ਪੰਜਾਬ

ਮੁੱਖ ਮੰਤਰੀ ਵੱਲੋਂ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ

ਸੂਬੇ ਦੀ ਸ਼ਾਨ ਬਹਾਲ ਕਰਨ ਦਾ ਅਹਿਦ 
ਚੰਡੀਗੜ੍ਹ ਯੂਨੀਵਰਸਟੀ ਦੇ ਕੈਂਪਸ ਵਿਚ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ
ਐਸ.ਏ.ਐਸ. ਨਗਰ, (ਮੋਹਾਲੀ), 23 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਆਂਢੀ ਮੁਲਕ ਤੋਂ ਨਸ਼ੇ ਅਤੇ ਹਥਿਆਰਾਂ ਦੀ ਡਰੋਨਾਂ ਰਾਹੀਂ ਹੁੰਦੀ ਤਸਕਰੀ ਦੀ ਚੁਣੌਤੀ ਨਾਲ ਨਿਪਟਣ ਲਈ ਸੂਬੇ ਵਿਚ ਐਂਟੀ ਡਰੋਨ ਪ੍ਰਣਾਲੀ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।
ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਕੈਂਪਸ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰਕੇ ਡਰੋਨ ਤਕਨਾਲੋਜੀ ਨੂੰ ਵੱਧ ਤੋਂ ਵੱਧ ਵਿਕਸਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਗੁਆਂਢੀ ਮੁਲਕ ਡਰੋਨਾਂ ਰਾਹੀਂ ਸਾਡੇ ਸਰਹੱਦੀ ਇਲਾਕਿਆਂ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਹੈ ਜਿਸ ਕਰਕੇ ਸਾਡੇ ਕੋਲ ਡਰੋਨ ਟਰੈਕਿੰਗ ਵਰਗੀ ਤਕਨਾਲੋਜੀ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਦੁਨੀਆ ਨੂੰ ਇਕ ਆਲਮੀ ਪਿੰਡ ਵਿਚ ਬਦਲ ਦਿੱਤਾ ਹੈ ਅਤੇ ਮੌਜੂਦਾ ਸਮੇਂ ਵਿਚ ਉਭਰ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਕਨਾਲੋਜੀ ਵਿਚ ਖੋਜ ਤੇ ਸੁਧਾਰ ਹੁੰਦੇ ਰਹਿਣੇ ਚਾਹੀਦੇ ਹਨ।
ਬੇਰੋਜ਼ਗਾਰੀ ਨੂੰ ਸਾਰੀਆਂ ਅਲਾਮਤਾਂ ਦੀ ਜੜ੍ਹ ਦੱਸਦੇ ਹੋਏ ਮੁੱਖ ਮੰਤਰੀ ਨੇ ਬਾਹਰੀ ਮੁਲਕਾਂ ਵਿਚ ਪਰਵਾਸ ਕਰ ਰਹੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ ਹਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਨਾ ਕਰਨ ਸਦਕਾ ਮਜਬੂਰਨ ਉਨ੍ਹਾਂ ਨੂੰ ਬੇਗਾਨੇ ਮੁਲਕਾਂ ਵਿਚ ਰੋਜ਼ਗਾਰ ਤਲਾਸ਼ਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦੀ ਗੰਭੀਰ ਸਮੱਸਿਆ ਵੀ ਨਸ਼ਿਆਂ ਦੀ ਅਲਾਮਤ ਲਈ ਜ਼ਿੰਮੇਵਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਨਿਵੇਸ਼ ਕਰਨ ਲਈ ਛੇਤੀ ਹੀ ਨਵੇਂ ਉਦਯੋਗ ਅਤੇ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਤੱਕ ਪਹੁੰਚ ਕਰੇਗੀ ਤਾਂ ਕਿ ਸਾਡੇ ਕਿਸੇ ਵੀ ਹੁਨਰਮੰਦ ਬੱਚੇ ਨੂੰ ਰੋਜ਼ਗਾਰ ਲਈ ਆਪਣੀ ਮਾਤ-ਭੂਮੀ ਨਾ ਛੱਡਣੀ ਪਵੇ।
ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਤਿਹਾਸ ਵਿਚ ਪੰਜਾਬ ਨੂੰ ਕਈ ਵਾਰ ਉਤਰਾਅ-ਚੜ੍ਹਾਅ ਦੇਖਣੇ ਪਏ ਹਨ ਅਤੇ ਭਵਿੱਖ ਵਿੱਚ ਵੀ ਪੰਜਾਬ ਦੀ ਸਰਦਾਰੀ ਪਹਿਲਾਂ ਵਾਂਗ ਕਾਇਮ ਕਰਾਂਗੇ। ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਨੂੰ ਸਾਡੇ ਅੰਦਾਜ਼ੇ ਤੋਂ ਵੀ ਵੱਡਾ ਫਤਵਾ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਸਾਡੇ ਕੋਲੋਂ ਬਹੁਤ ਵੱਡੀਆਂ ਉਮੀਦਾਂ ਵੀ ਹਨ ਅਤੇ ਮੈਂ ਵਾਅਦਾ ਕਰਦਾਂ ਹਾਂ ਕਿ ਅਸੀਂ ਤੁਹਾਡੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਤੱਕ ਟਿਕ ਕੇ ਨਹੀਂ ਬੈਠਾਂਗੇ। ”
ਇਸ ਮੌਕੇ ਮੁੱਖ ਮੰਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ।
ਇਸ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮੰਤਰੀ ਦਾ ਯੂਨੀਵਰਸਿਟੀ ਆਉਣ ਉਤੇ ਸਵਾਗਤ ਕੀਤਾ।
 ਇਸ ਮੌਕੇ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਡੀ.ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਅਤੇ ਹੋਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!