ਪੰਜਾਬੀ ਸਾਹਿਤ ਸਿਰਜਣ ਦਾ ਸੂਝਵਾਨ ਤੇ ਸੁਹਜਭਾਵੀ ਸਿ਼ਲਪਕਾਰ ਗੁਰਦਿਆਲ ਸਿੰਘ
ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼
ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਪ੍ਰੋਫੈਸਰ ਅਮੈਰਿਟਸ
ਪੰਜਾਬੀ ਸਾਹਿਤ ਵਿਚ ਗੁਰਦਿਆਲ ਸਿੰਘ ਅਜਿਹਾ ਮੀਲ ਪੱਥਰ ਹੈ ਜਿਸ ਦੀਆਂ ਰਚਨਾਵਾਂ ਨੇ ਆਪਣੇ ਸਿਰਜਣਾਤਮਕ ਪੱਧਰ ‘ਤੇ ਸਾਹਿਤ ਨੂੰ ਨਵੀਂ ਦਿਸ਼ਾ ਅਤੇ ਦ੍ਰਿਸ਼ਟੀ ਪ੍ਰਦਾਨ ਕੀਤੀ । ਗੁਰਦਿਆਲ ਸਿੰਘ ਨੇ ਉਦੋਂ ਲਿਖਣਾ ਆਰੰਭ ਕੀਤਾ ਜਦੋਂ ਇਕ ਪਾਸੇ ਪ੍ਰਗਤੀਵਾਦੀ ਸਾਹਿਤਧਾਰਾ ਦੇ ਰੁਮਾਂਟਿਕ — ਆਦਰਸ਼ਵਾਦੀ ਮੁਹਾਵਰੇ ਵਿਰੁੱਧ ਕੁਝ ਸਾਹਿਤ ਆਲੋਚਕਾਂ ਵਲੋਂ ਗਿਣੇ—ਮਿਥੇ ਰੂਪ ਵਿਚ ਹੱਲਾ ਬੋਲਿਆ ਗਿਆ ਸੀ।ਦੂਜੇ ਪਾਸੇ ਪ੍ਰਯੋਗਵਾਦ ਉਦਯੋਗਿਕ ਜੁੱਗ ਦੀ ਮੱਧ—ਵਰਗੀ ਵਿਅਕਤੀਵਾਦੀ ਦ੍ਰਿਸ਼ਟੀ ਤੋ ਪ੍ਰਭਾਵਿਤ ਹੋ ਕੇ ਸਾਹਿਤ ਦਾ ਸਮਾਜ ਨਾਲੋਂ ਰਿਸ਼ਤਾ ਤੋੜਦਾ ਹੋਇਆ ਵਿਅਕਤੀ ਦੀ ਘੋਰ ਨਿਰਾਸਤਾ ਅਤੇ ਲਘੂਤਾ ਦੇ ਮਾਨਸਿਕ ਬਿੰਬ ਦਾ ਸਮੂਰਤਨ ਉਦਯੋਗਿਕ ਸੰਸਕ੍ਰਿਤੀ ਵਿਚੋਂ ਪੈਦਾ ਹੋਈਆਂ ਅਨੁਭਵ—ਪ੍ਰਣਾਲੀਆਂ ਅਤੇ ਰਚਨਾ—ਪ੍ਰਣਾਲੀਆਂ ਰਾਹੀਂ ਕਰਨ ਵੱਲ ਰੁਚਿਤ ਸੀ। ਤੀਜਾ, ਆਜ਼ਾਦੀ ਤੋਂ ਬਾਆਦ ਰਾਜਸ਼ੀ ਸੱਤਾ ਉਤੇ ਕਾਬਜ ਦੇਸੀ ਬੁਰਜਆਜ਼ੀ ਦੀਆਂ ਆਰਥਿਕ ਨੀਤੀਆਂ ਦੇ ਫਲਸਰੂਪ ਨਿਮਨ ਕਿਸਾਨੀ, ਕਾਮਾ ਤੇ ਕਿਰਤੀ ਸ਼੍ਰੇਣੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਸੀ। ਪ੍ਰਬੰਧਕੀ ਤੇ ਰਾਜਸੀ ਢਾਂਚੇ ਵਿਚ ਵੱਧਦੇ ਭ੍ਰਿਸ਼ਟਾਚਾਰ, ਕੁੰਨਬਾਪ੍ਰਸਤੀ, ਲੁੱਟਖਸੁੱਟ, ਵੱਧਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਆਦਿ ਦੇ ਬੇਰੋਕ ਵਰਤਾਰੇ ਨੇ ਆਮ ਬੰਦੇ ਵਿਚ ਆਜ਼ਾਦੀ ਦੀ ਖੁਸਹਾਲੀ ਦਾ ਜੋ ਸੁਪਨਾ ਜਗਾਇਆ ਸੀ, ਉਸਦਾ ਭਰਮ ਭੰਜਨ ਹੋਣ ਲੱਗਾ। ਹਰ ਤਰਾਂ ਦੇ ਆਦਰਸ਼ ਅਤੇ ਮੁੱਲਾਂ ਦੀ ਥਾਂ ਅਰਥਹੀਣਤਾ ਤੇ ਮੁੱਲਹੀਣਤਾ ਵਿਅਕਤੀ ਵਿਹਾਰ ਦਾ ਫੈਸ਼ਨ ਬਣ ਰਹੀ ਸੀ। ਇਸ ਰੋਗ ਦੀਆਂ ਅਲਾਮਤਾਂ ਦਾ ਮੁਜੱਸਮਾ ਸਹਿਤ ਵਿਚ ਆਧੁਨਿਕਤਾਵਾਦੀ ਸਿਰਜਣਾਤਮਕਤਾ ਦੀ ਆਧਾਰ—ਭੂਮੀ ਅਤੇ ਦ੍ਰਿਸ਼ਟੀ—ਭੂਮੀ ਬਣਕੇ ਸਾਹਿਤ ਵਿਚ ਅਣਸਾਹਿਕਤਾ ਨੂੰ ਸਿਰਜਣਾਤਮਕਤਾ ਦੇ ਪ੍ਰਤਿਮਾਨ ਜ਼ੋ ਸਥਾਪਿਤ ਕਰ ਰਿਹਾ ਸੀ। ਗੁਰਦਿਆਲ ਸਿੰਘ ਨੇ ਉਪਰੋਕਰਤ ਤਰ੍ਹਾਂ ਦੇ ਪ੍ਰਯੋਗਵਾਦੀ / ਆਧੁਨਿਕਤਾਵਾਦੀ ਰੁਝਾਨ ਦਾ ਤ੍ਰਿਸਕਾਰ ਕੀਤਾ।ਉਸ ਨੇ ਮਨ ਦੀਆਂ ਘੁੰਣਤਰਬਾਜ਼ੀਆਂ ਤੇ ਘੁਤੱਤਬਾਜ਼ੀਆਂ ਨੂੰ ਆਪਣੀਆਂ ਰਚਨਾਵਾਂ ਦੀ ਵਸਤ ਨਹੀਂ ਬਣਨ ਦਿੱਤਾ।ਉਸਨੇ ਸਾਡੀ ਜਾਤੀ ਜਮਾਤੀ ਸੰਸਕ੍ਰਿਤੀ ਵਿਚਲੇ ਅੰਤਰ—ਵਿਰੋਧਾਂ ਨੂੰ ਆਪਣੇ ਅਨੁਭਵ ਅਤੇ ਅਧਿਐਨ ਰਾਹੀ ਸਮਝਿਆ। ਜ਼ਾਤੀ—ਜਮਾਤੀ ਵੰਡ ਵਿਤਕਰਿਆਂ ਪਿਛੇ ਕਾਰਜਸ਼ੀਲ ਸ਼ੋਸ਼ਣਕਾਰੀ ਸੁਭਾਅ ਦੀ ਪਛਾਣ ਕੀਤੀ। ਸਾਡੇ ਆਖੌਤੀ ਬੁੱਧੀ ਜੀਵੀਂਆਂ ਦੇ ਉਸ ਤਰਕ ਨੂੰ ਨਕਾਰਿਆ ਜਿਹੜਾ ਨਿਮਨ ਅਤੇ ਕਿਰਤੀ ਸ੍ਰੇ਼਼ਣੀਆ ਦੇ ਪਛੜੇਪਣ ਨੂੰ ਸਮਾਜਿਕ—ਆਰਥਿਕ ਰਿਸ਼ਤਿਆਂ ਨਾਲ ਜੋੜਣ ਦੀ ਥਾਂ ਉਨਾਂ ਦੇ ਚੇਤਨਾਗਤ ਪਛੜੇਵੇਂ ਨਾਲ ਜੋੜਕੇ ਉਨਾਂ ਦੀ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਲਈ ਸੋ਼ਸ਼ਣਕਾਰੀ ਵਰਗ ਦਾ ਪੱਖ ਪੂਰਦੇ ਹਨ।
