ਪੁਲਿਸ ਨੇ ਭਾਜਪਾਈਆਂ ਨੂੰ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਰੋਕਿਆ
ਕਈ ਵੱਡੇ ਲੀਡਰ ਹਿਰਾਸਤ ਚ ਲਏ,ਦੇਰ ਸ਼ਾਮ ਰਿਹਾਅ*
Chandigarh December 2
: ਭਾਜਪਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੂਰਤੀ ਦੇ ਉਦਘਾਟਨ ਨੂੰ ਲੈਕੇ ਸੋਮਵਾਰ ਨੂੰ ਵੱਡੀ ਸੰਖਿਆ ਚ ਭਾਜਪਾਈ ਨੌਜਵਾਨਾਂ ਨੇ ਏਅਰਪੋਰਟ ਚੌਕ ਤੋਂ ਭਗਤ ਸਿੰਘ ਦੀ ਮੂਰਤੀ ਵੱਲ ਤਿਰੰਗੇ ਝੰਡੇ ਅਤੇ ਭਗਤ ਸਿੰਘ ਦੇ ਪਲੇਕਾਰਡ ਲੈ ਕੇ ਮਾਰਚ ਕੀਤਾ। ਮਾਰਚ ਦੌਰਾਨ ਪੁਲੀਸ ਨੇ ਭਾਜਪਾ ਦੇ ਕਾਰਕੁਨਾਂ ਅਤੇ ਨੇਤਾਵਾਂ ਨੂੰ ਜ਼ਬਰਦਸਤੀ ਰੋਕਿਆ। ਇਸ ਦੌਰਾਨ ਪੁਲੀਸ ਅਤੇ ਭਾਜਪਾਈਆਂ ਵਿਚ ਤੀਖੀਆਂ ਝੜਪਾਂ ਵੀ ਹੋਈਆਂ। ਇਸ ਦੌਰਾਨ ਦਰਜਨਾਂ ਨੇਤਾਵਾਂ ਅਤੇ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ।
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕੇਵਲ ਢਿੱਲੋਂ, ਫਤਿਹਜੰਗ ਬਾਜਵਾ, ਅਨਿਲ ਸਰੀਨ, ਵੀਨੀਤ ਜੋਸ਼ੀ, ਸੁਸ਼ੀਲ ਰਿੰਕੂ, ਸੰਜੀਵ ਵਿਸ਼ਿਸ਼ਠ, ਅਜੈਬੀਰ ਲਾਲਪੁਰਾ, ਨਿਮਿਸ਼ਾ ਮਹਿਤਾ, ਜਤਿੰਦਰ ਅਟਵਾਲ, ਰਾਜਵਿੰਦਰ ਲੱਕੀ, ਸੰਜੀਵ ਸ਼ਰਮਾ ਬਿੱਟੂ, ਸੁਖਮਿੰਦਰ ਗੋਲਡੀ, ਮਨਪ੍ਰੀਤ ਬੰਨੀ ਸੰਧੂ, ਅਤੇ ਰਣਦੀਪ ਦਿਓਲ ਸਮੇਤ ਦਰਜਨਾਂ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ।
ਇਸ ਮਾਰਚ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ, ਖਾਸ ਕਰਕੇ ਨੌਜਵਾਨ, ਆਪਣੇ ਆਦਰਸ਼ ਸ. ਭਗਤ ਸਿੰਘ ਦੀ ਮੂਰਤੀ ਦਾ ਉਦਘਾਟਨ ਕਰਨਾ ਚਾਹੁੰਦੇ ਸਨ, ਪਰ ਮਾਨ ਸਰਕਾਰ ਨੇ ਲੋਕਾਂ ਦੀ ਭਾਵਨਾਵਾਂ ਦੀ ਪਰਵਾਹ ਨਾ ਕਰਦੇ ਹੋਏ ਪੁਲੀਸ ਬਲ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤਿਰੰਗਾ ਲਹਿਰਾਉਂਦੇ ਹੋਏ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਮਾਰਚ ਕੱਢਿਆ, ਪਰ ਕੀ ਅਜ਼ਾਦ ਭਾਰਤ ‘ਚ ਭਗਤ ਸਿੰਘ ਦਾ ਨਾਅਰਾ ਲਗਾਉਣਾ ਜੁਰਮ ਹੈ, ਜੋ ਮਾਨ ਸਰਕਾਰ ਦੇ ਕਹਿਣ ‘ਤੇ ਪੁਲੀਸ ਨੇ ਰੋਕਿਆ।
ਉਨ੍ਹਾਂ ਕਿਹਾ ਕਿ ਦੇਸ਼ਭਗਤੀ ਨਾਲ ਭਰੇ ਭਾਜਪਾਈ ਨਾ ਪਰਚਿਆਂ ਤੋਂ ਡਰਦੇ ਹਨ ਅਤੇ ਨਾ ਹੀ ਗ੍ਰਿਫਤਾਰੀ ਤੋਂ। ਇਸ ਮੌਕੇ ‘ਤੇ ਕੇਵਲ ਢਿੱਲੋਂ, ਫਤਿਹਜੰਗ ਬਾਜਵਾ, ਅਨੀਲ ਸਰੀਨ, ਵੀਨੀਤ ਜੋਸ਼ੀ ਅਤੇ ਸੁਸ਼ੀਲ ਰਿੰਕੂ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਹਾਲ ਵਿੱਚ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ।