ਹਰਿਆਣਾ ਵਿੱਚ ਵੀ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਸੰਘਰਸ਼ ਕਰਨਾ ਪਵੇਗਾ ਅਤੇ ਅਰਵਿੰਦ ਕੇਜਰੀਵਾਲ ਦੀਆਂ ਪੰਜ ਗਰੰਟੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਭਾਜਪਾ ਨੂੰ ਖ਼ਤਮ ਕਰਨ ਆਏ ਹਾਂ ਅਤੇ ਨਾ ਹੀ ਕਾਂਗਰਸ ਨੂੰ ਖ਼ਤਮ ਕਰਨ ਲਈ। ਅਸੀਂ ਹਰਿਆਣਾ ਵਿੱਚ ਕੇਜਰੀਵਾਲ ਦੀਆਂ ਪੰਜ ਗਰੰਟੀਆਂ ਲਾਗੂ ਕਰਨ ਆਏ ਹਾਂ। ਜੋ ਵੀ ਇਨ੍ਹਾਂ ਨੂੰ ਲਾਗੂ ਕਰਨ ਦੇ ਰਾਹ ਵਿਚ ਆਵੇਗਾ, ਉਸ ਪਾਰਟੀ ਜਾਂ ਨੇਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੈ ਕਿ ਉਹ 24 ਘੰਟੇ ਮੁਫ਼ਤ ਬਿਜਲੀ ਦੇਣਗੇ, ਵਧੀਆ ਹਸਪਤਾਲ ਬਣਾਉਣਗੇ, ਵਧੀਆ ਸਰਕਾਰੀ ਸਕੂਲ ਬਣਾਉਣਗੇ, 18 ਸਾਲ ਤੋਂ ਵੱਧ ਉਮਰ ਦੀ ਹਰ ਬੇਟੀ ਨੂੰ 1000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਗੇ ਅਤੇ ਨੌਜਵਾਨਾਂ ਨੂੰ 100% ਰੁਜ਼ਗਾਰ ਦੇਣਗੇ। ਪਹਿਲਾਂ ਪੰਜਾਬ ਦੇ ਨੌਜਵਾਨ ਕੈਨੇਡਾ ਜਾਂਦੇ ਸਨ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਹ ਕੈਨੇਡਾ ਤੋਂ ਵਾਪਸ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦਾ ਮਾਣ ਸਰਦਾਰ ਭਗਵੰਤ ਮਾਨ ਹੈ, ਉਸੇ ਤਰ੍ਹਾਂ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਬਦਲਾਅ ਲਿਆਂਦਾ ਹੈ। ਉਹ ਹੁਣ ਆਪਣੀ ਜਨਮ ਭੂਮੀ ਹਰਿਆਣਾ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ।