ਪੰਜਾਬ
ਬਲਬੀਰ ਸਿੱਧੂ ਵਲੋਂ ਜਗਤਾਰ ਭੁੱਲਰ ਦੀ ‘ਪੰਜਾਬ ਸਿਆਂ ਮੈਂ ਚੰਡੀਗੜ ਬੋਲਦਾਂ’ ਕਿਤਾਬ ਜਾਰੀ ਕੀਤੀ ਗਈ
ਚੰਡੀਗੜ, 6 ਮਾਰਚ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਅੱਜ ਚੰਡੀਗੜ ਪ੍ਰੈੱਸ ਕਲੱਬ ਵਿਖੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਵਲੋਂ ਲਿਖੀ ਕਿਤਾਬ ‘ਪੰਜਾਬ ਸਿਆਂ ਮੈਂ ਚੰਡੀਗੜ ਬੋਲਦਾਂ’ ਜਾਰੀ ਕੀਤੀ ਗਈ।
ਇਸ ਮੌਕੇ ’ਤੇ ਬਲਬੀਰ ਸਿੰਘ ਸਿੱਧੂ ਨੇ ਲੇਖਕ ਜਗਤਾਰ ਭੁੱਲਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਡੀਗੜ ਸ਼ਹਿਰ ਸਬੰਧੀ ਲਿਖੀ ਇਹ “ਪੰਜਾਬ ਸਿੰਆਂ ਮੈਂ ਚੰਡੀਗੜ ਬੋਲਦਾਂ” ਕਿਤਾਬ ਵਿੱਚ ਉਨਾਂ ਨੇ ਪੰਜਾਬ ਦੀ ਰਾਜਧਾਨੀ ਤੇ ਪੰਜਾਬੀਆਂ ਦੀ ਭਾਵਨਾਵਾਂ ਤੇ ਅਧਿਕਾਰਾਂ ਬਾਰੇ ਖੁੱਲ ਕੇ ਲਿਖਿਆ ਹੈ ਕਿ ਕਿਵੇਂ ਪੰਜਾਬ ਰਾਜ ਦੇ ਅਧਿਕਾਰਾਂ ਨੂੰ ਚੰਡੀਗੜ ਵਿੱਚ ਖਤਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਜਧਾਨੀ ਚੰਡੀਗੜ ਵਿਖੇ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਕੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਤਵਜੋਂ ਦੇਣਾ ਵੀ ਸਾਡੇ ਲਈ ਇਕ ਚਿੰਤਾਂ ਦਾ ਵਿਸ਼ਾ ਹੈ ਜਿਸ ਲਈ ਉਨਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਲੋੜੀਂਦੇ ਅਤੇ ਠੋਸ ਕਦਮ ਚੁੱਕੇਗੀ।
ਉਨਾਂ ਕਿਹਾ ਕਿ ਚੰਡੀਗੜ ਨੂੰ ਪੰਜਾਬ ਦੇ 28 ਪਿੰਡਾਂ ਨੂੰ ਖਾਲੀ ਕਰਾ ਕੇ ਸਥਾਪਿਤ ਕੀਤਾ ਗਿਆ ਸੀ ਪਰ ਅੱਜ ਸੂਬੇ ਦੀ ਮਲਕੀਅਤ ਅਤੇ ਹੱਕਾਂ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ ਜੋ ਪੰਜਾਬੀ ਤੇ ਪੰਜਾਬੀਅਤ ਨਾਲ ਧੋੋਖਾ ਕਰਨ ਦੇ ਬਰਾਬਰ ਹੈ।ਉਨਾਂ ਕਿਹਾ ਕਿ 1947 ਵਿਚ ਪੱਛਮੀ ਪੰਜਾਬ 1966 ਵਿੱਚ ਹਰਿਆਣਾ ਹਿਮਾਚਲ ਪ੍ਰਦੇਸ਼ ਨੂੰ ਅੱਲਗ ਕਰ ਦਿੱਤਾ ਗਿਆ ਜਿਸ ਲਈ ਕੁੱਝ ਸਿਆਸੀ ਪਾਰਟੀਆਂ ਸਿੱਧੇ ਤੌਰ ’ਤੇ ਜਿੰਮੇਵਾਰ ਸਨ।
ਜਗਤਾਰ ਸਿੰਘ ਭੁੱਲਰ ਨੇ ਬੜੀ ਖੂਬਸੂਰਤੀ ਨਾਲ ਇਸ ਕਿਤਾਬ ਵਿਚ ਬਹੁਤ ਕੁਝ ਪੇਸ਼ ਕੀਤਾ ਹੈ ਤਾਂ ਜੋ ਪੰਜਾਬ ਵਾਸੀਆਂ ਨੂੰ ਆਪਣੀ ਰਾਜਧਾਨੀ ਅਤੇ ਸੂਬੇ ਨਾਲ ਜੁੜੇ ਹਰ ਇਕ ਪਹਿਲੂ ਦਾ ਪਤਾ ਚੱਲ ਸਕੇ ਅਤੇ ਨਾਲ ਹੀ ਸਾਡੀ ਨੋਜੁਆਨ ਪੀੜੀ ਵੀ ਰਾਜਧਾਨੀ ਨਾਲ ਜੁੜੇ ਆਪਣੇ ਇਤਿਹਾਸਕ ਤੱਥਾਂ ਨੂੰ ਡੂੰਘਾਈ ਨਾਲ ਸਮਝ ਸਕੇ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਗਤਾਰ ਭੁੱਲਰ ਨੇ ਚੰਡੀਗੜ ਨੂੰ ਵਸਾਉਣ ਲਈ ਪੰਜਾਬ ਦੇ ਪਿੰਡਾਂ ਦੇ ਹੋਏ ਉਜਾੜੇ ਤੋਂ ਲੈਕੇ ਇਸ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਥਾਂ ਕੇਂਦਰੀ ਸਾਸ਼ਤ ਪ੍ਰਦੇਸ਼ ਬਣਾਕੇ ਪੰਜਾਬ ਤੋਂ ਖੋਹਣ ਦੀ ਸਾਰੀ ਗਾਥਾ ਲਿਖੀ ਹੈ। ਪੰਜਾਬ ਦੀ ਰਾਜਧਾਨੀ ਵਜੋਂ ਵਸਾਏ ਗਏ ਚੰਡੀਗੜ ਨੂੰ ਪੰਜਾਬ ਨੂੰ ਨਾ ਦੇਣ ਦੀ ਸਾਰਾ ਬਿਰਤਾਂਤ ਵਰਣਨ ਕਰਨ ਦੇ ਨਾਲ ਨਾਲ ਜਿਹੜਾ ਇੱਕ ਹੋਰ ਮਾਮਲਾ ਉਠਾਇਆ ਹੈ ਉਹ ਇਥੇ ਪੰਜਾਬੀ ਭਾਸ਼ਾ ਨਾਲ ਹਰ ਪੱਧਰ ਉੱਤੇ ਹੋ ਰਹੇ ਵਿਤਕਰੇ ਦਾ ਹੈ।
ਇਸ ਮੌਕੇ ’ਤੇ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚ ਰਾਜਧਾਨੀ ਚੰਡੀਗੜ ਪ੍ਰਤੀ ਪੰਜਾਬੀਆਂ ਦੀ ਚਿੰਤਾ ਅਤੇ ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਵਿਤਕਰੇ ਨੂੰ ਉਜਾਗਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸ਼ਹਿਰ ਦਾ ਚਿਹਰਾ ਮੁਹਰਾ ਵੀ ਹੁਣ ਪੰਜਾਬੀ ਨਹੀਂ ਰਿਹਾ, ਹਰ ਸਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਘੱਟ ਰਹੀ ਹੈ। ਉਨਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲਿਆਂ ਵਲੋਂ ਪੰਜਾਬੀ ਨੂੰ ਚੰਡੀਗੜ ਵਿਚ ਢੁਕਵਾਂ ਸਥਾਨ ਦੁਆਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਬੰਧੀ ਵੀ ਇਸ ਕਿਤਾਬ ਵਿਚ ਜ਼ਿਕਰ ਹੈ। ਉਨਾਂ ਕਿਹਾ ਕਿ ਜਗਤਾਰ ਭੁੱਲਰ ਦੀ ਇਹ ਕਿਤਾਬ ਵੀ ਪਿਛਲੀਆਂ ਦੋ ਕਿਤਾਬਾਂ “ਪ੍ਰੈਸ ਰੂਮ” ਅਤੇ “ਦਹਿਸ਼ਤ ਦੇ ਪ੍ਰਛਾਵੇਂ” ਦੀ ਤਰਾਂ ਹੀ ਪਾਠਕਾਂ ਦਾ ਭਰਵਾਂ ਪਿਆਰ ਹਾਸਲ ਕਰਨ ਵਿਚ ਸਫਲ ਹੋਵੇਗੀ।
ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਦਾ ਰਾਹ ਦਸੇਰਾ ਬਣੇਗੀ ਅਤੇ ਇੱਕ ਪੱਤਰਕਾਰ ਵਲੋਂ ਲਿਖੀ ਗਈ ਕਿਤਾਬ ਇਕ ਦਸਤਾਵੇਜ਼ ਹੁੰਦੀ ਹੈ ਜਿਸਨੂੰ ਝੁਠਲਾਇਆ ਨਹੀਂ ਜਾ ਸਕਦਾ ਅਤੇ ਇਹੋ ਜਿਹੀ ਕਿਤਾਬਾਂ ਇੱਕ ਇਤਿਹਾਸਕ ਦਸਤਾਵੇਜ਼ ਬਣ ਜਾਂਦੀਆਂ ਹਨ ਜੋ ਫਿਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੀਆਂ ਗਲਤੀਆਂ ਨੂੰ ਜਿਉਂਦਾ ਰੱਖਦੀਆਂ ਹਨ।
ਇਸ ਮੌਕੇ ਏ.ਐਨ.ਬੀ. ਨਿਊਜ਼ ਦੇ ਐਮ. ਡੀ. ਯੋਹਾਨਨ ਮੈਥਿਊ, ਐਸ ਐਸ ਐਸ ਬੋਰਡ ਦੇ ਮੈਂਬਰ ਰਾਹੁਲ ਸਿੱਧੂ, ਟੀ ਆਰ ਸਾਰੰਗਲ ਸੇਵਾਮੁਕਤ ਆਈਏਐਸ ਅਧਿਕਾਰੀ, ਤੀਰਥ ਸਿੰਘ ਸੇਵਾਮੁਕਤ ਡਾਇਰੈਕਟਰ ਯੋਜਨਾ ਵਿਭਾਗ, ਸੰਯੁਕਤ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਡਾਕਟਰ ਅਜੀਤ ਕੰਵਲ ਅਤੇ ਸੀਨੀਅਰ ਪੱਤਰਕਾਰ ਤੇ ਲੇਖਕ ਹਾਜਰ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਸੀਨੀਅਰ ਪੱਤਰਕਾਰ ਅਤੇ ਲੇਖਕ ਦੀਪਕ ਚਨਾਰਥਲ ਨੇ ਕੀਤਾ ।