ਮੀਤ ਹੇਅਰ ਨੇ ਸੰਸਦ ਵਿੱਚ ਰਾਜਪੁਰਾ-ਚੰਡੀਗੜ੍ਹ ਰੇਲ ਸੰਪਰਕ ਦਾ ਚੁੱਕਿਆ ਮੁੱਦਾ
*ਕਿਹਾ- ਸਮੁੱਚਾ ਮਾਲਵਾ ਖੇਤਰ ਸਿਹਤ ਸਹੂਲਤਾਂ, ਸਿੱਖਿਆ ਅਤੇ ਸਰਕਾਰੀ ਕੰਮਾਂ ਲਈ ਚੰਡੀਗੜ੍ਹ ‘ਤੇ ਨਿਰਭਰ ਹੈ, ਇਸ ਲਈ ਇਸ ਨੂੰ ਰੇਲਵੇ ਨਾਲ ਜੋੜਨਾ ਬਹੁਤ ਜ਼ਰੂਰੀ*
*ਕਿਹਾ – ਪਹਿਲਾਂ ਇਹ ਪੂਰਾ ਨਹੀਂ ਹੋ ਸਕਿਆ ਕਿਉਂਕਿ ਇਸ ਰੂਟ ‘ਤੇ ਸਿਆਸੀ ਪਰਿਵਾਰ ਦੀਆਂ ਬੱਸਾਂ ਚਲਦੀਆਂ ਸਨ, ਪਰ ਹੁਣ ਸੂਬੇ ‘ਚ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਇਸ ਨੂੰ ਪੂਰਾ ਸਮਰਥਨ ਹੈ*
*ਮੀਤ ਹੇਅਰ ਨੇ ਰੇਲਵੇ ਵਿੱਚ ਬਜ਼ੁਰਗ ਨਾਗਰਿਕਾਂ, ਟਰਾਂਸਜੈਂਡਰਾਂ ਅਤੇ ਔਰਤਾਂ ਨੂੰ ਦਿੱਤੀ ਗਈ ਢਿੱਲ ਮੁੜ ਸ਼ੁਰੂ ਕਰਨ ਦੀ ਵੀ ਕੀਤੀ ਅਪੀਲ*
*ਪੰਜਾਬ ਦੀ ਇੰਡਸਟਰੀ ਲਈ ਈਡੀਐਫਸੀ ਦਾ ਰੂਟ ਲੁਧਿਆਣਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਤੱਕ ਵਧਾਇਆ ਜਾਵੇ-ਮੀਤ ਹੇਅਰ*
ਚੰਡੀਗੜ੍ਹ, 31 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬੁੱਧਵਾਰ ਨੂੰ ਸੰਸਦ ਵਿੱਚ ਮਾਲਵਾ ਖੇਤਰ ਲਈ ਰਾਜਪੁਰਾ-ਚੰਡੀਗੜ੍ਹ ਰੇਲ ਸੰਪਰਕ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ । ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਲੋਕ ਸਿਹਤ ਸਹੂਲਤਾਂ, ਸਿੱਖਿਆ ਅਤੇ ਸਰਕਾਰੀ ਕੰਮਾਂ ਲਈ ਚੰਡੀਗੜ੍ਹ ‘ਤੇ ਨਿਰਭਰ ਕਰਦੇ ਹਨ, ਇਸ ਲਈ ਇਸ ਮਾਰਗ ਨੂੰ ਰੇਲਵੇ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ।
ਮੀਤ ਹੇਅਰ ਨੇ ਇਸ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਹਿਲਾਂ ਇਹ ਰੂਟ ਪੂਰਾ ਨਹੀਂ ਹੋ ਸਕਿਆ, ਕਿਉਂਕਿ ਇਸ ਰੂਟ ‘ਤੇ ਸਿਆਸੀ ਪਰਿਵਾਰ ਦੀਆਂ ਬੱਸਾਂ ਚਲਦੀਆਂ ਸਨ। ਪਰ ਹੁਣ ਸੂਬੇ ‘ਚ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੁਣ ਅਜਿਹਾ ਇਸ ਲਈ ਸੰਭਵ ਹੋ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਉਹ ਰਸਤਾ ਪੂਰਾ ਕੀਤਾ ਜਾਵੇ। ਇਸ ਨਾਲ ਲੋਕਾਂ ਨੂੰ ਆਰਥਿਕ ਤੌਰ ‘ਤੇ ਵੀ ਫ਼ਾਇਦਾ ਹੋਵੇਗਾ ਅਤੇ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ‘ਚ ਵੀ ਕਮੀ ਆਵੇਗੀ, ਬਸ਼ਰਤੇ ਰੇਲਵੇ ‘ਤੇ ਹਾਦਸੇ ਘੱਟ ਹੋਣ।
.
