ਪੰਜਾਬ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ, ਜ਼ਿਮਨੀ ਚੋਣਾਂ ਵਿੱਚ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਦਿੱਤਾ

ਆਪ ਦੀਆਂ ਨੀਤੀਆਂ ਅਤੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਵਿੱਚ ਲੋਕਾਂ ਦਾ ਭਰੋਸਾ ਜ਼ਿਮਨੀ ਚੋਣ ਦੀ ਜਿੱਤ ਵਿੱਚ ਝਲਕਦਾ ਹੈ: ਅਮਨ ਅਰੋੜਾ

ਸ਼ਹਿਰੀ ਪੰਜਾਬ ਵਿਚ ‘ਆਪ’ ਵੱਡੀ ਪਾਰਟੀ ਵਜੋਂ ਉੱਭਰੀ, ਭਾਜਪਾ ਦੇ ਮਜ਼ਬੂਤ ਸ਼ਹਿਰੀ ਵੋਟ ਸ਼ੇਅਰ ਦੇ ਭੁਲੇਖੇ ਦਾ ਹੋਇਆ  ਪਰਦਾਫਾਸ਼ : ਅਮਨ ਅਰੋੜਾ

ਜ਼ਿਮਨੀ ਚੋਣਾਂ ਵਿੱਚ ‘ਆਪ’ ਦਾ ਵੋਟ ਸ਼ੇਅਰ ਵਧਿਆ, ਕਾਂਗਰਸ ਅਤੇ ਭਾਜਪਾ ਦਾ ਗਰਾਫ਼ ਗਿਰਿਆ

ਜ਼ਿਮਨੀ ਚੋਣਾਂ ਵਿੱਚ ਜਿੱਤ ਤੋਂ ਬਾਅਦ ‘ਆਪ’ ਨਵੇਂ ਆਤਮ ਵਿਸ਼ਵਾਸ ਨਾਲ ਲੋਕਲ ਬਾਡੀ ਚੋਣਾਂ ਲਈ ਤਿਆਰ

ਆਪ ਨਾਲੋਂ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦੀ ਹਾਰ ਤੋਂ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਖ਼ੁਸ਼ ਹਨ:ਅਮਨ ਅਰੋੜਾ

117 ਵਿਧਾਨ ਸਭਾ ਸੀਟਾਂ ‘ਚੋਂ  ਆਪ ਦੀ 94 ਸੀਟਾਂ, 2027 ‘ਚ ਭਾਰੀ ਵੋਟਾਂ ਨਾਲ ਜਿੱਤਾਂਗੇ

ਚੰਡੀਗੜ੍ਹ, 24 ਨਵੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਮਿਲੇ ਭਰਵੇਂ ਸਮਰਥਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ।

ਆਪ ਪੰਜਾਬ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ‘ਚ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ,ਜਿੱਥੇ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਹਰਭਜਨ ਸਿੰਘ ਈ.ਟੀ.ਓ., ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਦਵਿੰਦਰਜੀਤ ਸਿੰਘ ਸਿੰਘ ਲਾਡੀ ਢੋਸ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

ਅਮਨ ਅਰੋੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਮਨੀ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰਾਂ ਨੂੰ ਚਾਰ ਵਿੱਚੋਂ ਤਿੰਨ ਹਲਕਿਆਂ ਵਿੱਚ ਨਿਰਨਾਇਕ ਜਿੱਤ ਦਿਵਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਇਹ ਨਤੀਜਾ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ‘ਆਪ’ ਦੀ ਲੀਡਰਸ਼ਿਪ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਅਤੇ ਉਸ ਦੇ ਵਿਜ਼ਨ ‘ਤੇ ਭਰੋਸਾ ਕਰਦੇ ਹਨ

ਅਰੋੜਾ ਨੇ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ, ਵਲੰਟੀਅਰਾਂ ਅਤੇ ਆਗੂਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ, ਜਿਨ੍ਹਾਂ ਨੇ ਇਸ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੇ ਨਿੱਜੀ ਸਮੇਂ ਅਤੇ ਸਰੋਤਾਂ ਦੇ ਖ਼ਰਚੇ ‘ਤੇ ਅਣਥੱਕ ਪ੍ਰਚਾਰ ਕੀਤਾ।  ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਨੂੰ ਵੀ ਸਵੀਕਾਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਇੱਕਜੁੱਟ ਟੀਮ ਵਜੋਂ ਕੰਮ ਕਰਦੇ ਰਹਿਣ ਦਾ ਅਹਿਦ ਲਿਆ।

