ਪੰਜਾਬਲੇਖ

ਯਸ਼ੋਧਰਾ : ਨਾਰੀ ਵੇਦਨਾ ਤੇ ਸਾਧਨਾ ਦਾ ਨਾਵਲੀ ਬਿਰਤਾਂਤ

    ਯਸ਼ੋਧਰਾ  ਰੀਵਿਊ 

ਬਲਦੇਵ ਸਿੰਘ ਪੰਜਾਬੀ ਦਾ ਚਿੰਤਨਸ਼ੀਲ ਨਾਵਲਕਾਰ ਹੈ। ਉਹ ਭਾਵੇਂ ਸਾਡੇ ਸਮਕਾਲੀ ਜੀਵਨ ਦੇ ਯਥਾਰਥ ਨੂੰ ਆਪਣੀ ਬਿਰਤਾਂਤਕਾਰੀ ਦੇ ਕਲਾਤਮਕ ਬਿੰਬਾਂ ਵਿਚ ਰੂਪਮਾਨ ਕਰ ਰਿਹਾ ਹੋਵੇ ਅਤੇ ਭਾਵਂੇ ਉਹ ਸਾਡੇ ਇਤਿਹਾਸ­ ਲੋਕ-ਗਥਾਵਾਂ ਅਤੇ ਸੁਤੰਤਰਤਾ-ਅੰਦੋਲਨ ਦੇ ਮਹਾਨ ਯੋਧਿਆਂ ਦੀਆਂ ਅਦੂਤੀ ਕੁਰਬਾਨੀਆਂ ਨੂੰ ਆਪਣੇ ਨਾਵਲਾਂ ਵਿਚ ਪੁਨਰ-ਸਿਰਜਤ ਕਰ ਰਿਹਾ ਹੋਵੇ­ ਉਸ ਦੀ ਚਿੰਤਨੀ ਦਿ੍ਰਸ਼ਟੀ ਉਨ੍ਹਾਂ ਬਾਰੇ ਇਤਿਹਾਸ ਵਿਚ ਅਣਗੋਲੀਆਂ ਜਾਂ ਇਤਿਹਾਸ ਵਿਚ ਤੋੜ-ਮਰੋੜ ਕੇ ਪੇਸ਼ ਕੀਤੀਆਂ ਘਟਨਾਵਾਂ ਦੇ ਅਸਲ ਸੱਚ ਦੇ ਸਾਰ ਨੂੰ ਪਕੜਣ ਅਤੇ ਪੁਨਰ-ਦਿ੍ਰਸ਼ਮਾਨ ਕਰਨ ਦੇ ਸਮਰਥ ਹੋਈ।

ਬਲਦੇਵ ਸਿੰਘ ਦੇ ਲਗਭਗ ਸਾਰੇ ਨਾਵਲਾਂ ਵਿਚ ਸਾਡੀ ਔਰਤ ਜਾਤੀ ਦੇ ਯਥਾਰਥ ਦਾ ਕੋਈ ਨਾ ਕੋਈ ਪੱਖ ਵੀ ਉਸ ਦੇ ਸਮਾਜ-ਸਭਿਆਚਾਰ ਦੇ ਸੰਦਰਭ ਵਿਚ ਪੇਸ਼ ਹੋਇਆ ਹੈ। ਹੱਥਲਾ ਨਾਵਲ ਯਸ਼ੋਧਰਾ ਉਸ ਦਾ ਪਹਿਲਾ ਅਜਿਹਾ ਨਾਵਲ ਹੈ ਜਿਸ ਦੀ ਬਿਰਤਾਂਤਕਾਰੀ ਦੇ ਕੇਂਦਰ ਵਿਚ ਯਸ਼ੋਧਰਾ ਦੀ ਵੇਦਨਾ­ ਸੰਵੇਦਨਾ­ ਸੰਘਰਸ਼­ ਸਾਧਨਾ ਅਤੇ ਕੁਰਬਾਨੀ ਦਾ ਚਿਤ੍ਰਣ ਕਰੁਣਾਭਾਵੀ ਤਾਂ ਹੈ ਪਰੰਤੂ ਇਸ ਕਠਿਨ ਮਾਰਗ ਉੱਤੇ ਚਲਦਿਆਂ ਜੋ ਉਸ ਨੇ ਆਤਮ-ਚਿੰਤਨ ਵਿਚੋਂ ਜੋ ਬੋਧ ਗ੍ਰਹਿਣ ਕੀਤਾ­ ਉਹ ਬੁੱਧ ਨੂੰ ਵੀ ਨਿਰ-ਉਤਰ ਕਰਨ ਵਾਲਾ ਹੈ।