ਮੀਤ ਹੇਅਰ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਸੁਨਾਮ ਦੇ ਵਸਨੀਕ ਸਨ, ਜੋ ਕਿ ਮੇਰੇ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਅੱਜ ਉਨ੍ਹਾਂ ਦਾ ਸ਼ਹੀਦੀ ਦਾ ਦਿਨ ਹੈ।
ਉਨ੍ਹਾਂ ਇੱਕ ਹੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਰੇਲਵੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਦਿੱਤੀ ਜਾਣ ਵਾਲੀ ਰਿਆਇਤਾਂ ਬੰਦ ਕਰ ਦਿੱਤੀਆਂ ਹੈ, ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ, ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜ਼ਨ ਰੇਲਵੇ ਵਿੱਚ ਸਫ਼ਰ ਕਰਦੇ ਹਨ। ਜਿੱਥੇ ਪਹਿਲਾਂ ਟਰਾਂਸਜੈਂਡਰਾਂ ਨੂੰ 40% ਰਿਆਇਤ ਮਿਲਦੀ ਸੀ ਅਤੇ ਔਰਤਾਂ ਨੂੰ 50% ਰਿਆਇਤ ਮਿਲਦੀ ਸੀ, ਉਹ ਵੀ ਇਸ ਸਾਲ ਦੇ ਬਜਟ ਵਿੱਚ ਬੰਦ ਕਰ ਦਿੱਤੀ ਗਈ ਹੈ, ਇਸ ਨੂੰ ਵੀ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ।
ਮੀਤ ਹੇਅਰ ਨੇ ਸੰਸਦ ਵਿੱਚ ਈਡੀਐਫਸੀ ਰੂਟ ਦੇ ਵਿਸਥਾਰ ਦੀ ਮੰਗ ਕਰਦਿਆਂ ਕਿਹਾ ਕਿ ਫ਼ਿਲਹਾਲ ਇਹ ਲੁਧਿਆਣਾ ਤੋਂ ਬੰਗਾਲ ਤੱਕ ਹੈ। ਮੇਰੀ ਬੇਨਤੀ ਹੈ ਕਿ ਇਸ ਨੂੰ ਜਲੰਧਰ ਅਤੇ ਅੰਮ੍ਰਿਤਸਰ ਤੱਕ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਸਨਅਤ ਖ਼ਤਮ ਹੋ ਚੁੱਕੀ ਹੈ, ਜਦੋਂ ਕਿ ਖੇਡਾਂ ਅਤੇ ਚਮੜੇ ਦਾ ਸਮਾਨ ਜਲੰਧਰ ਵਿੱਚ ਅਤੇ ਕੱਪੜਾ ਅੰਮ੍ਰਿਤਸਰ ਵਿੱਚ ਬਣਦਾ ਹੈ। ਇਸ ਰੂਟ ਦੇ ਵਿਸਥਾਰ ਨਾਲ ਦੋਵਾਂ ਥਾਵਾਂ ‘ਤੇ ਉਦਯੋਗ ਨੂੰ ਹੁਲਾਰਾ ਮਿਲੇਗਾ।
ਇਸ ਤੋਂ ਇਲਾਵਾ ਉਨ੍ਹਾਂ ਰੇਲਵੇ ਫਲਾਈਓਵਰ ਦੇ ਨਿਰਮਾਣ ਵਿੱਚ ਸੜਕ ਨਾਲੋਂ ਵੱਧ ਸਮਾਂ ਲੱਗਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੰਕਸ਼ਨ ‘ਤੇ ਰੇਲਵੇ ਫਲਾਈਓਵਰ ਦਾ ਨਿਰਮਾਣ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ, ਜਿਸ ਕਾਰਨ ਸੰਪਰਕ ਨਹੀਂ ਹੋ ਰਿਹਾ, ਕਿਰਪਾ ਕਰਕੇ ਇਸ ਨੂੰ ਪੂਰਾ ਕਰਵਾਇਆ ਜਾਵੇ।