ਪੰਜਾਬ
ਵਿਆਪਕ ਟੀਕਾਕਰਣ ਮੁਹਿੰਮ ਤਹਿਤ ਇੱਕ ਦਿਨ ਵਿੱਚ 5.5 ਲੱਖ ਵਿਅਕਤੀਆਂ ਨੇ ਲਗਵਾਇਆ ਟੀਕਾ: ਬਲਬੀਰ ਸਿੱਧੂ
ਬਿ੍ਰਟੇਨ ਅਤੇ ਯੂਰਪੀਅਨ ਦੇਸ਼ਾਂ ਵਿੱਚ ਵਧ ਰਹੇ ਡੈਲਟਾ ਵਾਇਰਸ ਕਾਰਨ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਬਹੁਤ ਜ਼ਰੂਰੀ : ਹੁਸਨ ਲਾਲ
ਪੰਜਾਬ ਵਿੱਚ ਟੀਕੇ ਦੀ ਘੱਟ ਸਪਲਾਈ ਕਾਰਨ ਪ੍ਰਭਾਵਿਤ ਹੋਈ ਟੀਕਾਕਰਣ ਮੁਹਿੰਮ
ਚੰਡੀਗੜ, 3 ਜੁਲਾਈ:
ਸੂਬੇ ਭਰ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕਾ ਲਗਵਾਉਣ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਨਿਚਰਵਾਰ ਨੂੰ ‘ਵਿਆਪਕ ਟੀਕਾਕਰਣ ਮੁਹਿੰਮ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਇੱਕ ਦਿਨ ਵਿੱਚ 5.5 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਅਤੇ ਇਸ ਸਬੰਧੀ ਹੋਰ ਤਾਜ਼ਾ ਵੇਰਵੇ ਤਿਆਰ ਕੀਤੇ ਜਾ ਰਹੇ ਹਨ।
ਇੱਕ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 1 ਜੁਲਾਈ ਦੀ ਦੇਰ ਸ਼ਾਮ ਨੂੰ ਪੰਜਾਬ ਸਰਕਾਰ ਨੇ ਪਹਿਲੀ ਵਾਰ ਕੋਵੀਸ਼ੀਲਡ ਦੀਆਂ 6,84,240 ਵੱਡੀ ਗਿਣਤੀ ਵਿੱਚ ਅਤੇ ਕੋਵੈਕਸੀਨ ਦੀਆਂ 61,100 ਖੁਰਾਕਾਂ ਦੀ ਖੇਪ ਪ੍ਰਾਪਤ ਕੀਤੀ । ਉਨਾਂ ਕਿਹਾ ਕਿ ਟੀਕਾ ਪ੍ਰਾਪਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਦਿਨ ਵਿੱਚ ਘੱਟੋ- ਘੱਟ 5 ਲੱਖ ਵਿਅਕਤੀਆਂ ਨੂੰ ਕਵਰ ਕਰਨ ਲਈ ‘ਵਿਆਪਕ ਟੀਕਾਕਰਣ ਮੁਹਿੰਮ’ ਦੀ ਰੂਪ ਰੇਖਾ ਤਿਆਰ ਕੀਤੀ ।
ਟੀਕਾਕਰਣ ਦੇ ਜ਼ਿਲਾ ਵਾਰ ਅੰਕੜੇ ਸਾਂਝੇ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਲੁਧਿਆਣਾ 82667 ਲੋਕਾਂ ਦਾ ਟੀਕਾਕਰਨ ਕਰਵਾਕੇ ਸਾਰੇ ਜਿਲਿਆਂ ਵਿੱਚ ਮੋਹਰੀ ਰਿਹਾ ਹੈ ਜਦਕਿ 77930 ਲੋਕਾਂ ਦਾ ਟੀਕਾਕਰਣ ਕਰਵਾਉਣ ਵਾਲਾ ਹੁਸ਼ਿਆਰਪੁਰ ਦੂਜੇ ਸਥਾਨ ’ਤੇ ਅਤੇ 62000 ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾ ਕੇ ਜਲੰਧਰ ਤੀਜੇ ਸਥਾਨ ’ਤੇ ਰਿਹਾ ।
ਰਾਜਾਂ ਵਿਚ ਟੀਕਿਆਂ ਦੀ ਸਪਲਾਈ ਵਿੱਚ ਅਸਮਾਨਤਾ ਵੱਲ ਇਸ਼ਾਰਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹਰਿਆਣਾ ਅਤੇ ਰਾਜਸਥਾਨ ਵਰਗੇ ਗੁਆਂਢੀ ਰਾਜਾਂ , ਜਿੱਥੇ ਟੀਕਾਕਰਣ ਮੁਹਿੰਤ ਜ਼ੋਰਾਂ ’ਤੇ ਹੈ ,ਦੇ ਮੁਕਾਬਲੇ ਖੁਰਾਕਾਂ ਦੀ ਬਹੁਤ ਘੱਟ ਸਪਲਾਈ ਮਿਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਲਗਾਤਾਰ ਤਿੰਨ ਦਿਨਾਂ ਤੋਂ ਟੀਕਿਆਂ ਦੀ ਘਾਟ ਝੱਲ ਰਿਹਾ ਸੀ ਅਤੇ ਸਪਲਾਈ ਵਿਚ ਅਸਮਾਨਤਾ ਕਾਰਨ ਪੰਜਾਬ ਵਿੱਚ ਕੁਝ ਕੋਵਿਡ ਟੀਕਾਕਰਣ ਕੇਂਦਰ ਬੰਦ ਰਹੇ । ਉਹਨਾਂ ਦੱਸਿਆ ਕਿ 27 ਜੂਨ ਤੋਂ 2 ਜੁਲਾਈ ਤੱਕ ਪੰਜਾਬ ਵਿੱਚ ਟੀਕਾਕਰਣ ਦੀ ਕਵਰੇਜ ਦਾ ਅੰਕੜਾ ਘਟ ਕੇ ਸਿਰਫ 16,000-17,000 ਹੀ ਰਹਿ ਗਿਆ ਸੀ ਅਤੇ ਢੁਕਵੀਂ ਮਾਤਰਾ ਵਿੱਚ ਟੀਕੇ ਦੀ ਖੁਰਾਕ ਪ੍ਰਾਪਤ ਹੋਣ ਤੋਂ ਬਾਅਦ ਇਹ ਅੰਕੜਾ ਤੇਜ਼ੀ ਨਾਲ 5.5 ਲੱਖ ਤੱਕ ਪਹੁੰਚ ਗਿਆ ਹੈ।
ਪਿਛਲੇ ਹਫਤੇ ਵਿੱਚ ਹੋਈ ਟੀਕਿਆਂ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 24 ਜੂਨ ਨੂੰ ਕੋਵੀਸ਼ੀਲਡ ਦੀਆਂ ਸਿਰਫ 79,550 ਖੁਰਾਕਾਂ, 25 ਜੂਨ ਨੂੰ 79,540 ਅਤੇ 29 ਜੂਨ ਨੂੰ ਕੋਵੈਕਸੀਨ ਦੀਆਂ 31,580 ਖੁਰਾਕਾਂ ਪ੍ਰਾਪਤ ਹੋਈਆਂ ਹਨ। ਦੱਸਣਾ ਬਣਦਾ ਹੈ ਕਿ 27 ਜੂਨ ਤੋਂ 1 ਜੁਲਾਈ ਤੱਕ ਕੋਵੀਸ਼ੀਲਡ ਦਾ ਭੰਡਾਰ ਖਾਲੀ ਰਿਹਾ ,ਜਿਸ ਕਾਰਨ ਟੀਕਾਕਰਣ ਮੁਹਿੰਮ ਦੀ ਰਫਤਾਰ ਮੱਠੀ ਹੋਈ । ਸੂਬੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 22 ਜੂਨ ਨੂੰ 1,14,655 ਤੋਂ ਘਟ ਕੇ 1 ਜੁਲਾਈ ਤੱਕ 17,704 ਰਹਿ ਗਈ ।