ਯਸ਼ੋਧਰਾ ਬਹੁਤ ਹੀ ਸੁਸ਼ੀਲ­ ਸੂਝਵਾਨ ਤੇ ਸੁੰਦਰ ਸੀ। ਗੌਤਮ ਨਾਲ ਉਸ ਦਾ ਵਿਆਹ ਹੋਇਆ। ਇਕ ਚਾਨਣੀ ਰਾਤ ਜਦੋਂ ਆਪਣੇ ਬਾਲ ਰਾਹੁਲ ਨੂੰ ਆਪਣੀ ਛਾਤੀ ਨਾਲ ਲਾਈ ਰੰਗੀਨ ਸੁਪਨਿਆਂ ਦੀ ਦੁਨੀਆਂ ਵਿਚ ਸੁੱਤੀ ਸੀ ਤਾਂ ਗੌਤਮ ਬੁੱਧ ਬਣਨ ਲਈ ਇਨ੍ਹਾਂ ਦਾ ਆਖ਼ਰੀ ਦੀਦਾਰ ਕਰਕੇ ਜੰਗਲਵਾਸੀ ਹੋ ਗਿਆ। ਗੌਤਮ ਬੁੱਧ ਬਣਨ ਦੇ ਰਾਹ ਅਤੇ ਉਸ ਦੀ ਕਠਿਨ ਸਾਧਨਾ ਬਾਰੇ ਤਾਂ ਲੰਮੇ-ਚੌੜੇ ਵਿਖਿਆਨ ਪ੍ਰਾਪਤ ਹਨ ਪਰੰਤੂ ਉਸ ਦੀ ਗ਼ੈਰ-ਹਾਜ਼ਰੀ ਵਿਚ ਯਸ਼ੋਧਰਾ ਨੇ ਬਾਲ ਤੇ ਪਰਿਵਾਰ ਪ੍ਰਤਿ ਆਪਣਾ ਸਮਾਜਿਕ ਕਰਤੱਵ ਨਿਭਾਉਂਦੇ ਹੋਏ ਜੋ ਮੋਨ-ਤਪੱਸਿਆ ਕੀਤੀ­ ਉਸ ਬਾਰੇ ਸਾਡੇ ਰਿਸ਼ੀਆਂ­ ਤਪੱਸਵੀਆਂ­ ਮਹਾਤਮਾ­ ਸ਼ਾਸਤਰੀਆਂ ਜਾਂ ਧਾਰਮਕ ਜਗਤ ਵਿਚ ਨਾ ਤਾਂ ਕੋਈ ਬਹੁਤਾ ਜ਼ਿਕਰ ਹੈ ਅਤੇ ਨਾ ਹੀ ਉਸ ਨੂੰ ਉਹ ਸਥਾਨ ਮਿਲਿਆ ਜਿਸ ਦੀ ਉਹ ਹੱਕਦਾਰ ਹੈ। ਬਲਦੇਵ ਸਿੰਘ ਦਾ ਇਹ ਨਾਵਲ ਯਸ਼ੋਧਰਾ ਦੇ ਹੱਕ-ਸੱਚ ਦੀ ਬਿਰਤਾਂਤਕੀ ਵਕਾਲਤ ਕਰਦਾ ਹੈ।

ਯਸ਼ੋਧਰਾ ਨਾਵਲ ਸਿਰਫ਼ ਗੌਤਮ ਬੁੱਧ ਦੀ ਪਤਨੀ ਯਸ਼ੋਧਰਾ ਦੀ ਆਂਤਰਿਕ ਵੇਦਨਾ ਦਾ ਵਿਰਲਾਪੀ ਰੁਦਨ ਨਹੀਂ­ ਉਹ ਤਾਂ ਸਗੋਂ ਉਨ੍ਹਾਂ ਔਰਤਾਂ ਦੇ ਪ੍ਰਤਿਨਿਧ ਰੂਪ ਦੀ ਤਰਜਮਾਨੀ ਕਰਦਾ ਹੈ ਜਿਹੜੀਆਂ ਸਾਡੀ ਪਿਤਰੀ ਸੱਤਾ ਦੇ ਦਾਬੇ ਵਾਲੇ ਸਮਾਜ-ਸਭਿਆਚਾਰ ਦੇ ਸਿਰਜੇ ਅਨੁਸ਼ਾਸਨਿਕ ਦਾਇਰਿਆਂ ਵਿਚ ਰਹਿੰਦੀਆਂ ਆਪਣੇ ਪਤੀਆਂ ਦੀ ਗ਼ੈਰ-ਮੌਜੂਦਗੀ ਵਿਚ ਇਕ ਪਾਸੇ ਆਪਣੇ ਇਕਲਾਪੇ ਦਾ ਸੰਤਾਪ ਭੋਗਦੀਆਂ ਹਨ ਅਤੇ ਦੂਜੇ ਪਾਸੇ ਆਪਣੇ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੀਆਂ ਹਨ। ਅਜਿਹੀ ਸਥਿਤੀ ਬੁੱਧ ਦੀ ਤਪੱਸਿਆ ਤੇ ਸਾਧਨਾ ਤੋਂ ਕਿਤੇ ਵੱਧ ਕੋਠਰ ਹੈ। ਪਤੀ ਦੇ ਜਿਉਂਦਿਆਂ ਕਿਸੇ ਔਰਤ ਦਾ ਵਿਧਵਾਂ ਦੀ ਜੂਨ ਹੰਢਾਉਣ ਨਾਲੋਂ ਵੱਡਾ ਕੋਈ ਸੰਤਾਪ ਨਹੀਂ ਹੋ ਸਕਦਾ। ਯਸ਼ੋਧਰਾ ਦੀ ਕਠਿਨ ਤਪੱਸਿਆ ਅੱਗੇ ਉਸ ਦੀ ਸੱਸ ਵੀ ਨਤਮਸਤਕ ਹੁੰਦੀ ਹੈ। ਬੁੱਧ ਜਦੋਂ ਆਖ਼ਰ ਵਿਚ ਯਸ਼ੋਧਰਾ ਨੂੰ ਮਿਲਦਾ ਹੈ­ ਖ਼ੁਦ ਸਵੀਕਾਰ ਕਰਦਾ ਹੈ ਕਿ ‘‘ਤੇਰੀ ਸਾਧਨਾ­ ਤੇਰਾ ਤਿਆਗ­ ਕਿਸੇ ਵੀ ਤਰ੍ਹਾਂ ਮੇਰੇ ਨਾਲੋਂ ਘੱਟ ਨਹੀਂ ਹੈ… ਅਤੇ ਤੇਰਾ ਸਥਾਨ ਮੇਰੇ ਕਦਮਾਂ ’ਚ ਨਹੀਂ ਹੈ।’’ ਇਉਂ ਗੌਤਮ ਮਹਾਤਮਾ ਬੁੱਧ ਹੋਕੇ ਵੀ ਅਧੂਰਾ ਤੇ ਇਕੱਲਾ ਰਿਹਾ ਪਰੰਤੂ ਯਸ਼ੋਧਰਾ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਤੇ ਰਾਜ-ਧਰਮ ਦਾ ਪਾਲਣ ਕਰਦੀ ਹੋਈ ਆਪਣੀਆਂ ਸਧਰਾਂ-ਤਾਘਾਂ ਨੂੰ ਤਿਆਗ ਆਤਮ ਦੀ ਨੈਤਿਕਤਾ ਦੀ ਸੁੱਚਤਾ ਨੂੰ ਕਾਇਕਮ ਰੱਖਣ ਦੀ ਅਗਨਿ-ਪ੍ਰੀਖਿਆ ਵਿਚ ਤੱਪਕੇ ਸ਼ੁਧ ਕੁੰਦਨ ਹੋ ਗਈ। ਉਸ ਦੀ ਪੀੜਾਂ­ ਸੰਤਾਪ­ ਸੰਘਰਸ਼­ ਸਾਧਨਾ ਤੇ ਕੁਰਬਾਨੀ ਯੁੱਧ ਤੋਂ ਵੀ ਵਡੇਰੀ ਸੀ। ਇਸੇ ਲਈ ਉਹ ਬੁੱਧ ਤੋਂ ਵੀ ਵੱਡੀ ਬੁੱਧ ਸਾਬਤ ਹੋਈ। ਹੱਥਲਾ ਨਾਵਲ ਯਸ਼ੋਧਰਾ ਦੇ ਇਸ ਸੱਚ ਨੂੰ ਕਿਸੇ ਭਾਵੁਕ ਉਲਾਰਤਾ ਜਾਂ ਆਰੋਪਨੀ ਉਕਤੀਆਂ ਰਾਹੀਂ ਪ੍ਰਮਾਣਿਤ ਨਹੀਂ ਕਰਦਾ­ ਸਗੋਂ ਸਥਿਤੀਆਂ ਦੀ ਪ੍ਰਸੰਗਿਕਤਾ ਵਿਚ ਯਸ਼ੋਧਰਾ ਦੇ ਕਿਰਦਾਰ ਤੇ ਵਿਹਾਰ ਦੀ ਕਲਾਤਮਿਕ ਉਸਾਰੀ ਕਰਦਾ ਹੈ। ਇਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ।

