ਪੰਜਾਬ
ਮੁਲਾਜ਼ਮ ਲਹਿਰਾਂ ਦੇ ਭੀਸ਼ਮ ਪਿਤਾਮਾ ਸਦਾ ਯਾਦ ਰੱਖੇ ਜਾਣਗੇ : ਪ੍ਰਿੰਸੀਪਲ ਬੁੱਧ ਰਾਮ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੁਲਾਜ਼ਮ ਆਗੂ ਗੁਰਮੇਲ ਸਿੱਧੂ ਨੇ ਸਵਰਗੀ ਰਣਬੀਰ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਮੋਹਾਲੀ, 28 ਜੁਲਾਈ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਬੀਤੇ ਦਿਨੀਂ ਸਵਰਗ ਸਿਧਾਰ ਚੁੱਕੇ ਮੁਲਾਜ਼ਮ ਲਹਿਰਾਂ ਦੇ ਭੀਸ਼ਮ ਪਿਤਾਮਾ ਰਣਬੀਰ ਸਿੰਘ ਢਿੱਲੋਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਡਾ. ਅਮਰਦੀਪ ਸਿੰਘ ਢਿੱਲੋਂ ਅਤੇ ਨੂੰਹ ਡਾ. ਜੀਵਨਜੋਤ ਕੌਰ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ। ਮੁਲਾਜ਼ਮ ਆਗੂ ਦਰਸ਼ਨ ਸਿੰਘ ਪਤਲੀ ਵੀ ਇਸ ਮੌਕੇ ਹਾਜ਼ਰ ਸਨ।
ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਨਾਂ ਹਮੇਸ਼ਾਂ ਗੂੰਜਦਾ ਰਹੇਗਾ
ਵਿਧਾਇਕ ਬੁੱਧ ਰਾਮ ਨੇ ਸਵਰਗੀ ਢਿੱਲੋਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਲੰਬਾ ਸਮਾਂ ਕੀਤੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਵਿੱਤੀ ਲਾਭ, ਤਰੱਕੀਆਂ ਅਤੇ ਮੁਲਾਜ਼ਮਾਂ ਦੇ ਅੜਚਣਾਂ ਵਾਲੇ ਮਸਲੇ ਸਰਕਾਰੀ ਚਿੱਠੀਆਂ ਦੇ ਹਵਾਲੇ ਅਤੇ ਆਪਣੀਆਂ ਦਲੀਲਾਂ ਨਾਲ ਹੱਲ ਕਰਵਾਉਣ ਦੀ ਹਿੰਮਤ ਰੱਖਦੇ ਸਨ ਅਤੇ ਵੱਖ-ਵੱਖ ਮਹਿਕਮਿਆਂ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੀ ਸੂਝ-ਬੂਝ ਦੀਆਂ ਤਰੀਫ਼ਾਂ ਕਰਦੇ ਸਨ। ਉਨ੍ਹਾਂ ਦਾ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਨਾਂ ਹਮੇਸ਼ਾਂ ਗੂੰਜਦਾ ਰਹੇਗਾ।
ਮੁਲਾਜ਼ਮ ਲਹਿਰਾਂ :ਲੰਬਾ ਸਮਾਂ ਰਣਬੀਰ ਸਿੰਘ ਢਿੱਲੋਂ ਦਾ ਸਾਥ ਨਿਭਾਇਆ
ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਮੁਲਾਜ਼ਮ ਲਹਿਰਾਂ ਸਮੇਂ ਸੰਘਰਸ਼ਾਂ ਦੌਰਾਨ ਲੰਬਾ ਸਮਾਂ ਰਣਬੀਰ ਸਿੰਘ ਢਿੱਲੋਂ ਦਾ ਸਾਥ ਨਿਭਾਇਆ। ਉਨ੍ਹਾਂ ਨੂੰ ਸਟੇਜਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਲਲਕਾਰਦਿਆਂ ਵੀ ਸੁਣਿਆ। ਸ੍ਰ. ਢਿੱਲੋਂ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਨਾਲ ਟਰੇਡ ਯੂਨੀਅਨ ਲਹਿਰ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।
ਇਸੇ ਦੌਰਾਨ ਮੁਲਾਜ਼ਮ ਆਗੂ ਸਤਵੰਤ ਕੌਰ ਜੌਹਲ, ਬਚਿੱਤਰ ਸਿੰਘ, ਖੁਸ਼ਵਿੰਦਰ ਕਪਿਲਾ, ਅਪਨਿੰਦਰ ਸਿੰਘ ਘੜੂੰਆਂ, ਹਰਮਿੰਦਰ ਸਿੰਘ ਬਰਾੜ ਆਦਿ ਨੇ ਵੀ ਸਵਰਗੀ ਢਿੱਲੋਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਮੁਲਾਜ਼ਮ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।