ਉਸਨੇ ਆਪਣੀਆਂ ਲਿਖਤਾਂ ਵਿਚ ਰੁਮਾਂਟਿਕ ਜਾਂ ਆਦਰਸ਼ਵਾਦੀ ਨਾਇਕ ਸਿਰਜਣ ਦੀ ਥਾਂ ਸਾਡੇ ਸਮਾਜ ਦੇ ਅਣਗੌਲੇ ਅਤੇ ਅਣਹੋਏ ਲੋਕਾਂ ਨੂੰ ਆਪਣੀਆਂ ਰਚਨਾਵਾਂ ਵਿਚ ਕੇਂਦਰੀ ਪਾਤਰ ਬਣਾਇਆ ਹੈ ਅਤੇ ਉਨ੍ਹਾਂ ਦੇ ਤਨਾਉ ਨੂੰ ਉਨਾਂ ਦੀ ਇਤਿਹਾਸਕ—ਸੰਸਕ੍ਰਿਤੀ ਸਮੁੱਚਾ ਅਤੇ ਜਟਿਲਤਾ ਦੇ ਪ੍ਰਸੰਗ ਵਿੱਚ ਪੇਸ਼ ਕੀਤਾ। ਸਾਡੇ ਗਤੀਸ਼ੀਲ ਸਮਾਜਕ ਯਥਾਰਥ ਨੂੰ ਉਸ ਦੇ ਕਲਾਤਮਕ—ਬੋਧ ਵਿਚ ਗ੍ਰਹਿਣ ਕਰਨ, ਉਸ ਦਾ ਉਸ ਦੇ ਗਲਪੀ ਵਿਵੇਕ ਸਮੇਤ ਸਮੂਰਤਨ ਕਰਨ ਅਤੇ ਪੰਜਾਬੀ ਗਲਪ ਵਿਚ ਪ੍ਰਮਾਣਿਕ—ਤ੍ਰਾਸ਼ਦ ਨਾਵਲ ਲਿਖਤ ਦੀ ਪਿਰਤ ਵੀ ਉਸ ਦੀਆਂ ਗਲਪ ਰਚਨਾਵਾਂ ਤੋਂ ਹੀ ਮੰਨੀ ਜਾਂਦੀ ਹੈ।
ਗੁਰਦਿਆਲ ਸਿੰਘ ਨੇ ਆਪਣੀ ਪਹਿਲੀ ਕਹਾਣੀ 1955 ਈ: ਵਿਚ ਲਿਖੀ ਅਤੇ ਉਸ ਦੀ ਪਹਿਲੀ ਕਹਾਣੀ 1957 ਈ: ਵਿਚ ਪੰਜ ਦਰਿਆ ਦੇ ਸਤੰਬਰ ਅੰਕ ਵਿਚ ਪ੍ਰਕਾਸ਼ਿਤ ਹੋਈ। ਉਸ ਤਂੋ ਬਾਅਦ ਪ੍ਰੀਤਲੜੀ, ਪੰਜ ਦਰਿਆ ਅਤੇ ਆਰਸੀ ਵਰਗੇ ਸਾਹਿਤਕ ਪੱਤਰਾਂ ਵਿਚ ਉਸ ਦੀਆਂ ਕਹਾਣੀਆਂ ਛਪਦੀਆਂ ਗਈਆਂ। ਬੱਚਿਆ ਲਈ ਕਹਾਣੀ ਸੰਗ੍ਰਿਹ ਬਕਲਮਖੁਦ (1960) ਉਸ ਦੀ ਪਹਿਲੀ ਪ੍ਰਕਾਸ਼ਿਤ ਪੁਸਤਕ ਹੈ। ਆਪਣਾ ਪਹਿਲਾ ਨਾਵਲ ਮੜ੍ਹੀ ਦਾ ਦੀਵਾ (1964 ਈ:) ਛੱਪਣ ਤੋਂ ਪਹਿਲਾਂ ਉਸਨੇ ਗੋਰਕੀ ਦੀ ਪੁਸਤਕ ਮੇਰਾ ਬਚਪਨ ਦਾ ਪੰਜਾਬੀ ਅਨੁਵਾਦ ਕੀਤਾ। ਮੜ੍ਹੀ ਦਾ ਦੀਵਾ ਉਸ ਦਾ ਪਹਿਲਾ ਨਾਵਲ ਹੈ ਜਿਸਨੇ ਗੁਰਦਿਆਲ ਸਿੰਘ ਨੂ਼ੰ ਇੱਕ ਪ੍ਰਮਾਣਿਕ ਤ੍ਰਾਸਦ ਲਿਖਣ ਵਾਲੇ ਨਾਵਲਕਾਰ ਵੱਜੋਂ ਸਾਹਿਤਕ ਤੇ ਅਕਾਦਮਿਕ ਹਲਕਿਆ ਵਿਚ ਸਥਾਪਿਤ ਕੀਤਾ। ਪ੍ਰਕਾਸ਼ਿਤ ਰਚਨਾਵਾਂ ਵਿੱਚ ਉਸ ਦੇ ਦਸ ਨਾਵਲ, ਦਸ ਕਹਾਣੀ—ਸੰਗ੍ਰਹਿ, ਤਿੰਨ ਨਾਟਕ, ਚਾਰ ਵਾਰਤਕ ਦੀਆਂ ਪੁਸਤਕਾਂ, ਇੱਕ ਦਰਜਨ ਦੇ ਕਰੀਬ ਬੱਚਿਆਂ ਲਈ ਪੁਸਤਕਾ ਅਤੇ ਦੋ ਭਾਗਾਂ ਵਿੱਚ ਛਪੀ ਸਵੈ—ਜੀਵਨੀ ਹੈ। ਇਸ ਤੋਂ ਇਲਾਵਾ ਉਸ ਨੇ ਭਾਰਤੀ ਭਾਸ਼ਾਵਾਂ ਵਿੱਚ ਤਿੰਨ ਦਰਜਨ ਦੇ ਕਰੀਬ ਨਾਵਲਾਂ ਅਤੇ ਕਹਾਣੀ—ਸੰਗ੍ਰਹਿ ਦਾ ਅਨੁਵਾਦ ਵੀ ਕੀਤਾ ਹੈ। ਪੰਜਾਬੀ ਦਾ ਉਹ ਅਜਿਹਾ ਸਾਹਿਤਕਾਰ ਹੈ ਜਿਸ ਨੂੰ ਸਰਕਾਰੀ ਤੇ ਗੈ਼ਰ—ਸਰਕਾਰੀ ਅਦਾਰਿਆਂ ਤੋਂ ਇਲਾਵਾ ਆਮ ਪਾਠਕਾਂ ਨੇ ਵੀ ਸ਼਼੍ਰੋਮਣੀ ਸਾਹਿਤਕਾਰ ਵਜੋਂ ਮਾਨਤਾ ਦਿਤੀ ਹੈ। ਪਦਮ ਸ਼੍ਰੀ ਸਨਮਾਨ ਤੇ ਗਿਆਨਪੀਠ ਪੁਰਸਕਾਰਾਂ ਤੋਂ ਇਲਾਵਾ ਪੰਜਾਬੀ ਦਾ ਉਹ ਇਕ ਅਜਿਹਾ ਸਾਹਿਤਕਾਰ ਹੈ ਜਿਸ ਦੇ ਨਾਵਲ ਮੜ੍ਹੀ ਦਾ ਦੀਵਾ ਉਤੇ ਅਧਾਰਿਤ ਫਿਲਮ ਨੂੰ 1990 ਦਾ ਖੇਤਰੀ ਭਾਸ਼ਾ—ਫਿਲਮਾਂ ਦਾ ਸਰਵੋਤਮ ਪੁਰਸਕਾਰ ਮਿਲਿਆ ਹੈ। ਮੁੰਬਈ ਦੇ ਫਿਲਮ ਮੇਲੇ ਵਿੱਚ ਪ੍ਰਦਰਸ਼ਿਤ ਕਰਨ ਲਈ ਇਸੇ ਫਿਲਮ ਨੂੰ ਸੰਸਾਰ ਭਰ ਦੀਆਂ 36 ਫਿਲਮਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਇਉਂ ਗੁਰਦਿਆਲ ਸਿੰਘ ਦਾ ਸ਼ਬਦ ਸਿਰਜਣ ਕਾਲ ਅੱਧੀ ਸਦੀ ਤੋਂ ਉਪਰ ਦਾ ਬਣਦਾ ਹੈ। ਉਸ ਦੀਆਂ ਰਚਨਾਵਾਂ ਵਸਤ, ਵਿਧੀ ਅਤੇ ਦ੍ਰਿਸ਼ਟੀ ਪੱਖੋਂ ਜਿੱਥੇ ਉਸ ਦੀ ਸਾਹਿਤਕ ਵਿਲੱਖਣਤਾ ਦੀਆਂ ਸੂਚਕ ਹਨ, ਉਥੇ ਉਸਨੇ ਪੰਜਾਬੀ ਦੇ ਅਨੇਕ ਨਵੇਂ ਲੇਖਕਾਂ ਉਤੇ ਆਪਣੀ ਸਿਰਜਣਾਤਮਕਤਾ ਦਾ ਪ੍ਰਭਾਵ ਵੀ ਛੱਡਿਆ ਹੈ।
ਪੰਜਾਬੀ ਸਾਹਿਤ ਵਿੱਚ ਗੁਰਦਿਆਲ ਸਿੰਘ ਨੇ ਆਪਣਾ ਪ੍ਰਵੇਸ਼ ਇੱਕ ਕਹਾਣੀਕਾਰ ਵਜੋਂ ਕੀਤਾ ਪ੍ਰੰਤੂ ਉਸ ਨੂੰ ਮਾਨਤਾ ਸਭ ਤੋਂ ਵੱਧ ਇੱਕ ਨਾਵਲਕਾਰ ਵਜੋਂ ਮਿਲੀ। ਡਾ. ਟੀ.ਆਰ.ਵਿਨੋਦ ਨੇ ਗੁਰਦਿਆਲ ਸਿੰਘ ਦੇ ਕਹਾਣੀ ਸੰਗ੍ਰਹਿ ਕਰੀਰ ਦੀ ਢਿੰਗਰੀ ਦੇ ਮੁੱਖ ਸ਼ਬਦਾਂ ਵਿੱਚ ਇਸ ਦਾ ਕਾਰਣ ਉਸ ਦੀ ਨਾਵਲ ਕਲਾ ਦੀ ਪ੍ਰਾਪਤੀ ਦਾ ਇਵਜ਼ਾਨਾ ਜਾਂ ਪੰਜਾਬੀ ਆਲੋਚਨਾ ਦੀ ਕਿਸੇ ਰੀਤ ਦਾ ਸਿੱਟਾ ਮੰਨਿਆ ਹੈ। ਅਸਲ ਗੱਲ ਇਹ ਹੈ ਕਿ ਉਸ ਦੇ ਨਾਵਲਾਂ ਬਾਰੇ ਜਿਵੇਂ ਪੰਜਾਬੀ ਦੇ ਸਥਾਪਿਤ ਆਲੋਚਕਾਂ ਨੇ ਗੰਭੀਰ ਚਰਚਾ ਕੀਤੀ ਹੈ, ਅਜਿਹੀ ਗੰਭੀਰ ਚਰਚਾ ਉਸ ਦੀਆਂ ਕਹਾਣੀਆਂ ਬਾਰੇ ਨਹੀਂ ਹੋ ਸਕੀ। ਇਸ ਦੇ ਬਾਵਜੂਦ ਸਿਰਜਣਾਤਮਕ ਤੇ ਗਿਣਾਤਮਕ ਪੱਖੋਂ ਗੁਰਦਿਆਲ ਸਿੰਘ ਦਾ ਆਧੁਨਿਕ ਪੰਜਾਬੀ ਕਹਾਣੀ ਸਾਹਿਤ ਵਿੱਚ ਗੁਣਾਤਮਕ ਯੋਗਦਾਨ ਹੈ। ਮਾਲਵੇ ਦੀ ਭੂਮੀ, ਭੂਮੀ—ਸਬੰਧ, ਸਮਾਜ, ਸਭਿਆਚਾਰਕ ਅਤੇ ਇਸ ਦੇ ਸਮਾਜਿਕ—ਆਰਥਿਕ ਰਿਸ਼ਤਿਆਂ ਦਾ ਸੁਭਾਅ ਅਤੇ ਇਨ੍ਹਾਂ ਵਿੱਚ ਅੰਤਰ—ਵਿਰੋਧਾਂ ਦਾ ਖ਼ਾਸਾ ਆਦਿ ਉਸ ਦੀਆਂ ਕਹਾਣੀਆਂ ਦੀ ਰਚਨਾ—ਵਸਤੂ ਦੀ ਕੇਂਦਰੀ ਚੂਲ ਵਜੋਂ ਰੂਪਮਾਨ ਹੋਇਆ ਹੈ। ਇਨ੍ਹਾਂ ਵਿਚਲੇ ਪਾਤਰ ਜ਼ਿੰਦਗੀ ਦੀਆਂ ਕਠੋਰਤਾਵਾਂ, ਕਰੂਪਤਾਵਾਂ ਅਤੇ ਕਰੂਰਤਾਵਾਂ ਨਾਲ ਖਹਿੰਦੇ, ਢਹਿੰਦੇ ਅਤੇ ਸਹਿੰਦੇ ਅਜਿਹੇ ਸਾਧਾਰਨ ਲੋਕ ਹਨ ਜਿਹੜੇ ਪਦਾਰਥਕ ਤੇ ਸਮਾਜਕ ਰਿਸ਼ਤਿਆਂ ਦਾ ਆਨੰਦ ਭੋਗਣ ਦੀ ਇੱਛਾ ਤਾਂ ਰੱਖਦੇ ਹਨ ਪ੍ਰੰਤੂ ਵਸਤੂ—ਸਥਿਤੀ ਵਿਚਲੇ ਆਰਥਕ ਪਾੜੇ ਅਤੇ ਜਾਤੀਗਤ ਪੀਡੀ ਪਕੜ ਕਰਕੇ ਇਨ੍ਹਾਂ ਦੀ ਪੂਰਤੀ ਕਰਨ ਤੋਂ ਅਸਮਰਥ ਹਨ। ਪਰਿਸਥਿਤੀਆਂ ਦੀ ਪ੍ਰਤਿਕੂਲਤਾ ਉਨ੍ਹਾਂ ਵਿੱਚ ਰੋਸ ਤੇ ਰੋਹ ਤਾਂ ਜਗਾਉਂਦੀ ਹੈ ਪ੍ਰੰਤੂ ਆਪਣੀਆਂ ਸੰਸਕ੍ਰਿਤਕ ਸੀਮਾਵਾਂ ਅਤੇ ਸੰਘਰਸ਼ ਦੀ ਕਿਸੇ ਸਜੱਗ ਚੇਤਨਾ ਤੋਂ ਵਿਰਵੇ ਇਹ ਲੋਕ ਤਨਾਉ/ਤ੍ਰਾਸਦੀ ਦੇ ਭਾਗੀਦਾਰ ਬਣਦੇ ਹਨ।ਸੱਗੀਫੁੱਲ, ਜਿਉਂਦਿਆ ਦੇ ਮੇਲੇ, ਗਊ ਹੱਤਿਆ, ਨਧਾਣਾ ਅਧਮਾਣ, ਟੀਸੀ ਦੀ ਕਹਾਣੀ ਆਦਿ ਵਰਗੀਆਂ ਕਹਾਣੀਆਂ ਇਸੇ ਭਾਂਤ ਦੇ ਤਨਾਉ ਨੂੰ ਰੂਪਮਾਨ ਕਰਨ ਵਾਲੀਆਂ ਉਸ ਦੀਆਂ ਪ੍ਰਤੀਨਿਧ ਕਹਾਣੀਆਂ ਹਨ। ਕਰੀਰ ਦੀ ਢਿੰਗਰੀ, ਮੇਲਾ ਮਵੈਸ਼ੀਆਂ ਵਰਗੀਆਂ ਕਹਾਣੀਆਂ ਵਸਤੂਗਤ ਪਰਸਥਿਤੀਆਂ ਵਿਰੁੱਧ ਵਿਦਰੋਹ ਨੂੰ ਉਕਸਾਉਣ ਵਾਲੀਆਂ ਕਹਾਣੀਆਂ ਹਨ। ਗੁਰਦਿਆਲ ਸਿੰਘ ਦੀ ਕਹਾਣੀ—ਚੇਤਨਾ ਦੀ ਵੱਡੀ ਪ੍ਰਾਪਤੀ ਇਸ ਗੱਲ ਵਿੱਚ ਹੈ ਕਿ ਉਸਦੇ ਸਿਰਜਣਾਤਮਕ ਅਮਲ ਵਿੱਚ ਵਿਅੰਗ ਤੇ ਕਟਾਖ, ਵਿਰੋਧਾਭਾਸ ਤੇ ਵਿਡੰਬਣਾ, ਯਥਾਰਥ ਤੇ ਚਿੰਤਨ, ਸਥਿਤੀ ਤੇ ਗਤੀ ਇਕ ਦੂਜੇ ਦੇ ਨਾਲ ਅੰਤਰ—ਸਬੰਧਿਤ ਹੋ ਕੇ ਵਸਤੂ—ਸਥਿਤੀਆਂ ਪ੍ਰਤੀ ਨਾ ਤਾਂ ਰੰਗੀਨ ਸ਼ੁਪਨਸਾਜੀ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਓਪਰੇ, ਅਨੋਖੇ ਜਾਂ ਅਲੌਕਿਕ ਕਰਾਮਾਤਾਂ ਵਾਲੇ ਪ੍ਰਪੰਚ ਵਜੋਂ ਗ੍ਰਹਿਣ ਕਰਦੇ ਹੋਏ ਇਸ ਦਾ ਵਚਿੱਤਰ ਸਿਰਜਣ ਕਰਦੇ ਹਨ। ਗੁਰਦਿਆਲ ਸਿੰਘ ਦੀ ਯਥਾਰਥਵਾਦੀ ਅਤੇ ਲੋਕ—ਮੁੱਖੀ ਦ੍ਰਿਸ਼ਟੀ ਤਾਂ ਸਗੋਂ ਸਾਡੀ ਪੇਂਡੂ ਕਿਸਾਨੀ ਤੇ ਕਿਰਤੀ ਜਮਾਤ ਦੇ ਵੰਨ—ਸੁੑਵੰਨੇ ਸੰਸਕਾਰਾਂ, ਸੋਚਾਂ, ਲੋਚਾਂ, ਕਿਰਿਆਵਾਂ ਤੇ ਪ੍ਰਤਿਕ੍ਰਿਆਵਾਂ ਦਾ ਨਿਰੂਪਨ ਸੁਹਜ ਦੇ ਕੁਹਜ ਦੀ ਵਿਰੋਧ—ਜੁੱਟੀ ਟੱਕਰ ਵਿੱਚ ਕਰਦੇ ਹਨ। ਅਜਿਹਾ ਨਿਰੂਪਣ ਜਿੱਥੇ ਸਾਡੀ ਜਾਤੀ—ਜਮਾਤੀ ਸੰਸਕ੍ਰਿਤੀ ਦੀਆਂ ਆਧਾਰਕ ਸੰਰਚਨਾਵਾਂ ਅਤੇ ਉਪਰ ਉਸਰੀਆਂ ਸਮਾਜਿਕ ਸੰਸਥਾਵਾਂ ਤੇ ਸਮਾਜਕ ਰਿਸ਼ਤਿਆਂ ਵਿਚਲੀ ਵੰਡ ਤੇ ਵਿਤਕਰਿਆ ਦੇ ਸੁਭਾਅ ਅਤੇ ਇਨ੍ਹਾਂ ਵਿਚਲੇ ਅੰਤਰ—ਵਿਰੋਧਾਂ ਦੇ ਸਾਰ ਦਾ ਆਭਾਸ ਕਰਵਾਉਂਦਾ ਹੈ, ਉਥੇ ਸਾਡੀ ਨਿਮਨ ਕਿਸਾਨੀ ਤੇ ਕਿਰਤੀ ਸ਼਼੍ਰੇਣੀ ਦੀਆਂ ਤਨਾਓਮਈ ਸਥਿਤੀਆਂ ਨੂੰ ਉਨ੍ਹਾਂ ਦੀ ਸਮੁੱਚਤਾ, ਜਟਿਲਤਾ ਤੇ ਗਤੀਸ਼ੀਲਤਾ ਵਿੱਚ ਰੂਪਮਾਨ ਕਰਦਾ ਹੈ। ਇਉਂ ਗੁਰਦਿਆਲ ਸਿੰਘ ਆਪਣੀ ਵਸਤ ਦੀ ਗਹਿਰਾਈ, ਵਿਧੀ ਦੀ ਪਕਿਆਈ ਅਤੇ ਦ੍ਰਿਸ਼ਟੀ ਦੀ ਪ੍ਰੋਢਤਾਈ ਰਾਹੀਂ ਪੰਜਾਬੀ ਕਹਾਣੀ ਦੀਆਂ ਰੂਪਗਤ ਸੰਭਾਵਨਾ ਨੂੰ ਵੱਧ ਵਿਸਤਾਰ ਦੇਣ ਵਾਲੇ ਇਕ ਸਮਰਥਾਵਾਨ ਤੇ ਸੂਝਵਾਨ ਕਥਾਕਾਰ ਵਜੋਂ ਆਪਣੀ ਵਿਲੱਖਣ ਪਛਾਣ ਬਣਾਉਂਦਾ ਹੈ।
ਗੁਰਦਿਆਲ ਸਿੰਘ ਨੇ ਜਦੋਂ ਆਪਣਾ ਪਹਿਲਾ ਨਾਵਲ ਮੜੀ ਦਾ ਦੀਵਾ (1964) ਪ੍ਰਕਾਸਿ਼ਤ ਕਰਵਾਇਆ, ਉਸ ਸਮੇ ਤੱਕ ਪੰਜਾਬੀ ਵਿੱਚ ਬਹੁਤੇ ਨਾਵਲ ਤਿੰਨ ਤਰ੍ਹਾਂ ਦੀਆਂ ਰਚਨਾ—ਦ੍ਰਿਸ਼ਟੀਆਂ (ਧਾਰਮਿਕ, ਆਦਰਸ਼ਵਾਦੀ—ਸੁਧਾਰਵਾਦੀ, ਪ੍ਰਗਤੀਵਾਦੀ) ਤੋਂ ਪ੍ਰਭਾਵਿਤ ਸਨ। ਇਨ੍ਹਾਂ ਦਾ ਸਾਂਝਾ ਲੱਛਣ ਇਹ ਹੈ ਕਿ ਇਹ ਤਿੰਨੋਂ ਤਰ੍ਹਾਂ ਦੀਆਂ ਪਹੁੰਚ—ਦ੍ਰਿਸ਼ਟੀਆਂ ਨਾਵਲ ਵਿੱਚ ਨਾਇਕ ਦਾ ਸਿਰਜਣ ਕਰਦੀਆਂ ਹਨ ਜਿਹੜਾ ਵਿਅਕਤੀ ਤੇ ਵਿਵਸਥਾ ਵਿਚਲੇ ਖਲਨਾਇਕੀ ਸੁਭਾਅ ਦੇ ਕਾਇਆਕਲਪੀ ਲਈ ਕਿਸੇ ਇੱਕ ਭਾਵ ਦ੍ਰਿਸਟੀ ਨੂੰ ਆਪਣੇ ਵਿਚਾਰ ਅਤੇ ਵਿਹਾਰ ਦਾ ਆਧਾਰ ਬਣਾਉਂਦਾ ਹੈ। ਨਾਵਲ ਦਾ ਸਮੁੱਚਾ ਸੰਗਠਨਾਤਮਕ ਮਾਡਲ ਇਸੇ ਵਿਰੋਧ—ਜ਼ੱਟੀ ਸਿਰਜਣ ਵਿੱਚੋਂ ਆਪਣੇ—ਆਪਣੇ ਆਦਰਸ਼ਾਂ ਤੇ ਮੁੱਲਾਂ ਦੀ ਸਥਾਪਨਾ ਰਾਹੀਂ ਲੇਖਕ ਦੀ ਉਦੇਸ਼—ਮੁਖਤਾ ਦੀ ਤਰਜਮਾਨੀ ਕਰਦਾ ਹੈ। ਸਿੱਟੇ ਵਜੋਂ ਅਜਿਹੀਆਂ ਭਾਵ—ਦ੍ਰਿਸਟੀਆਂ ਤੋਂ ਲਿਖੇ ਨਾਵਲ ਸੁਖਾਂਤ—ਦ੍ਰਿਸਟੀ ਦੇ ਤਾਂ ਧਾਰਣੀ ਬਣਦੇ ਹਨ ਪਰੰਤੂ ਅਜਿਹੀ ਸੁਖਾਂਤ ਰਚਨਾ ਪਾਠਕ ਦੀ ਚੇਤਨਾ ਤੇ ਸੰਵੇਦਨਾ ਵਿੱਚ ਉਠੀ ਬੇਚੈਨੀ ਨੂੰ ਸ਼ਾਂਤ ਕਰਦੀ ਹੋਈ ਉਸ ਵਿੱਚ ਵਸਤੂ ਯਥਾਰਤ ਪ੍ਰਤੀ ਪੈਦਾ ਹੋਏ ਰੋਹ ਦੇ ਜੋਸ਼ ਨੂੰ ਖਾਰਜ ਕਰ ਦਿੰਦੀ ਹੈ ਕਿਉਂਕਿ ਇਹ ਨਾਵਲ ਸਥਿਤੀਆਂ ਦੇ ਸੁਭਾਵਿਕ ਵਿਕਾਸ—ਵੇਗ ਦੀ ਥਾਂ ਰਚਨਾਕਾਰ ਦੇ ਮਨ—ਇਛਿਤ ਵਿਕਾਸ ਵੇਗ ਅਨੁਸਾਰ ਢਲਿਆ ਹੁੰਦਾ ਹੈ। ਇਸ ਲਈ ਇਹ ਆਪਣਾ ਗਲਪੀ ਵਿਵੇਕ ਖੋਅ ਬਹਿੰਦਾ ਹੈ ਅਤੇ ਆਪਣੇ ਕਲਾਤਮਕ ਰੂਪਾਂਤ੍ਰਣ ਵਿੱਚ ਇਹ ਪ੍ਰਤਿਨਿਧ ਯਥਾਰਥ ਦੀ ਥਾਂ ਵਿਰਲਾ ਯਥਾਰਥ ਪ੍ਰਤੀਤ ਹੁੰੰਦਾ ਹੈ। ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਆਪਣੇ ਦਸ ਨਾਵਲਾਂ ਰਾਹੀਂ ਭਰਵਾਂ ਤੇ ਭਾਵਪੂਰਤ ਯੋਗਦਾਨ ਪਾਇਆ ਹੈ। ਉਸ ਦੇ ਨਾਵਲ ਸਿਰਜਣ ਦੀ ਵਿੱਲਖਣਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਸਾਡੇ ਗਤੀਸ਼ੀਲ ਸਮਾਜਕ ਯਥਾਰਥ ਨੂੰ ਉਸਦੇ ਕਲਾਤਮਕ—ਬੋਧ ਵਿੱਚ ਗ੍ਰਹਿਣ ਕਰਦੇ ਹੋਏ ਉਸ ਦਾ ਗਲਪੀ—ਵਿਵੇਕ ਸਮੇਤ ਸਮੂਰਤਨ ਕੀਤਾ ਹੈ। ਸਾਡੇ ਸਮਾਜ ਦੇ ਨਿਮਾਣੇ ਤੇ ਨਿਤਾਣੇ ਮਨੁੱਖ ਨੂੰ ਆਪਣੇ ਨਾਵਲਾਂ ਦੇ ਕੇਂਦਰੀ ਪਾਤਰ ਬਣਾਉਂਦੇ ਹੋਏ ਉਨ੍ਹਾਂ ਦੀ ਹੌਂਦ ਤੇ ਹੋਣੀ ਨੂੰ ਉਨ੍ਹਾਂ ਦੀਆਂ ਇਤਿਹਾਸਕ—ਸੰਸਕ੍ਰਿਤਕ ਸਥਿਤੀਆਂ ਦੀ ਸਮੁੱਚਤਾ ਤੇ ਜਟਿਲਤਾ ਦੇ ਪ੍ਰਸੰਗ ਵਿੱਚ ਪ੍ਰਸਤੁਤ ਕੀਤਾ ਹੈ। ਉਸ ਦਾ ਨਾਵਲ ਮੜ੍ਹੀ ਦਾ ਦੀਵਾ(1964) ਜਦੋਂ ਛਪਿਆ ਤਾਂ ਪੰਜਾਬੀ ਦੇ ਲਗਭਗ ਸਾਰੇ ਨਾਮਵਰ ਅਲੋਚਕਾਂ ਵਲੋਂ ਇਸ ਦਾ ਸੁਆਗਤ ਕੀਤਾ ਗਿਆ। ਡਾ. ਅਤਰ ਸਿੰਘ ਨੇ ਇਸ ਨਾਵਲ ਨੂੰ “ਪੰਜਾਬੀ ਗਲਪ ਵਿੱਚ ਨਵੀਂ ਲੀਹ ਪਾਉਣ ਵਾਲੀ ਰਚਨਾ” ਗਰਦਾਨਿਆ। ਪ੍ਰੋ. ਗੁਰਬਚਨ ਸਿੰਘ ਤਾਲਿਬ ਨੇ ਇਸ ਨਾਵਲ ਨੂੰ “ਪੰਜਾਬੀ ਗਲਪ ਵਿੱਚ ਇੱਕ ਨਵੀਂ ਸੁਰ ਲਿਆਉਣ ਵਾਲੀ ਰਚਨਾ@ ਕਿਹਾ।