ਇਸ ਨਾਵਲ ਦੀ ਕੇਂਦਰੀ ਥੀਮ ਭਾਵੇਂ ਯਸ਼ੋਧਰਾ ਤੇ ਗੌਤਮ ਦੇ ਜੀਵਨ-ਪ੍ਰਸੰਗਾਂ ਦੁਆਲੇ ਘੁੰਮਦੀ ਹੈ ਪਰੰਤੂ ਇਨ੍ਹਾਂ ਦੇ ਪ੍ਰਸੰਗਾਂ ਨਾਲ ਜੁੜਕੇ ਕਈ ਹੋਰ ਉਪ-ਥੀਮ ਵੀ ਇਸ ਨਾਵਲ ਦੀ ਬਿਰਤਾਂਤਕਾਰੀ ਦੀ ਅਗ੍ਰ-ਭੂਮੀ ਵਿਚ ਆਉਂਦੇ ਹਨ। ਇਹ ਉਪ-ਥੀਮ ਅੰਸ਼ਿਕ ਬਿੰਬਾਂ ਵਿਚ ਰੂਪਮਾਨ ਹੋਏ ਹਨ ਪਰੰਤੂ ਰਾਜੇ-ਮਹਾਰਾਜਿਆਂ ਦੇ ਯੁਗ-ਕਾਲ ਦੇ ਯਥਾਰਥ ਵਿਚ ਪੈਦਾ ਹੋਏ ਅੰਤਰ-ਵਿਰੋਧਾਂ­ ਵਿਗਾੜਾਂ ਅਤੇ ਵਿਸੰਗਤੀਆਂ ਨੂੰ ਦਿ੍ਰਸ਼ਮਾਨ ਜ਼ਰੂਰ ਕਰਦੇ ਹਨ। ਰਾਜਵਾੜਾ ਸ਼ਾਹੀ ਦੇ ਯੁੱਗ ਵਿਚ ਸਭ ਅੱਛਾ ਨਹੀਂ ਸੀ। ਉਤਪਾਦਨ ਦੇ ਸਮੂਹ ਸਰੋਤਾਂ ’ਤੇ ਰਾਜੇ-ਮਹਾਰਾਜਿਆਂ ਦੀ ਮਲਕੀਅਤ ਸੀ। ਮੁੱਖ ਸੋਰਤਾਂ ਵਿਚ ਜ਼ਮੀਨ ਤੇ ਉਸ ਦੀ ਉਪਜ ਦੇ ਮਾਲਕ ਵੀ ਉਹ ਸਨ­ ਕਾਸ਼ਤਕਾਰ ਤਾਂ ਮਜ਼ਦੂਰ ਸਨ। ਗੌਤਮ ਜਦੋਂ ਆਪਣੇ ਨਗਰ ਦੇ ਦੋਰੈ ’ਤੇ ਗਿਆ ਤਾਂ ਉਸ ਦੇ ਸਾਹਮਣੇ ਸਾਧਾਰਨ­ ਲੋਕਾਂ ਦੀਆਂ ਸਮੱਸਿਆਵਾਂ­ ਉਨ੍ਹਾਂ ਦੀ ਗ਼ੁਰਬਤ­ ਕਲਾ-ਕਲੇਸ਼­ ਭੋਜਨ ਦੀ ਘਾਟ ਕਾਰਨ ਪਿੰਜਰ ਬਣੇ ਸਰੀਰ ਅਤੇ ਕਿਸਾਨਾਂ ਦੀ ਅਤਿ ਮਾੜੀ ਹਾਲਤ ਸਾਹਮਣੇ ਆਈ। ਉਮਰ ਦੀ ਉਸ ਅਵਸਥਾ ਵਿਚ ਗੌਤਮ ਇਸ ਦੇ ਕਾਰਨਾਂ ਨੂੰ ਸਮਝਣ ਤੋਂ ਅਸਮਰਥ ਸੀ ਇਸੇ ਲਈ ਉਹ ਇਨ੍ਹਾਂ ਦੁੱਖਾਂ-ਕਲੇਸ਼ਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਤਿਆਗ ਤੇ ਸਾਧਨਾ ਵਿਚੋਂ ਤਲਾਸ਼ਦਾ ਹੈ। ਬੁੱਧ ਹੋਕੇ ਹੀ ਉਸ ਨੂੰ ਇਹ ਪ੍ਰਤੀਤ ਹੋਇਆ ਕਿ ਰੂਹਾਨੀ ਮਾਰਗ ਉੱਤੇ ਚਲਣ ਵਾਲੇ ਸਾਧਕਾਂ ਦੀਆਂ ਵੀ ਪਦਾਰਥਕ ਲੋੜਾਂ ਹੁੰਦੀਆਂ ਹਨ। ‘ਦੁੱਖ’ ਤੋਂ ਛੁਟਕਾਰਾ ਪਾਉਣ ਦਾ ਮਾਰਗ ਇਛਾਵਾਂ ਦਾ ਤਿਆਗ ਨਹੀਂ ਸਗੋਂ ਇਨ੍ਹਾਂ ਦੀ ਪੂਰਤੀ ਦੇ ਸਤੁੰਲਿਤ ਵਿਧਾਨ ਨੂੰ ਅਪਣਾਉਣ ਦੀ ਲੋੜ ਹੈ। ਉਸ ਦਾ ਮਧ-ਮਾਰਗ ਦਾ ਸਿਧਾਂਤ ਭੌਤਿਕਤਾ ਤੇ ਰੂਹਾਨੀਅਤ ਵਿਚਕਾਰ ਸੰਤੁਲਿਨ ਦਾ ਰਾਹ ਹੈ।

