ਪੰਜਾਬ
ਪੰਜਾਬ ਵਿੱਚ 100 ਤੋਂ 119 ਸਾਲ ਦੀ ਉਮਰ ਦੇ 5004 ਵੋਟਰ: ਮੁੱਖ ਚੋਣ ਅਧਿਕਾਰੀ
205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ, 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਵੋਟ ਪਾ ਸਕਦੇ
ਚੰਡੀਗੜ੍ਹ, 21 ਮਾਰਚ: ਪੰਜਾਬ ਵਿੱਚ 100 ਤੋਂ 119 ਸਾਲ ਦੀ ਉਮਰ ਤੱਕ ਦੇ 5004 ਵੋਟਰ ਹਨ ਜਦਕਿ 205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਵੋਟ ਪਾ ਸਕਦੇ ਹਨ ਅਤੇ ਇਸ ਮਕਸਦ ਲਈ ਪਹਿਲਾਂ ਹੀ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਸਿਬਿਨ ਸੀ ਨੇ ਦੱਸਿਆ ਕਿ 1 ਮਾਰਚ 2024 ਤੱਕ 100 ਤੋਂ 109 ਸਾਲ ਦੀ ਉਮਰ ਵਾਲੇ 1917 ਮਰਦ ਅਤੇ 2928 ਔਰਤ ਵੋਟਰ ਹਨ। ਇਸੇ ਤਰ੍ਹਾਂ 110 ਤੋਂ 119 ਸਾਲ ਤੱਕ ਦੇ 59 ਮਰਦ ਅਤੇ 100 ਔਰਤ ਵੋਟਰ ਹਨ। ਇਸ ਤਰ੍ਹਾਂ 100 ਤੋਂ 119 ਸਾਲ ਦੀ ਉਮਰ ਤੱਕ ਦੇ ਕੁੱਲ ਵੋਟਰਾਂ ਦੀ ਗਿਣਤੀ 5004 ਬਣਦੀ ਹੈ। ਇਸੇ ਤਰ੍ਹਾਂ 120 ਸਾਲ ਤੋਂ ਵੱਧ ਉਮਰ ਵਾਲੇ 205 ਵੋਟਰਾਂ ਵਿੱਚੋਂ 122 ਮਰਦ ਅਤੇ 83 ਔਰਤ ਵੋਟਰ ਹਨ। 120 ਸਾਲ ਤੋਂ ਵੱਧ ਉਮਰ ਵਾਲੇ ਸਭ ਤੋਂ ਜ਼ਿਆਦਾ 77 ਮਰਦ ਤੇ 34 ਔਰਤਾਂ ਲੁਧਿਆਣਾ ਜ਼ਿਲ੍ਹੇ ਵਿਚ ਅਤੇ ਇਸ ਤੋਂ ਬਾਅਦ 24 ਮਰਦ ਤੇ 25 ਔਰਤਾਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਹਨ।
ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਬਾਬਤ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1 ਮਾਰਚ, 2024 ਤੱਕ ਸੂਬੇ ਵਿਚ ਕੁੱਲ 4 ਲੱਖ 89 ਹਜ਼ਾਰ 631 ਵੋਟਰ 18-19 ਸਾਲ ਉਮਰ ਵਰਗ ਦੇ ਹਨ। ਇਨ੍ਹਾਂ ਵਿਚ 16 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ। ਜਦਕਿ 2 ਲੱਖ 93 ਹਜ਼ਾਰ 100 ਵੋਟਰ ਮੁੰਡੇ ਅਤੇ 1 ਲੱਖ 96 ਹਜ਼ਾਰ 515 ਵੋਟਰ ਕੁੜੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਜਦਕਿ 1 ਕਰੋੜ 77 ਹਜ਼ਾਰ 543 ਔਰਤ ਵੋਟਰ ਹਨ। ਸਿਬਿਨ ਸੀ ਨੇ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਦੇ ਅਧਿਕਾਰ ਦੀ ਵੱਧ-ਚੜ੍ਹ ਕੇ ਵਰਤੋਂ ਕਰਨ ਅਤੇ ‘ਇਸ ਵਾਰ 70 ਪਾਰ’ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਣਾਉਣ।
——