ਅਰੋੜਾ ਨੇ ਅੱਗੇ ਕਿਹਾ ਕਿ ਇਹ ਜਿੱਤ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੇ ਨਾਲ-ਨਾਲ ਪੰਜਾਬ ਦੀ ਸਿਹਤ ਸੰਭਾਲ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ‘ਆਪ’ ਦੀ ਵਚਨਬੱਧਤਾ ਲਈ ਲੋਕਾਂ ਦੇ ਮਜ਼ਬੂਤ ਸਮਰਥਨ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੂਬੇ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਿੱਚ ਸਫਲ ਰਹੀ ਹੈ, ਜਿਵੇਂ ਕਿ ਮੁਫ਼ਤ ਬਿਜਲੀ, ਰਿਸ਼ਵਤ ਜਾਂ ਸਿਫ਼ਾਰਸ਼ਾਂ ਤੋਂ ਬਿਨਾਂ 48,000 ਨੌਕਰੀਆਂ ਅਤੇ ਸਿੱਖਿਆ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਮਹੱਤਵਪੂਰਨ ਨਿਵੇਸ਼। ਉਨ੍ਹਾਂ ਪਾਰਟੀ ਵਰਕਰਾਂ, ਵਲੰਟੀਅਰਾਂ ਅਤੇ ਲੀਡਰਸ਼ਿਪ ਦਾ ਪਾਰਟੀ ਦੀ ਜਿੱਤ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਵੀ ਕੀਤਾ।

ਮੌਜੂਦਾ ਸਿਆਸੀ ਸਥਿਤੀ ਦਾ ਜ਼ਿਕਰ ਕਰਦਿਆਂ ਅਰੋੜਾ ਨੇ ਕਿਹਾ ਕਿ ਨਤੀਜਿਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਕਾਂਗਰਸੀ ਆਗੂਆਂ ਦੀ ਉਨ੍ਹਾਂ ਦੇ ਘਰੇਲੂ ਹਲਕਿਆਂ ਵਿੱਚ ਹਾਰ ਨੂੰ ਦਰਸਾਇਆ ਹੈ।  ਉਨ੍ਹਾਂ ਕਿਹਾ ਕਿ ‘ਆਪ’ ਦੀ ਜਿੱਤ ਪਾਰਟੀ ਦੀ ਸਮੂਹਿਕ ਤਾਕਤ ਨੂੰ ਦਰਸਾਉਂਦੀ ਹੈ, ਜੋ ਕਿਸੇ ਵੀ ਵਿਅਕਤੀ ਨਾਲੋਂ ਵੱਡੀ ਹੈ।  ਅਰੋੜਾ ਨੇ ‘ਆਪ’ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਸਭ ਤੋਂ ਅਨੁਸ਼ਾਸਿਤ ਸਿਆਸੀ ਪਾਰਟੀ ਹੈ, ਜੋ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ ‘ਤੇ ਕੇਂਦਰਿਤ ਹੈ ਅਤੇ ਸਾਰੇ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦੀ ਹਾਰ ਤੋਂ ਸਭ ਤੋਂ ਵੱਧ ਜੇਕਰ ਕੋਈ ਖ਼ੁਸ਼ ਹੈ ਤਾਂ ਉਹ ਪ੍ਰਤਾਪ ਸਿੰਘ ਬਾਜਵਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਇੱਕਜੁੱਟ ਪਾਰਟੀ ਨਹੀਂ ਰਹੀ। ਇਹ ਕਈ ਧੜਿਆਂ-ਬਾਜਵਾ ਮਿਸਲ, ਚੰਨੀ ਮਿਸਲ, ਰੰਧਾਵਾ ਮਿਸਲ ਅਤੇ ਵੜਿੰਗ ਮਿਸਲ ਵਿਚ ਵੰਡੀ ਹੋਈ ਹੈ- ਹਰੇਕ ਪਾਰਟੀ ਦੇ ਸਾਂਝੇ ਟੀਚਿਆਂ ਦੀ ਬਜਾਏ ਆਪਣੇ ਹਿੱਤਾਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