ਨਾਵਲ ਲਕੀਰੀ ਬਿਰਤਾਂਤ ਤੇ ਤੇਜ਼-ਗਤੀ ਵਿਚ ਯਸ਼ੋਧਰਾ ਅਤੇ ਗੌਤਮ ਦੇ ਸਮੁੱਚੇ ਕਾਲ-ਖੰਡ ਦੀਆਂ ਪ੍ਰਤਿਨਿਧ ਘਟਨਾਵਾਂ ਨੂੰ ਯਥਾਰਥਵਾਦੀ ਵਿਧੀ ਤੇ ਦਿ੍ਰਸ਼ਟੀ ਰਾਹੀਂ ਰੂਪਮਾਨ ਕਰਦਾ ਹੈ। ਬਲਦੇਵ ਸਿੰਘ ਦੀ ਭਾਸ਼ਾਈ-ਸੰਚਾਰ ਦੀ ਵੰਨਸੁਵੰਨਤਾ­ ਸਹਿਜਤਾ ਤੇ ਸੁਹਜਤਾ ਨਾਵਲੀ ਬਿਰਤਾਂਤ ਵਿਚ ਪਾਤਰਾਂ ਦੀ ਮਨੋ-ਸਥਿਤੀ­ ਭਾਵ-ਸਥਿਤੀ ਤੇ ਦਿ੍ਰਸ਼-ਵਰਣਨ ਦੇ ਅਨੁਸਾਰੀ ਹੋ ਕੇ ਜਿਥੇ ਸਹਿਜਤਾ ਅਤੇ ਸਜੀਵਤਾ ਪ੍ਰਦਾਨ ਕਰਦੀ ਹੈ­ ਉਥੇ ਉਨ੍ਹਾਂ ਵਿਚਲੇ ਲੁਪਤ ਅਰਥਾਂ ਨੂੰ ਵੀ ਉਦਘਾਟਤ ਕਰਦੀ ਪ੍ਰਤੀਤ ਹੁੰਦੀ ਹੈ। ਵਿਅੰਗ­ ਵਿਡੰਬਣਾ ਅਤੇ ਪ੍ਰਤੀਕਾਤਮਕਾ ਦੀਆਂ ਗਲਪੀ ਜੁਗਤਾਂ ਜਿਥੇ ਨਾਵਲੀ ਬਿਰਤਾਂਤ ਨੂੰ ਸੁਹਜਤਾ ਪ੍ਰਦਾਨ ਕਰਦੀਆਂ ਹਨ ਉਥੇ ਇਸ ਦੇ ਕਥਾ ਰਸ ਨੂੰ ਵੀ ਵੱਧ ਸੁਆਦਲਾ ਬਣਾਉਂਦੀਆਂ ਹਨ। ਸਮੁੱਚੇ ਰੂਪ ਵਿਚ ਬਲਦੇਵ ਸਿੰਘ ਦਾ ਯਸ਼ੋਧਰਾ ਨਾਵਲ ਇਕ ਪੜਣਯੋਗ ਰਚਨਾ ਹੈ। ਲੋਕਗੀਤ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ 200 ਪੰਨਿਆਂ ਦੇ ਨਾਵਲ ਦੀ ਦਿਖ ਤੇ ਛਪਾਈ ਵੀ ਪ੍ਰਸ਼ੰਸ਼ਾਯੋਗ ਹੈ।

ਡਾ. ਸੁਰਿੰਦਰ ਕੁਮਾਰ ਦਵੇਸ਼ਵਰ
9855059696

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!