ਕੋਵਿਡ ਦੀ ਅਤਿ-ਸੰਭਾਵੀ ਤੀਜੀ ਮਾਰੂ ਲਹਿਰ ‘ਤੇ ਚਿੰਤਾ ਜ਼ਾਹਰ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਹੀ ਹੈ, ਪਰ ਭਾਰਤ ਸਰਕਾਰ ਵਲੋਂ ਟੀਕੇ ਦੀ ਘੱਟ ਤੇ ਅਸਮਾਨ ਸਪਲਾਈ ਨੇ ਟੀਕਾਕਰਣ ਮੁਹਿੰਮ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਵਿੱਚ ਡੈਲਟਾ ਵਾਇਰਸ ਦਾ ਫੈਲਾਅ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਧਿਐਨ ਤੋਂ ਪਤਾ ਲਗਦਾ ਹੈ ਕਿ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਵਾਲਾ ਵਿਅਕਤੀ ਬਹੁਤ ਘੱਟ ਪ੍ਰਭਾਵਿਤ ਹੁੰਦਾ ਹੈ ਜਦਕਿ ਟੀਕਾ ਨਾ ਲਗਵਾਉਣ ਵਾਲੇ ਵਿਅਕਤੀ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੁੰਦੇ ਹਨ।
ਮਾਹਰ ਡਾਕਟਰਾਂ ਮੁਤਾਬਕ ਟੀਕੇ ਦੀ ਦੂਜੀ ਖੁਰਾਕ ਵਾਇਰਸ ਦੀਆਂ ਖਤਰਨਾਕ ਕਿਸਮਾਂ ਤੋਂ ਲੋਕਾਂ ਨੂੰ ਮਜਬੂਤ ਬਣਾਉਂਦੀ ਹੈ। ਉਹਨਾਂ ਕਿਹਾ ਕਿ ਬਿ੍ਰਟੇਨ ਅਤੇ ਯੂਰਪੀਅਨ ਦੇਸ਼ਾਂ ਵਿੱਚ ਡੈਲਟਾ ਦੇ ਫੈਲਾਅ ਨੂੰ ਵੇਖਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਦੇ ਦਾਇਰੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪਟਿਆਲਾ ਅਤੇ ਲੁਧਿਆਣਾ ਜ਼ਿਲੇ ਵਿੱਚ ਡੈਲਟਾ ਵੇਰੀਐਂਟ ਦੇ 2 ਮਾਮਲੇ ਸਾਹਮਣੇ ਆਏੇ ਹਨ ਜੋ ਕਿ ਪੂਰੀ ਤਰਾਂ ਠੀਕ ਹੋ ਗਏ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜ ਜਾਂਦੀ ਹੈ ਤਾਂ ਇਹ ਹਸਪਤਾਲਾਂ ਉੱਤੇ ਵਾਧੂ ਬੋਝ ਪਵੇਗਾ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਦਾ ਇੱਕੋ ਇੱਕ ਰਸਤਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾਵੇ।
ਹੁਸਨ ਲਾਲ ਨੇ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਕੁੱਲ 78,33,665 ਵਿਅਕਤੀਆਂ ਨੇ ਕੋਵਿਡ ਟੀਕਾ ਲਗਵਾਇਆ ਹੈ ਜਿਸ ਵਿਚੋਂ 66,60,035 ਨੇ ਪਹਿਲੀ ਖੁਰਾਕ ਅਤੇ 11,73,630 ਨੇ ਦੂਜੀ ਖੁਰਾਕ ਲਗਵਾਈ ਹੈ।