ਅਮਨ ਅਰੋੜਾ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ‘ਆਪ’ ਦੀ ਲੀਡਰਸ਼ਿਪ ਅਤੇ ਨੀਤੀਆਂ ‘ਤੇ ਭਰੋਸਾ ਕਰਦੇ ਹਨ।  ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਕੁਝ ਸ਼ੁਰੂਆਤੀ ਭਰਮ ਦੇ ਬਾਵਜੂਦ, ਖ਼ਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ, ‘ਆਪ’ ਨੇ ਨਿਰਨਾਇਕ ਜਿੱਤ ਪ੍ਰਾਪਤ ਕੀਤੀ।  ਚਾਰ ਹਲਕਿਆਂ ਵਿੱਚ, ‘ਆਪ’ ਨੇ ਕੁੱਲ ਵੋਟ ਸ਼ੇਅਰ ਦਾ 46% ਪ੍ਰਾਪਤ ਕੀਤਾ, ਜਦੋਂ ਕਿ ਕਾਂਗਰਸ ਨੂੰ 33% ਅਤੇ ਭਾਜਪਾ ਨੂੰ ਸਿਰਫ਼਼ 10% ਮਿਲੀ।  ਅਰੋੜਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ, ਖ਼ਾਸ ਕਰਕੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਵਰਗੀਆਂ ਥਾਵਾਂ ‘ਤੇ ਭਾਜਪਾ ਦੀ ਮਜ਼ਬੂਤ ਪਕੜ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਅਤੇ ਪਾਰਟੀ ਦਾ ਵੋਟ ਸ਼ੇਅਰ ਬਹੁਤ ਘੱਟ ਰਿਹਾ। ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਸ਼ਹਿਰੀ ਖੇਤਰਾਂ ਵਿੱਚ ਖ਼ਾਸ ਤੌਰ ‘ਤੇ ਮਜ਼ਬੂਤ ਸੀ, ਜਿਸ ਨੇ ਆਪਣਾ ਸਮਰਥਨ ਅਧਾਰ ਹੋਰ ਮਜ਼ਬੂਤ ਕੀਤਾ, ਨਗਰ ਪਾਲਿਕਾਵਾਂ ਵਿੱਚ 43% ਵੋਟ ਮਿਲੇ, ਜਦੋਂ ਕਿ ਕਾਂਗਰਸ ਨੂੰ 36% ਅਤੇ ਭਾਜਪਾ ਨੂੰ ਸਿਰਫ 10% ਮਿਲੀ।  ਇਹ ਸਪਸ਼ਟ ਫ਼ਤਵਾ ਪੰਜਾਬ ਦੇ ਵਿਕਾਸ ਲਈ ਪਾਰਟੀ ਦੇ ਵਿਜ਼ਨ ਵਿੱਚ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਅਮਨ ਅਰੋੜਾ ਨੇ ਭਰੋਸਾ ਪ੍ਰਗਟਾਇਆ ਕਿ ‘ਆਪ’ ਦੀ ਸਫਲਤਾ ਭਵਿੱਖ ਦੀਆਂ ਚੋਣਾਂ ਵਿੱਚ ਵੀ ਜਾਰੀ ਰਹੇਗੀ, ਜਿਸ ਵਿੱਚ ਨਗਰ ਨਿਗਮ, ਜ਼ਿਲ੍ਹਾ ਅਤੇ ਬਲਾਕ ਸੰਮਤੀ ਚੋਣਾਂ ਸ਼ਾਮਲ ਹਨ।  ਉਨ੍ਹਾਂ ਪਾਰਟੀ ਦੇ ਸਮਰਥਕਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਨੂੰ ਹੱਲ ਕਰਨ ਲਈ ਇੱਕਜੁੱਟ ਟੀਮ ਵਜੋਂ ਕੰਮ ਕਰਦੀ ਰਹੇਗੀ ਅਤੇ ਆਮ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਰਹੇਗੀ।  ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਪਿਛਲੀਆਂ ਕਾਮਯਾਬੀਆਂ ਨੂੰ ਪਛਾੜਦੇ ਹੋਏ ਆਉਣ ਵਾਲੀਆਂ 2027 ਦੀਆਂ ਚੋਣਾਂ ਹੋਰ ਵੀ ਵੱਡੀ ਤਾਕਤ ਅਤੇ ਦ੍ਰਿੜ੍ਹ ਇਰਾਦੇ ਨਾਲ ਲੜੇਗੀ।

ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਨੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ, ਹੁਣ  ਆਪ ਦੀ 117 ਵਿੱਚੋਂ 94 ਸੀਟਾਂ ਹਨ। ਇਸ ਵਾਧੇ ਨੇ ‘ਆਪ’ ਦੇ ਵਿਕਾਸ ਨੂੰ ਜਾਰੀ ਰੱਖਣ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ, ਪਾਰਟੀ ਨੇਤਾਵਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ 2027 ਦੀਆਂ ਚੋਣਾਂ ਵਿੱਚ ਹੋਰ ਵੀ ਵੱਡੀ ਜਿੱਤ ਦੇਖਣ ਨੂੰ ਮਿਲੇਗੀ।

ਅੰਤ ਵਿੱਚ, ਅਰੋੜਾ ਨੇ ‘ਆਪ’ ਵਿੱਚ ਲਗਾਤਾਰ ਵਿਸ਼ਵਾਸ ਰੱਖਣ ਲਈ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਟੀ ਵਿਕਾਸ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਮ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ। ਜ਼ਿਮਨੀ ਚੋਣਾਂ ‘ਚ ਜਿੱਤ ਤਾਂ ਅਜੇ ਸ਼ੁਰੂਆਤ ਹੈ। ‘ਆਪ’ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੀ ਮਿਸਾਲ ਬਣਾਉਣ ਲਈ ਵਚਨਬੱਧ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!