ਪੰਜਾਬ

ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼  ਤੋਂ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; 17 ਪਿਸਤੌਲਾਂ ਸਮੇਤ ਦੋ ਵਿਅਕਤੀ ਕਾਬੂ


– ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

– ਜਾਂਚ ਤੋਂ ਮਿਲੇ ਤੱਥਾਂ ਮੁਤਾਬਿਕ ਅਪਰਾਧੀ ਗੈਂਗਾਂ ਨੂੰ ਸਪਲਾਈ ਕੀਤੇ ਜਾਣੇ ਸਨ ਹਥਿਆਰ: ਡੀਜੀਪੀ ਗੌਰਵ ਯਾਦਵ

– ਆਪਰੇਸ਼ਨ ਹਾਲੇ ਜਾਰੀ, ਹੋਰ ਬਰਾਮਦਗੀ ਦੀ ਆਸ: ਏ.ਆਈ.ਜੀ. ਨਵਜੋਤ ਸਿੰਘ ਮਾਹਲ

ਚੰਡੀਗੜ੍ਹ, 5 ਅਗਸਤ:

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ (ਐੱਮ.ਪੀ.) ਦੇ ਦੋ ਅਸਲਾ ਸਪਲਾਇਰਾਂ, ਜੋ ਵੱਡੇ ਪੱਧਰ ’ਤੇ ਹਥਿਆਰ ਨਿਰਮਾਣ ਅਤੇ ਐਮ.ਪੀ. ਤੋਂ ਪੰਜਾਬ ਸਮੇਤ ਹੋਰਾਂ ਰਾਜਾਂ ਵਿੱਚ ਹਥਿਆਰ ਸਪਲਾਈ ਕਰਦੇ ਸਨ,  ਨੂੰ ਗ੍ਰਿਫਤਾਰ ਕਰਕੇ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ।

ਡੀਜੀਪੀ, ਪੰਜਾਬ, ਗੌਰਵ ਯਾਦਵ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੱਧ ਪ੍ਰਦੇਸ਼ ਵਿੱਚ ਜ਼ਿਲ੍ਹਾ ਖਰਗੋਨ ਦੇ ਪਿੰਡ ਸਿਗਨੂਰ ਦੇ ਵਾਸੀ ਹਰਪਾਲ ਸਿੰਘ ਅਤੇ ਜ਼ਿਲ੍ਹਾ ਭਰਵਾਨੀ ਦੇ ਪਿੰਡ ਬਲਵਾੜੀ ਦੇ ਕਿਸ਼ੋਰ ਸਿੰਘ ਰਾਠੌਰ ਵਜੋਂ ਕੀਤੀ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ .32 ਬੋਰ ਦੇ 17 ਪਿਸਤੌਲ ਅਤੇ 35 ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਜੱਗੂ ਭਗਵਾਨਪੁਰੀਆ ਅਤੇ ਰਵੀ ਬਲਾਚੌਰੀਆ ਨਾਲ ਜੁੜੇ ਅਪਰਾਧਿਕ ਗਿਰੋਹ ਨੂੰ ਸਪਲਾਈ ਕੀਤੇ ਜਾਣੇ ਸਨ।

ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਜਲੰਧਰ ਦੇ ਮਕਸੂਦਾਂ-ਬਿਧੀਪੁਰ ਰੋਡ ਤੋਂ ਲਵਦੀਪ ਉਰਫ ਲਵ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਜਾਣ ਉਪਰੰਤ ਅਮਲ ਵਿੱਚ ਲਿਆਂਦੀ ਗਈ ਹੈ ।  ਇਸ ਸਬੰਧੀ ਉਕਤ ਦੋਸ਼ੀ ਖ਼ਿਲਾਫ਼ ਐਫਆਈਆਰ ਨੰਬਰ 22 ਮਿਤੀ 31.07.2023 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਕੇਸ ਪਹਿਲਾਂ ਹੀ  ਦਰਜ ਹੈ।

ਡੀਜੀਪੀ ਨੇ ਕਿਹਾ ਕਿ ਅਗਲੀਆਂ -ਪਿਛਲੀਆਂ ਕੜੀਆਂ ਦੀ ਬਾਰੀਕਬੀਨੀ ਨਾਲ ਜਾਂਚ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਹਥਿਆਰ ਇੱਕ ਖੇਪ ਦਾ ਹਿੱਸਾ ਸਨ, ਜੋ ਅੰਤਰ-ਰਾਜੀ ਹਥਿਆਰ ਨਿਰਮਾਤਾਵਾਂ ਅਤੇ ਸਪਲਾਇਰਾਂ ਵੱਲੋਂ ਸਪਲਾਈ ਕੀਤਾ ਗਿਆ ਸੀ। ਇਹਨਾਂ ਸਪਲਾਇਰਾਂ ਦਾ ਐਮ.ਪੀ ਦੇ ਜ਼ਿਲ੍ਹਾ ਖਰਗੋਨ ਤੇ ਭਰਵਾਨੀ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਸੀ। ਇਸ ਪੁਖਤਾ ਜਾਣਕਾਰੀ  ਤੋਂ ਬਾਅਦ, ਸੀਆਈ ਜਲੰਧਰ ਦੀ ਟੀਮ ਮੰਗਲਵਾਰ ਨੂੰ ਐਮਪੀ ਪਹੁੰਚੀ ਅਤੇ ਦੋਨਾਂ ਹਥਿਆਰ ਸਪਲਾਇਰਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੀ।

ਕਾਊਂਟਰ ਇੰਟੈਲੀਜੈਂਸ ਜਲੰਧਰ ਦੇ ਏ.ਆਈ.ਜੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਹੋਰ ਹਥਿਆਰਾਂ ਅਤੇ ਗੋਲਾ ਸਿੱਕਾ ਬਰਾਮਦ ਹੋਣ ਦੀ ਪੂਰਨ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!