ਡਾ. ਜੋਗਿੰਦਰ ਸਿੰਘ ਰਾਹੀ ਨੇ ਲਿਖਿਆ ਕਿ ‘‘ਇਸ ਨਾਲ ਪੰਜਾਬੀ ਨਾਵਲ ਆਪਣਾ ਆਸਣ ਬਦਲਦਾ ਹੈ।@ ਡਾ. ਟੀ.ਆਰ. ਵਿਨੋਦ ਨੇ ਇਸ ਨਾਵਲ ਨੂੰ ‘‘ਪੰਜਾਬੀ ਦਾ ਪਹਿਲਾ ਆਂਚਲਿਕ ਉਪਨਿਆਸ ਕਿਹਾ ਹੈ, ਜਿਸ ਵਿੱਚੋਂ ਮਾਲਵੇ ਦੀ ਵਿਲਖਣ ਸੰਸਕ੍ਰਿਤੀ ਦਾ ਚਿਤਰ ਉਗੜਦਾ ਹੈ।@ ਹਿੰਦੀ ਦੇ ਨਾਮਵਰ ਆਲੋਚਕ ਡਾ. ਨਾਮਵਰ ਸਿੰਘ ਨੇ ਲਿਖਿਆ ਹੈ ਕਿ ‘‘ਜਦੋਂ ਭਾਰਤੀ ਨਾਵਲ ਆਪਣੇ ਪਤਨ ਵੱਲ ਜਾ ਰਿਹਾ ਸੀ ਤਾਂ ਇੱਕ ਪੱਛੜੀ ਸਮਝੀ ਜਾਂਦੀ ਭਾਸ਼ਾ ਦੇ ਇੱਕ ਨਾਵਲ ਨੇ ਇਹਨੂੰ ਪਤਨ ਤੋਂ ਬਚਾਅ ਕੇ ਉਭਾਰਿਆ। ਇਹ ਨਾਵਲ ਸੀ ਗੁਰਦਿਆਲ ਸਿੰਘ ਦਾ ਮਾੜ੍ਹੀ ਦਾ ਦੀਵਾ ਤੇ ਭਾਸ਼ਾ ਸੀ ਪੰਜਾਬੀ।@
ਪਰਸ਼ਾ ਨਾਵਲ ਲਿਖਣ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਸੱਤ ਨਾਵਲ ਪ੍ਰੋਢ ਪਾਠਕਾਂ ਲਈ ਅਤੇ ਇੱਕ ਨਾਵਲ ਬੱਚਿਆਂ ਲਈ ਲਿਖਿਆ। ਉਸ ਦੇ ਪਹਿਲੇ ਸੱਤ ਨਾਵਲਾਂ ਵਿੱਚ ਉਸਦਾ ਯਥਾਰਥ ਬੋਧ ਭੂਪਵਾਦੀ ਸੰਸਕ੍ਰਿਤੀ ਦੀ ਵਿਸ਼ਮਤਾ ਦੇ ਪ੍ਰਸੰਗ ਵਿੱਚ ਮਨੁੱਖੀ ਜੂਨ/ਹੋਣੀ ਪ੍ਰਤੀ ਅਸੰਤੁਸ਼ਟਤਾ, ਨਫ਼ਰਤ ਜਾਂ ਵਿਯੋਗ ਦੇ ਵਿਵੇਕ ਨੂੰ ਸਾਧਾਰਨ ਮਨੁੱਖ ਦੇ ਟੁੱਟ ਜਾਣ ਜਾਂ ਹਾਰ ਜਾਣ ਨਾਲ ਜੋੜਦਾ ਹੈ। ਵਿਡੰਬਨਾ ਇਹ ਨਹੀਂ ਕਿ ਇਹ ਪਾਤਰ ਆਪਣੀਆਂ ਸਥਿਤੀਆਂ ਦੇ ਬਦਲਾਉ ਲਈ ਸਮਰੱਥ ਨਹੀਂ ਹਨ। ਉਹ ਸੁਖਾਵੀਂ ਜਿ਼ੰਦਗੀ ਦੇ ਸੁਪਨੇ ਤਾਂ ਲੈਂਦੇ ਹਨ ਪਰੰਤੂ ਆਪਣੀ ਜਾਤੀ ਜਮਾਤੀ ਸੰਸਕ੍ਰਿਤੀ ਵਿੱਚ ਵਿਚਰਦੀ ਭਾਰੂ ਧਿਰ ਦੀ ਧੌਂਸ ਦੰਭ ਤੇ ਮਾਨਵਦੋਖੀ ਸੁਭਾਅ ਤੇ ਵਿਹਾਰ ਕਾਰਣ ਅਤੇ ਇਸ ਸੰਸਕ੍ਰਿਤੀ ਦੀਆਂ ਸੀਮਾਵਾਂ ਤੇ ਸੰਸਕਾਰਾਂ ਵਿੱਚ ਜਕੜੇ, ਉਹ ਅਜਿਹਾ ਕਰਨ ਤੋਂ ਅਸਮਰਥ ਹਨ। ਇਸੇ ਸੰਸਕ੍ਰਿਤੀ ਦੇ ਮੁਲ—ਪ੍ਰਬੰਧ ਤੇ ਪ੍ਰਤਿਮਾਨ ਕਾਰਣ ਉਹ ਇਕੋ ਸਮੇਂ ਮੋਹ—ਮਾਇਆ ਲਈ ਤਾਂਘ ਵੀ ਰੱਖਦੇ ਹਨ, ਪਰੰਤੂ ਦੂਜੇ ਪਲ ਆਪਣੇ ਸੰਸਕਾਰਾਂ ਦੀ ਜਕੜਤਾ ਕਾਰਣ ਉਹ ਇਸ ਨੂੰ ਪਾਪ/ਭਰਮ ਵੀ ਮੰਨਦੇ ਹਨ। ਇੰਨ੍ਹਾਂ ਅੰਤਰ ਵਿਰੋੋਧਾਂ ਕਾਰਣ ਉਹ ਸੰਘਰਸ਼ ਦੀ ਸਜਗ ਚੇਤਨਾ ਦੇ ਲੜ ਨਹੀਂ ਲਗ ਸਕੇ। ਉਸ ਦਾ ਵੱਡਾ ਕਾਰਣ ਇਹ ਵੀ ਹੈ ਕਿ ਨਿੱਜੀ ਜਾਇਦਾਦ ਦੀ ਮਾਲਕੀਅਤ ਉਤੇ ਆਧਾਰਤ ਸਾਡੀ ਜਾਤ—ਜਮਾਤ ਤੇ ਆਰਥਿਕ— ਸੰਸਕ੍ਰਿਤਕ ਬਣਤਰ ਵਿੱਚ ਨਿਮਨ ਤੇ ਨਿਤਾਣੀਆਂ ਸ਼ੇ੍ਰਣੀਆਂ ਦੇ ਪਿਛੋਕੜ ਵਿੱਚ ਗਿਆਨ ਗ੍ਰਹਿਣ ਕਰਨ ਦੀ ਕੋਈ ਠੋਸ ਪਰੰਪਰਾ ਨਹੀਂ ਹੈ। ਇਸ ਲਈ ਜਿਊਂਣਾ ਉਨ੍ਹਾਂ ਦੀ ਮਰਜੀ ਨਾਲੋ ਮਜ਼ਬੂਰੀ ਜ਼ਿਆਦਾ ਹੈ।
ਪਰਸਾ (1992) ਗੁਰਦਿਆਲ ਸਿੰਘ ਦਾ ਅਜਿਹਾ ਨਾਵਲ ਜਿਹੜਾ ਮਨੁੱਖੀ ਹੋਂਦ ਦੇ ਤਨਾਉ ਨੂੰ ਰੂਪ—ਵਿਧਾਈ ਦੁਖਾਂਤ ਦੀ ਦ੍ਰਿਸ਼ਟੀ ਤੋਂ ਨਹੀਂ, ਸਗੋਂ ਸੁਝਾਊ/ਸੁਲਝਾਉ ਦੀ ਪ੍ਰਕਿਰਿਆ ਵਿੱਚ ਚਿਤਰਦਾ ਹੈ। ਜਿਵੇਂ ਮੜ੍ਹੀ ਦਾ ਦੀਵਾ ਨਾਵਲ ਰਾਹੀਂ ਪੰਜਾਬੀ ਨਾਵਲ ਵਿੱਚ ਸਫ਼ਲ ਤੇ ਪ੍ਰਮਾਣਕ ਤ੍ਰਾਸਦ ਨਾਵਲ ਲਿਖਣ ਦੀ ਪਿਰਤ ਬਝਦੀ ਹੈ, ਉਸੇ ਤਰ੍ਹਾਂ ਪਰਸਾ ਨਾਵਲ ਨਾਲ ਗੁਰਦਿਆਲ ਸਿੰਘ ਦਾ ਜਟਿਲ ਕਲਾਤਮਕ ਬੋਧ ਵੀ ਆਪਣਾ ਆਸਣ ਬਦਲਦਾ ਹੈ। ਇਸ ਨਾਵਲ ਵਿੱਚ ਭਾਵੇਂ ਤ੍ਰਾਸਦਿਕ ਵੇਰਵੇ ਹਨ, ਪਾਤਰਾਂ ਦੀ ਮੌਤ ਤੇ ਹਾਰ ਦੇ ਚਿਤਰ ਵੀ ਮਿਲਦੇ ਹਨ, ਪਰੰਤੂ ਇਸ ਨਾਵਲ ਦਾ ਕੇਂਦਰੀ ਪਾਤਰ ਪਰਸਾ ਦੂਜੇ ਨਾਵਲਾਂ ਦੇ ਕੇਂਦਰੀ ਪਾਤਰਾਂ ਵਾਂਗ ਅਣਹੋਇਆ ਦੀ ਤ੍ਰਾਸਦੀ ਦਾ ਭਾਗੀਦਾਰ ਨਹੀਂ ਬਣਦਾ, ਸਗੋਂ ਉਹ ਜੀਵਨ ਦੀ ਨਿਰੰਤਰਤਾ ਦੇ ਪ੍ਰਸੰਗ ਵਿੱਚ ਆਪਣੇ ਤਾਰਕਿਕ ਹੁੰਗਾਰੇ ਰਾਹੀਂ ‘ਹੋਇਆਂ’ ਵਿੱਚ ਸ਼ੁਮਾਰ ਹੁੰਦਾ ਹੈ। ਉਹ ਆਪਣੀਆਂ ਇਤਿਹਾਸਕ—ਸੰਸਕ੍ਰਿਤਕ ਪਰਿਸਥਿਤੀਆਂ ਵਿੱਚ ਪੈਦਾ ਹੋਈ ਸਥਿਰਤਾ ਤੇ ਜਟਿਲਤਾ ਨੂੰ ਆਪਣੀ ‘ਤਰਕ ਚੇਤਨਾ’, ਜਿਹੜੀ ਸਿਧਾਂਤਮੁਖ ਹੋਣ ਦੀ ਥਾਂ ਵਿਆਪਕ ਸਥਿਤੀਆਂ ਦੀ ਲੋੜ ਦੇ ਵਿਵੇਕ ਵਿੱਚੋਂ ਪੈਦਾ ਹੁੰਦੀ ਹੈ, ਰਾਹੀਂ ਵੰਗਾਰਦਾ ਹੈ। ਅਨੁਭਵ ਤੇ ਅਮਲ ਦੀ ਅੰਤਰ ਕਿਰਿਆ ਵਿੱਚੋਂ ਪੈਦਾ ਹੋਈ ਇਹ ‘ਤਰਕ ਚੇਤਨਾ’ ਪਰਸੇ ਦੇ ਅਮਲੀ ਜੀਵਨ ਦਾ ਆਧਾਰ ਬਣਦੀ ਹੈ। ਇਸੇ ਆਧਾਰ ‘ਤੇ ਉਹ ਸਮਾਜ ਦੇ ਅਪਣਾਉਣਯੋਗ ਤੇ ਨਕਾਰਨਯੋਗ ਮੱੁਲਾਂ ਵਿੱਚ ਅੰਤਰ ਕਰਦਾ ਹੈ। ਉਸ ਕੋਲ ਤੇਜ਼ ਬੁੱਧੀ ਹੈ ਤੇ ਆਪਣੇ ਕੋਲ ਡਾਂਗ ਵੀ ਰੱਖਦਾ ਹੈ। ਇਉਂ ਪਰਸਾ ਬੁੱਧੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਬਣ ਕੇ ਆਪਣੀਆਂ ਦਰਪੇਸ਼ ਸਥਿਤੀਆਂ ਤੇ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਸੁਰਖਰੂ ਹੋਣ ਦਾ ਯਤਨ ਕਰਦਾ ਹੈ। ਨਾਵਲ ਦੀ ਖੁਬਸੂਰਤੀ ਇਹ ਹੈ ਕਿ ਇਹ ਸਭ ਕੁਝ ਨਾਵਲ ਦੇ ਗਲਪੀ ਅਮਲ ਵਿੱਚੋਂ ਸਹਿਜ ਰੂਪ ਵਿੱਚ ਰੂਪਮਾਨ ਹੁੰਦਾ ਹੈ। ਆਪਣੀ ਸਥਿਤੀ ਤੋਂ ਉਪਰ ਉਠਣ ਅਤੇ ਪਰਿਸਥਿਤੀਆਂ ਉੱਤੇ ਕਾਬੂ ਪਾਉਣ ਦੇ ਰਚਨਾਤਮਕ ਅਮਲ ਵਿੱਚ ਲੇਖਕ ਧਰਮ, ਦਰਸ਼ਨ, ਨੈਤਿਕਤਾ, ਸਿਆਸਤ ਤੇ ਸ਼੍ਰੇਣਿਕ ਮਾਨਸਿਕਤਾ ਆਦਿ ਨਾਲ ਸਬੰਧਤ ਮੂਲ ਪ੍ਰਸ਼ਨਾਂ ਨਾਲ ਜੁੜੀਆਂ ਭ੍ਰਾਂਤੀਆਂ ਨੂੰ ਕਟਾਖਸ਼ ਦੀ ਦ੍ਰਿਸ਼ਟੀ ਤੋਂ ਨਕਾਰਦਾ ਹੈ ਅਤੇ ਸਾਡੇ ਆਰਥਿਕ ਸੰਸਕ੍ਰਿਤਕ ਖ਼ਾਸੇ ਨੂੰ ਵੀ ਉਸ ਦੀ ਸਮਗਤਾ ਤੇ ਗਤੀਸ਼ੀਲਤਾ ਵਿੱਚ ਰੂਪਮਾਨ ਕਰਦਾ ਹੈ। ਕਿਸੇ ਵੀ ਤਰ੍ਹਾਂ ਦੇ ਸਿਧਾਂਤਕ ਜਾਂ ਉਪਦੇਸ਼ਾਤਮਕ ਪ੍ਰਚਾਰ ਦੀ ਥਾਂ ਨਾਵਲ ਦੀਆਂ ਜਟਿਲ ਸਥਿਤੀਆਂ, ਘਟਨਾਵਾਂ ਅਤੇ ਪਾਤਰਾਂ ਦੀ ਅੰਤਰ ਕਿਰਿਆਂ ਵਿੱਚੋਂ ਉਜਾਗਰ ਹੋਇਆ ਗਲਪੀ ਵਿਵੇਕ ਇਸ ਨਾਵਲ ਨੂੰ ਸੰਭਾਵੀ ਯਥਾਰਥ ਦੇ ਪ੍ਰਵਰਗ ਵਿੱਚ ਰੱਖਦਾ ਹੈ ।ਇਹ ਗੁਰਦਿਆਲ ਸਿੰਘ ਦੀ ਪ੍ਰੋਢ ਸੂਝ ਅਤੇ ਪ੍ਰੱਪਕ ਗਲਪਕਾਰੀ ਤੇ ਸ਼ਿਲਪਕਾਰੀ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਦਾ ਹੈ।
ਪੰਜਾਬੀ ਗਲਪ ਸਿਰਜਣ ਤੋਂ ਇਲਾਵਾ ਗੁਰਦਿਆਲ ਸਿੰਘ ਨੇ ਆਪਣੀ ਸਵੈ ਜੀਵਨੀ ਵੀ ਦੋ ਭਾਗ ਵਿਚ ਛਪਵਾਈ ਹੈ । ਨਿਆਣ—ਮੱਤੀਆਂ ਸਵੈ ਜੀਵਨੀ ਦਾ ਪਹਿਲਾ ਭਾਗ ਹੈ, ਜਿਸ ਵਿਚ ਉਸ ਨੇ ਆਪਣੇ ਡੇਢ ਕੁ ਸਾਲ ਤੋਂ ਲੈ ਕੇ ਆਪਣੀ 15—16 ਸਾਲਾਂ ਦੀ ਉਮਰ ਤੱਕ ਦੇ ਅਨੁਭਵਾਂ, ਘਟਨਾਵਾਂ ਅਤੇ ਪ੍ਰਭਾਵਾਂ ਨੂੰ ਲਕੀਰੀ ਬਿਰਤਾਂਤ ਵਿਚ ਬੰਨਿਆ ਹੈ । ਉਸ ਨੇ ਆਪਣੇ ਪਰਿਵਾਰਕ ਪਿਛੋਕੜ, ਪਰਿਵਾਰਕ, ਰਿਸ਼ਤਿਆਂ ਅਤੇ ਆਪਣੇ ਪਰੰਪਰਕ ਤਰਖਾਣੀ ਕਿੱਤੇ, ਸਕੂਲੀ ਮਾਹੋਲ, ਅਧਿਆਪਕਾਂ, ਆਜ਼ਾਦੀ ਤੋਂ ਪਹਿਲਾਂ ਦੀ ਭਾਈਚਾਰਕ ਸਾਂਝ ਅਤੇ ਫਿਰ ਦੇਸ਼ ਵੰਡ ਵੇਲੇ ਦੀ ਸੰਪਰਦਾਇਕ ਸੋਚ ਵਿਚ ਉਸ ਦੇ ਮੁਸਲਮਾਨ ਦੋਸਤਾਂ ਦਾ ਉਜਾੜਾ ਤੇ ਕਤਲੇਆਮ ਆਦਿ ਦੇ ਮਾਰਮਿਕ ਚਿਤਰ ਪੇਸ਼ ਕੀਤੇ ਹਨ । ਇਹ ਸਵੈ ਜੀਵਨੀ ਜਿਥੇ ਗੁਰਦਿਆਲ ਸਿੰਘ ਦੀ ਮਨੋ—ਸਮਾਜਿਕ ਬਣਤਰ ਨੂੰ ਸਮਝਣ ਲਈ ਮੂਲ ਸਰੋਤ ਵਜੋ਼ ਆਪਣਾ ਮੁੱਲ ਰੱਖਦੀ ਹੈ, ਉਥੇ ਉਸ ਦੇ ਬਾਲਮਨ ਵਿਚ ਪੈਦਾ ਹੋਈ ਸੰਵੇਦਨਾ ਤੇ ਚੇਤਨਾ ਦੀ ਪਛਾਣ ਕਰਵਾਉਣ ਵਿਚ ਵੀ ਇਹ ਪ੍ਰਮਾਣਿਕ ਦਸਤਾਵੇਜ ਵਜੋਂ ਵੀ ਮੁੱਲਵਾਨ ਹੈ । ਇਸ ਸਵੈ ਜੀਵਨੀ ਦਾ ਅਗਲਾ ਭਾਗ ਦੂਜੀ ਦੇਹ ਉਸਦੀ 67 ਸਾਲ ਦੀ ਉਮਰ ਤੱਕ ਦੀਆਂ ਪ੍ਰਮੁੱਖ ਘੱਟਨਾਵਾਂ, ਅਨੁਭਵਾਂ, ਅਧਿਐਨ, ਅਧਿਆਪਨ ਅਤੇ ਸਹਿਤ ਦੇ ਖੇਤਰ ਵਿਚ ਉਸ ਦੇ ਪ੍ਰਵੇਸ਼ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ । ਸਵੈ—ਜੀਵਨੀ ਨੂੰ ਜਿੰਨੀ ਸਰਲਤਾ ਨਾਲ ਪਰਿਭਾਸ਼ਤ ਕੀਤਾ ਜਾਂਦਾ ਹੈ, ਉਨ੍ਹੀ ਹੀ ਇਹ ਆਪਣੇ ਨਿਬਾਹ ਵਿਚ ਜਟਿਲ ਤੇ ਟੇਢੀ ਹੈ । ਇਸ ਦਾ ਸਭ ਤੋਂ ਵੱਡਾ ਦਵੰਦ ਇਹ ਹੈ ਕਿ ਇਸ ਦਾ ਕਰਤਾ ਅਤੇ ਵਸਤ ਦੋਵੇਂ ਲੇਖਕ ਖੁਦ ਹੀ ਹੁੰਦਾ ਹੈ । ਆਪਣੇ ਸਮਾਜਿਕ ਸਭਿਆਚਾਰਕ ਤਾਣੇ—ਬਾਣੇ ਵਿਚ ਵਿਚਰਦਾ ਉਹ ਸਮਾਜਿਕ ਰਿਸ਼ਤਿਆਂ ਅਤੇ ਸਮਾਜ ਦੇ ਮੁੱਲ ਪ੍ਰਬੰਧ ਨਾਲ ਵੀ ਸਬੰਧਿਤ ਹੁੰਦਾ ਹੈ । ਅਜਿਹੀ ਸਥਿਤੀ ਵਿਚ ਕਿਸੇ ਦਾ ਆਪਣੇ ਬਾਰੇ ਪੂਰਾ ਸੋਚ ਬਿਆਨ ਕਰਨਾ ਅਗਨੀ ਪ੍ਰੀਖਿਆ ਸਮਾਨ ਹੈ, ਪਰੰਤੂ ਪ੍ਰਬੁਧ ਤੇ ਪਰਵੀਨ ਸਿਲਪਕਾਰ ਅਜਿਹੇ ਸੱਚ ਨੂੰ ਬਿਆਨ ਕਰਨ ਲਈ ਸੰਕੇਤਕ ਤੇ ਰਮਜਮਈ ਭਸ਼ਾਈ ਚਿਹਨਾਂ ਦੀ ਵਰਤੋਂ ਰਾਹੀਂ ਇਸ ਪ੍ਰੀਖਿਆ ਨੂੰ ਪਾਰ ਕਰ ਜਾਂਦਾ ਹੈ । ਇਸ ਪੱਖੋਂ ਗੁਰਦਿਆਲ ਸਿੰਘ ਭਾਸ਼ਾ ਉਤੇ ਆਪਣੀ ਪੂਰੀ ਮੁਹਾਰਤ ਰੱਖਦਾ ਹੈ । ਅਜਿਹੇ ਉਦਾਹਰਣ ਉਸਦੇ ਨਾਵਲਾਂ ਵਿਚਲੇ ਵੇਰਵਿਆਂ ਤੇ ਸਥਿਤੀਆਂ ਦੀ ਰੂਪਕਾਰੀ ਵਿਚੋਂ ਵੀ ਮਿਲ ਜਾਦੇ ਹਨ ।
ਗੁਰਦਿਆਲ ਸਿੰਘ ਨੇ ਇਸ ਭਾਗ ਨੂੰ ਦੂਜੀ ਦੇਹੀ ਦਾ ਸਿਰਲੇਖ ਇਸ ਲਈ ਦਿੱਤਾ ਹੈ ਕਿ ਸਾਡੇ ਵਿਸਵਾਸ਼ ਪ੍ਰਬੰਧ ਅਨੁਸਾਰ ਮਨੁੱਖ ਦੀਆਂ ਦੱਸ ਦੇਹਾਂ ਹਨ। ਭਾਵ ਹਰ ਦੇਹ ਦੀ ਅਵਧੀ ਕਾਲ ਦਸ ਸਾਲ ਹੈ।ਜਿਹੜਾ ਜਿੰਦਗੀ ਦੀ ਨਿਰੰਤਰਤਾ ਤੇ ਨਵੇਂਪਣ ਦਾ ਸੂਚਕ ਹੈ । ਪਰੰਤੂ ਉਸ ਅਨੁਸਾਰ ਉਸਨੇ ਤਾਂ ਸਾਰੀ ਉਮਰ ਵਿਚ ਕੇਵਲ ਦੋ ਦੇਹਾਂ ਹੀ ਹੰਢਾਈਆਂ ਹਨ । “ਪਹਿਲਾਂ ਬਚਪਨ ਅਤੇ ਦੂਜੀ ਦੇਹ ਵਿਚ ਪੈਰ ਧਰਦਿਆਂ ਉਹ ਅਧਿਆਪਕ ਤਾਂ ਬਣ ਗਿਆ ਪਰੰਤੂ ਸੰਸਾਰਕ ਸਫਲਤਾਵਾਂ ਤੇ ਸੁਖ ਸੁਵਿਧਾਵਾਂ ਉਸ ਨੂੰ 67 ਸਾਲ ਦੀ ਉਮਰ ਤਕ ਵੀ ਨਹੀਂ ਮਿਲੀਆਂ ਜਿੰਨਾਂ ਦੀ ਆਮ ਆਦਮੀ ਹਰ ਦਸ ਸਾਲ ਬਾਅਦ ਇੱਛਾ ਕਰਦਾ ਹੈ ਅਤੇ ਆਸ ਵੀ ਹੁੰਦੀ ਹੈ।”
ਗੁਰਦਿਆਲ ਸਿੰਘ ਦੀ ਇਸ ਸਵੈ ਜੀਵਨੀ ਦੀ ਪ੍ਰਾਪਤੀ ਉਸ ਦੇ ਨਿਜੀ ਰੋਣੇ—ਧੋਣਿਆਂ ਦੀ ਬਿਰਤਾਤ ਉਸਾਰੀ ਵਿਚ ਨਹੀਂ ਹੈ । ਸਗੋਂ ਉਸ ਦੀ ਇਸ ਬਿਰਤਾਂਤਕਾਰੀ ਦੀ ਵਿਸੇ਼ਸਤਾ ਇਹ ਹੈ ਕਿ ਨਿਜੀ ਜਾਇਦਾਦ ਦੀ ਮਾਲਕੀਅਤ ਉਤੇ ਅਧਾਰਤ ਸਾਡੇ ਜਾਤੀ ਜਮਾਤੀ ਸਮਾਜ ਤੇ ਸਭਿਆਚਾਰ ਵਿਚ ਹਰ ਸਾਧਾਰਨ ਬੰਦਾ ਦੋ ਦੇਹਾਂ ਹੀ ਹੰਢਾਉਂਦਾ ਹੈ। ਅਜਿਹੀ ਅਸਾਵੀਂ ਸਮਾਜਕ ਆਰਥਿਕ ਸਥਿਤੀ ਵਿਚ ਸਾਧਾਰਨ ਮਨੁੱਖ ਦੇ ਜਜ਼ਬੇ, ਸੁਪਨ,ੇ ਆਕਾਂਕਸ਼ਾਵਾਂ,ਖੁਸ਼ੀਆਂ ਆਦਿ ਉਸਦੀਆਂ ਆਰਥਿਕ ਤੋਟਾਂ ਦੀ ਭੱਠੀ ਵਿਚ ਦਫ਼ਨ ਹੋ ਜਾਂਦੇ ਹਨ ।
ਬਾਲ ਸਾਹਿਤ ਬਾਲ—ਮਨ ਦੀ ਸਵੱਛਤਾ, ਭੋਲਾਪਨ, ਉਸ ਦੀਆਂ ਕਲਪਨਿਕ ਉਡਾਰੀਆਂ, ਹਾਸਿਆਂ ਤੇ ਖੁਸ਼ੀਆਂ ਨੂੰ ਵਧਾਉਣ ਅਤੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਆਲੇ ਦੁਆਲੇ ਵਿੱਚੋਂ ਚੁਣੇ ਸਰਲ ਤੇ ਸੌਖੇ ਸ਼ਬਦਾਂ ਦੁਆਰਾ ਗੁੰਦੇ ਛੋਟੇ ਛੋਟੇ ਵਾਕਾਂ, ਘਟਨਾਵਾਂ, ਕਾਰਜਾਂ, ਵਾਰਦਾਤਾਂ ਤੇ ਵਿਚਾਰਾਂ ਨੂੰ ਮਨੋਰੰਜਨੀ ਰੂਪ ਵਿੱਚ ਨਿਰੂਪਤ ਕਰਦਾ ਹੈ। ਇਸ ਸਬੰਧ ਵਿੱਚ ਲੇਖਕ ਦੀ ਬਾਲ ਮਨੋਵਿਗਿਆਨ ਬਾਰੇ ਡੁੰਘੇਰੀ ਜਾਣਕਾਰੀ ਜ਼ਰੂਰੀ ਹੈ। ਉਸ ਨੂੰ ਬਾਲ ਉਮਰ ਦੀਆਂ ਸਰੀਰਕ, ਬੌਧਿਕ, ਮਾਨਸਿਕ ਅਤੇ ਭਾਵੁਕ ਲੋੜਾਂ ਅਤੇ ਪੱਧਰ ਦਾ ਗਿਆਨ ਵੀ ਹੋਣਾ ਲਾਜ਼ਮੀ ਹੈ। ਗੁਰਦਿਆਲ ਸਿੰਘ ਨੇ ਜਿੱਥੇ ਪ੍ਰੋਢ ਉਮਰ ਦੇ ਪਾਠਕਾਂ ਲਈ ਸਾਹਿਤ ਦੀ ਰਚਨਾ ਕੀਤੀ ਹੈ ਉੱਥੇ ਉਸ ਨੇ ਇੱਕ ਦਰਜ਼ਨ ਦੇ ਕਰੀਬ ਬੱਚਿਆਂ ਲਈ ਵੀ ਪੁਸਤਕਾਂ ਲਿਖੀਆਂ ਹਨ। ਬੱਚਿਆਂ ਲਈ ਲਿਖਦਾ ਹੋਇਆ ਗੁਰਦਿਆਲ ਸਿੰਘ ਆਪਣੇ ਬਾਲ ਮਨ ਦੀ ਭਾਵ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਇਸੇ ਭਾਵ ਸਥਿਤੀ ਵਿੱਚੋਂ ਉਹ ਬੱਚਿਆਂ ਲਈ ਛੋਟੀਆਂ—ਛੋਟੀਆਂ ਕਥਾਵਾਂ ਦਾ ਸਿਰਜਣ ਕਰਦਾ ਹੈ,ਜਿੰਨ੍ਹਾਂ ਦੀ ਭਾਸ਼ਾ ਅਤੀ ਸਰਲ, ਉਪੇਦਸ਼ਮੂਲਕ ਤੇ ਗਿਆਨਮੂਲਕ ਹੁੰਦੀ ਹੈ। ਉਹ ਛੋਟੀਆਂ—ਛੋਟੀਆਂ ਗੱਲਾਂ, ਸੰਵਾਦਾਂ ਅਤੇ ਦੁਹਰਾਓ ਦੀਆਂ ਜੁਗਤਾਂ ਰਾਹੀਂ ਆਪਣੀਆਂ ਰਚਨਾਵਾਂ ਵਿੱਚ ਕਥਾ ਰਸ ਦਾ ਸੰਚਾਰ ਕਰਦਾ ਹੈ। ਬੱਚਿਆਂ ਨੂੰ ਅਦਭੁੱਤ ਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ, ਪਾਤਰਾਂ ਅਤੇ ਅਨੋਖੇ ਵਿਚਾਰਾਂ ਵਾਲੀਆਂ ਗੱਲਾਂ ਵਿੱਚ ਦਿਲਚਸਪੀ ਹੁੰਦੀ ਹੈ, ਇਸੇ ਲਈ ਗੁਰਦਿਆਲ ਸਿੰਘ ਬੱਚਿਆਂ ਦੀਆਂ ਕੋਮਲ ਭਾਵਨਾਵਾਂ ਅਤੇ ਸੂਖਮ ਰੁਚੀਆਂ ਅਨੁਸਾਰ ਆਪਣੀਆਂ ਬਾਲ—ਰਚਨਾਵਾਂ ਦੀ ਸਿਰਜਣਾ ਕਰਦਾ ਹੈ।
ਸੁਮੱਚੇ ਰੂਪ ਵਿੱਚ ਗੁਰਦਿਆਲ ਸਿੰਘ ਪੰਜਾਬੀ ਸਹਿਤ ਦਾ ਅਜਿਹਾ ਸ਼ਬਦ ਸਿਰਜਕ ਹੈ ਜਿਸ ਦੀਆਂ ਰਚਨਾਵਾਂ ਪੰਜਾਬੀ ਸਹਿਤ ਵਿੱਚ ਨਵੀਆਂ ਪੈੜਾਂ ਪਾਉਣ ਵਾਲੀਆਂ ਹਨ। ਗੁਰਦਿਆਲ ਸਿੰਘ ਦਾ ਦ੍ਰਿਸ਼ਟੀਗਤ ਸੁਹਜ ਕਿਸੇ ਵੀ ਤਰ੍ਹਾਂ ਦੇ ਅਭੌਤਿਕ ਮੁੱਲਾਂ,ਆਦਰਸ਼ਾਂ ਜਾਂ ਨਿਰਪੇਖ ਨੈਤਿਕਤਾ ਦੀ ਤਰਜਮਾਨੀ ਕਰਨ ਵਾਲਾ ਨਹੀਂ ਹੈ। ਇਹ ਤਾਂ ਸਮਾਜਿਕ—ਆਰਥਿਕ ਤੇ ਰਾਜਨੀਤਿਕ ਪੱੱਧਰ ‘ਤੇ ਮਨੁੱਖ ਅਤੇ ਸਮਾਜ ਵਿੱਚ ਇੱਕਸੁਰਤਾ ਅਤੇ ਇੱਕਸਾਰਤਾ ਦੇ ਅਮਲੀ ਅਰਥਾਂ ਅਤੇ ਆਦਰਸ਼ਾਂ ਦੀ ਪ੍ਰੇਰਣਾ ਜਗਾਉਣ ਵਾਲਾ ਹੈ। ਇਸੇ ਲਈ ਹੀ ਉਹ ਮਨੁੱਖ ਦੀ ਹਰ ਤਰ੍ਹਾਂ ਦੀ ਬਾਹਰੀ ਗੁਲਾਮੀ ਦਾ ਵਿਰੋਧ ਕਰਦਾ ਹੈ ਅਤੇ ਉਸਦੀ ਸੁਤੰਤਰਤਾ ਦਾ ਤਰਕ ਸਿਰਜਦਾ ਹੈ। ਉਸਦੀਆਂ ਰਚਨਾਵਾਂ ਦੇ ਕੇਦਰ ਵਿੱਚ ਕਿਰਤੀ ਮਨੁੱਖ ਹੈ ਜਿਹੜਾ ਭਰਪੂਰ ਜਿੰ਼ਦਗੀ ਜਿਉਂਣ ਦੇ ਸੁਪਨੇ ਲੈਂਦਾ ਹੈ। ਉਸ ਦੇ ਰਾਹ ਵਿੱਚ ਆਉਂਦੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ, ਰੋਕਾਂ ਜਾਂ ਮਨੁੱਖ ਨੂੰ ਬੇਇੱਜ਼ਤ ਕਰਨ ਜਾਂ ਗੁਲਾਮ ਬਣਾਉਣ ਵਾਲੀਆਂ ਆਰਥਿਕ—ਸਭਿਆਚਾਰਕ ਰੀਤਾਂ ਜਾਂ ਨੀਤੀਆਂ ਉਸਦੀਆਂ ਰਚਨਾਵਾਂ ਵਿੱਚ ਵਿਅੰਗ ਦੀ ਕਾਟ ਅਧੀਨ ਆਉਂਦੀਆਂ ਹਨ। ਜ਼ਿੰਦਗੀ ਦੀ ਭਰਪੂਰਤਾ ਵਿੱਚ ਜਿਊਂਦਾ ਮਨੁੱਖ ਉਸ ਦੇ ਦ੍ਰਿਸਟੀਗਤ ਸੁਹਜ ਦਾ ਆਦਰਸ਼ ਹੈ।