ਹੁਸੈਨੀਵਾਲਾ ਤੋਂ ਸਤਲੁਜ਼ ਵਿਚ ਛੱਡਿਆ 55 ਹਜਾਰ ਕਿਉਸਿਕ ਪਾਣੀ—ਸਤਲੁਜ਼ ਦੀ ਕਰੀਕ ਪਾਰਲੇ ਪਿੰਡਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਣ ਦੀ ਸਲਾਹ
ਸਰਕਾਰ ਲੋਕਾਂ ਦੇ ਨਾਲ, ਹਰ ਮਦਦ ਕੀਤੀ ਜਾਵੇਗੀ—ਨਰਿੰਦਰਪਾਲ ਸਿੰਘ ਸਵਨਾ
ਕੌਮਾਂਤਰੀ ਸਰਹੱਦ ਦੇ ਨਾਲ ਪਿੰਡ ਮਹਾਤਮ ਨਗਰ ਵਿਚ ਬਣਾਇਆ ਕੰਟਰੋਲ ਰੂਮ—ਸੇਨੂ ਦੁੱਗਲ
ਡਿਪਟੀ ਕਮਿਸ਼ਨਰ ਤੇ ਫਾਜਿ਼ਲਕਾ ਦੇ ਵਿਧਾਇਕ ਨੇ ਕੀਤਾ ਸਤਲੁਜ਼ ਦੀ ਕਰੀਕ ਦਾ ਦੌਰਾ
ਫਾਜਿ਼ਲਕਾ, 10 ਜ਼ੁਲਾਈ
ਪੰਜਾਬ ਦੇ ਉਪਰਲੇ ਹਿੱਸਿਆਂ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸਲਤੁਜ਼ ਦਰਿਆ ਵਿਚ ਆ ਰਿਹਾ ਵੱਡੀ ਮਾਤਰਾ ਵਿਚ ਪਾਣੀ ਅੰਤਮ ਰੂਪ ਵਿਚ ਹੁਸੈਨੀਵਾਲਾ ਹੈਡ ਵਰਕਸ ਰਾਹੀਂ ਫਾਜਿ਼ਲਕਾ ਜਿ਼ਲ੍ਹੇ ਦੇ ਖੇਤਰਾਂ ਵਿਚ ਪੁੱਜੇਗਾ। ਇਸ ਲਈ ਅਗੇਤੇ ਪ੍ਰਬੰਧਾਂ ਤਹਿਤ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਰੱਹਦੀ ਪਿੰਡਾਂ ਦੇ ਲੋਕਾਂ ਨਾਲ ਮਹਾਤਮ ਨਗਰ ਵਿਚ ਬੈਠਕ ਕਰਕੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਜਾਣ ਲਈ ਕਿਹਾ ਤੇ ਨਾਲ ਹੀ ਉਨ੍ਹਾਂ ਨੇ ਸਤਲੁਜ਼ ਦੇ ਬੰਧਾਂ ਅਤੇ ਅੰਤਰ ਰਾਸ਼ਟਰੀ ਸਰਹੱਦ ਦੇ ਨਾਲ ਸੰਭਾਵਿਤ ਹੜ੍ਹ ਪ੍ਰਬੰਧਾਂ ਦੀ ਸਮੀਖਿਆ ਲਈ ਵੀ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਅਵਨੀਤ ਕੌਰ ਸਿੱਧੂ, ਏਡੀਸੀ ਜਨਰਲ ਅਵਨੀਤ ਕੌਰ, ਏਡੀਸੀ ਵਿਕਾਸ ਸ੍ਰੀ ਅਮਿਤ ਪੰਚਾਲ, ਐਸਡੀਐਮ ਸ੍ਰੀ ਅਕਾਸ਼ ਬਾਂਸਲ ਵੀ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਹੈਡਵਰਕਸ ਤੋਂ 55 ਹਜਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ ਅਤੇ ਇਹ ਫਾਜਿ਼ਲਕਾ ਜਿ਼ਲ੍ਹੇ ਵਿਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਰ ਵੱਡਾ ਖਤਰਾ ਉਹ ਪਾਣੀ ਬਣੇਗਾ ਜ਼ੋ ਰੋਪੜ੍ਹ ਹੈਡ ਵਰਕਸ ਤੋਂ ਆ ਰਿਹਾ ਹੈ ਅਤੇ ਹਰੀਕੇ ਅਤੇ ਹੁਸੈਨੀਵਾਲਾ ਹੁੰਦੇ ਹੋਏ ਮੰਗਲਵਾਰ ਤੱਕ ਫਾਜਿ਼ਲਕਾ ਵਿਚ ਪੁੱਜੇਗਾ। ਇਸ ਲਈ ਉਨ੍ਹਾਂ ਨੇ ਸਤਲੁਜ਼ ਦੇ ਲਹਿੰਦੇ ਪਾਸੇ ਵਾਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਬਣਾਏ ਰਾਹਤ ਕੈਂਪਾਂ ਵਿਚ ਜਾਣ ਦੀ ਅਪੀਲ ਕੀਤੀ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਹਤ ਕੈਂਪਾਂ ਵਿਚ ਹਰ ਪ੍ਰਕਾਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਇਸ ਔਖੀ ਘੜੀ ਵਿਚ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਤਮ ਨਗਰ ਵਿਚ ਇੰਨ੍ਹਾਂ ਸਰਹੱਦੀ ਪਿੰਡਾਂ ਲਈ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ ਸਾਰੇ ਵਿਭਾਗਾਂ ਦੇ ਨੁੰਮਾਇੰਦੇ ਹਾਜਰ ਰਹਿਣਗੇ ਅਤੇ ਪਿੰਡਾਂ ਦੇ ਲੋਕ ਕਿਸੇ ਵੀ ਮਦਦ ਲਈ ਇੱਥੇ ਸੰਪਰਕ ਕਰਨ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ 17 ਰਾਹਤ ਕੈਂਪ ਬਣਾਏ ਗਏ ਹਨ ਅਤੇ ਲੋਕ ਇੰਨ੍ਹਾਂ ਵਿਖੇ ਆ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੋ ਤਿੰਨ ਦਿਨ ਤਾਰੋਂ ਪਾਰ ਖੇਤੀ ਲਈ ਨਾ ਜਾਣ, ਨਦੀ ਵਿਚ ਨਹਾਉਣ ਜਾਂ ਮੱਛੀ ਫੜਨ ਲਈ ਨਾ ਜਾਣ ਦੀ ਅਪੀਲ ਵੀ ਕੀਤੀ।ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹਾ ਪ੍ਰ਼ਸ਼ਾਸਨ ਸੰਭਾਵਿਤ ਖਤਰੇ ਨਾਲ ਨੱਜਿਠਣ ਲਈ ਹਰ ਹੀਲਾ ਵਰਤ ਰਿਹਾ ਹੈ ਅਤੇ ਲੋਕ ਵੀ ਸਹਿਯੋਗ ਕਰਦੇ ਹੋਏ ਸਮਾਂ ਰਹਿੰਦੇ ਪਿੰਡਾਂ ਵਿਚੋਂ ਸੁਰੱਖਿਅਤ ਥਾਂਵਾਂ ਤੇ ਆ ਜਾਣ।
ਇਸ ਮੌਕੇ ਉਨ੍ਹਾਂ ਨੇ ਮਹਾਤਮ ਨਗਰ ਵਿਖੇ ਹੀ ਸਾਰੇ ਵਿਭਾਗਾਂ ਨਾਲ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਰਾਹਤ ਕੈਂਪਾਂ ਵਿਚ ਬਿਜਲੀ ਪਾਣੀ, ਰਾਸ਼ਨ, ਪਸ਼ੂਆਂ ਲਈ ਚਾਰਾ, ਤਰਪਾਲਾਂ ਆਦਿ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਸਮੇਤ ਸਾਰੇ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾਂ ਲਈ 24 ਘੰਟੇ ਚੱਲਣ ਵਾਲੇ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਫੋਨ ਨੰਬਰ 01638—262153 ਤੇ ਸੰਪਰਕ ਕੀਤਾ ਜਾ ਸਕਦਾ ਹੈ।