ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਦੀ ਭਰਤੀ ਮੁਹਿੰਮ: ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਇੱਕ ਹੋਰ ਬੈਚ ਸੋਮਵਾਰ ਨੂੰ ਪੰਜਾਬ ਪੁਲਿਸ ਵਿੱਚ ਹੋਵੇਗਾ ਸ਼ਾਮਲ


– ਵਿੱਤੀ ਮਾਹਿਰਾਂ ਦਾ ਨਵਾਂ ਭਰਤੀ ਕੀਤਾ ਇਹ ਬੈਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੋਰ ਮਜ਼ਬੂਤ ਕਰੇਗਾ

– ਇਸ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ ਨੇ 144 ਸਿਵਲ ਸਪੋਰਟ ਸਟਾਫ ਮੈਂਬਰਾਂ ਨੂੰ ਸੌਂਪੇ ਸਨ ਨਿਯੁਕਤੀ ਪੱਤਰ

– ਵਿੱਤੀ ਧੋਖਾਧੜੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀਜੀਪੀ ਗੌਰਵ ਯਾਦਵ

– ਇਹ ਵਿੱਤੀ ਮਾਹਰ, ਵਿੱਤੀ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰਨ ਦੇ ਨਾਲ ਨਾਲ ਅਪਰਾਧ ਨਾਲ ਜੁੜੀਆਂ ਜਾਇਦਾਦਾਂ ਦੀ ਕੁਰਕੀ ਨੂੰ ਸੌਖਾ ਬਣਾਉਣਗੇ: ਡਾਇਰੈਕਟਰ ਪੀਬੀਆਈ ਐਲ.ਕੇ. ਯਾਦਵ

ਚੰਡੀਗੜ੍ਹ, 9 ਜੁਲਾਈ:

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਵਿੱਤੀ ਖੇਤਰ ਦੇ 77 ਸਿਵਿਲੀਅਨ ਉਮੀਦਵਾਰਾਂ ਦਾ ਇੱਕ ਹੋਰ ਬੈਚ ਸੋਮਵਾਰ ਤੋਂ ਪੰਜਾਬ ਪੁਲਿਸ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਦੱਸਣਯੋਗ ਹੈ ਕਿ ਇਹਨਾਂ 77 ਵਿੱਤੀ ਮਾਹਿਰਾਂ ਵਿੱਚੋਂ 10 ਉਮੀਦਵਾਰ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ, ਜਦੋਂ ਕਿ 67 ਉਮੀਦਵਾਰ (46 ਪੁਰਸ਼ ਅਤੇ 21 ਮਹਿਲਾ ਉਮੀਦਵਾਰ) ਸਹਾਇਕ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਮਈ, 2023 ਨੂੰ ਆਯੋਜਿਤ ਸਮਾਗਮ ਦੌਰਾਨ ਕਾਨੂੰਨੀ ਮਾਹਿਰਾਂ ਅਤੇ ਫੋਰੈਂਸਿਕ ਮਾਹਿਰਾਂ ਦੇ 144 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਤੋਂ ਮਹੀਨੇ ਤੋਂ ਕੁਝ ਦਿਨਾਂ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ। ਇਸ ਬੈਚ ਦੀ ਨਿਯੁਕਤੀ ਨਾਲ ਸਿਵਿਲ ਸਪੋਰਟ ਸਟਾਫ਼ ਦੀ ਗਿਣਤੀ 221 ਤੱਕ ਪਹੁੰਚ ਜਾਵੇਗੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਪੁਲਿਸ ਬਲ ਹੈ ਜਿਸ ਨੇ ਕਾਨੂੰਨ, ਫੋਰੈਂਸਿਕ ਅਤੇ ਵਿੱਤ ਸਮੇਤ ਖੇਤਰਾਂ ਵਿੱਚ ਸਿਵਲ ਸਪੋਰਟ ਸਟਾਫ ਦੀ ਭਰਤੀ ਕੀਤੀ ਹੈ, ਜੋ ਨਾ ਸਿਰਫ਼ ਕਾਨੂੰਨ ਅਤੇ ਵਿਵਸਥਾ ਤੋਂ ਵੱਖ ਹੋਣ ਕੇ ਜਾਂਚ ਪ੍ਰਕਿਰਿਆ ਵਿੱਚ ਵਾਧਾ ਕਰੇਗੀ ਬਲਕਿ ਜਾਂਚ ਅਤੇ ਸਮੁੱਚੀ ਪੁਲਿਸਿੰਗ ਵਿੱਚ ਪ੍ਰਭਾਵਸ਼ਾਲੀ ਸੁਧਾਰ ਵੀ ਕਰੇਗੀ।
ਉਨ੍ਹਾਂ ਪੰਜਾਬ ਪੁਲਿਸ ਵਿੱਚ ਨਵੇਂ ਭਰਤੀ ਹੋਏ ਬੈਚ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦਾ ਅਨਿੱਖੜਵਾਂ ਅੰਗ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਬਲ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚਲੀ ਲੋੜਾਂ ਅਨੁਸਾਰ ਅੱਪਡੇਟ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ ਅਤੇ ਇਸ ਅਹੁਦੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਪੁਲਿਸ ਨੇ ਪੂਰੀ ਭਰਤੀ ਪ੍ਰਕਿਰਿਆ ਲਈ ਸੁਜੱਚੀ ਵਿਧੀ ਅਪਣਾਈ ਹੈ ਤਾਂ ਜੋ ਉਮੀਦਵਾਰਾਂ ਨੂੰ ਭਰਤੀ ਹੋਣ ਤੋਂ ਬਾਅਦ ਕਿਸੇ ਵੀ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪੀਬੀਆਈ ਦੇ ਡਾਇਰੈਕਟਰ ਐਲ.ਕੇ. ਯਾਦਵ ਨੇ ਕਿਹਾ ਕਿ ਇਹ ਸਾਰੇ ਅਧਿਕਾਰੀ, ਜੋ ਕਾਮਰਸ/ਵਿੱਤ ਗ੍ਰੈਜੂਏਟ ਹਨ ਅਤੇ ਵਿੱਤੀ ਅਫਸਰਾਂ ਵਜੋਂ ਸੱਤ ਸਾਲ ਦਾ ਤਜਰਬਾ ਅਤੇ ਸਹਾਇਕ ਵਿੱਤੀ ਅਫਸਰਾਂ ਵਜੋਂ ਦੋ ਸਾਲ ਦਾ ਤਜਰਬਾ ਰੱਖਦੇ ਹਨ, ਆਰਥਿਕ/ਵਿੱਤੀ ਨਾਲ ਸਬੰਧਤ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰਨਗੇ। ਉਹਨਾਂ ਅੱਗੇ ਕਿਹਾ ਕਿ ਲਾਜ਼ਮੀ ਸਿਖਲਾਈ ਦੇ ਮੁਕੰਮਲ ਹੋਣ ਉਪਰੰਤ, ਇਹਨਾਂ ਨਵੇਂ ਭਰਤੀ ਅਫਸਰਾਂ ਨੂੰ ਵੱਖ-ਵੱਖ ਡਿਵੀਜ਼ਨਾਂ/ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਵਿੱਤੀ ਟ੍ਰੇਲ ਜਿਵੇਂ ਕਿ ਬੈਂਕ ਖਾਤਿਆਂ, ਬੈਲੇਂਸ ਸ਼ੀਟਾਂ, ਅਕਾਊਂਟ ਬੁੱਕਾਂ ਆਦਿ ਦੀ ਜਾਂਚ ਨਾਲ ਅਪਰਾਧ ਦਾ ਪਤਾ ਲਗਾਉਣ ਵਿੱਚ ਜਾਂਚ ਅਧਿਕਾਰੀਆਂ/ਵਿਸ਼ੇਸ਼ ਜਾਂਚ ਟੀਮਾਂ ਦੀ ਸਹਾਇਤਾ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਵਿੱਤੀ ਅਫਸਰਾਂ ਦੀ ਭਰਤੀ ਅਪਰਾਧੀਆਂ, ਖਾਸ ਕਰਕੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਵਿੱਚ ਵੀ ਮਦਦ ਕਰੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!