ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਤੋਂ ਵੱਧ ਵੱਡੇ ਆਗੂ ‘ਆਪ’ ‘ਚ ਸ਼ਾਮਲ
ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਤਾਕਤ, ਸੀਨੀਅਰ ਕਾਂਗਰਸੀ ਆਗੂ ਰੰਜਨ ਅਗਰਵਾਲ 'ਆਪ' 'ਚ ਹੋਏ ਸ਼ਾਮਲ
ਗੁਰਦਾਸਪੁਰ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਕਈ ਆਗੂ ਆਪਣੇ ਸਮਰਥਕਾਂ ਸਮੇਤ ‘ਆਪ’ਵਿੱਚ ਹੋਏ ਸ਼ਾਮਲ
ਦੋਆਬੇ ‘ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਸੇਵਾਮੁਕਤ ਡੀਟੀਸੀ ਪਰਮਜੀਤ ਸਿੰਘ ‘ਆਪ’ ‘ਚ ਸ਼ਾਮਲ
ਸਾਡੀ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਲੋਕ ਖ਼ੁਦ ਹੀ ਸਾਡੇ ਲਈ ਪ੍ਰਚਾਰ ਕਰ ਰਹੇ ਹਨ, ਵਿਧਾਨ ਸਭਾ ਚੋਣਾਂ ਵਾਂਗ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਵੀ ਇਤਿਹਾਸਕ ਜਿੱਤ ਦਰਜ ਕਰਨ ਜਾ ਰਹੀ ਹੈ- ਭਗਵੰਤ ਮਾਨ
ਅੰਮ੍ਰਿਤਸਰ/ਚੰਡੀਗੜ੍ਹ, 25 ਮਈ
ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ‘ਚ ਆਮ ਆਦਮੀ ਪਾਰਟੀ ਕਾਫ਼ੀ ਮਜ਼ਬੂਤ ਹੋਈ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਦੇ ਕਰੀਬ ਵੱਡੇ ਆਗੂ ‘ਆਪ’ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਰੰਜਨ ਅਗਰਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ‘ਆਪ’’ਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਜੀਵਨ ਜੋਤ ਕੌਰ ਵੀ ਮੌਜੂਦ ਸਨ।
ਰੰਜਨ ਅਗਰਵਾਲ 1990 ਤੋਂ ਅੰਮ੍ਰਿਤਸਰ ਦੀ ਸਿਆਸਤ ਵਿੱਚ ਸਰਗਰਮ ਹਨ। ਉਹ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਵੀ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ। 2006 ਤੋਂ 2010 ਤੱਕ ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਹੋਰ ਵੀ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।
ਗੁਰਦਾਸਪੁਰ ਵਿੱਚ ਵੀ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਹੈ। ਇੱਥੇ ਤਿੰਨਾਂ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਈ ਆਗੂ ਆਪਣੇ ਸਮਰਥਕਾਂ ਸਮੇਤ ‘ਆਪ’ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਕੌਂਸਲਰ ਗੌਰਵ ਵਢੇਰਾ, ਭਾਜਪਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਬਖ਼ਸ਼ੀਸ਼ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਡੇਰਾ ਬਾਬਾ ਨਾਨਕ ਦੇ ਸਾਬਕਾ ਹਲਕਾ ਇੰਚਾਰਜ ਪਰਵਿੰਦਰ ਸਿੰਘ ਘਾਨੀਆ ‘ਆਪ’ਵਿੱਚ ਸ਼ਾਮਲ ਹੋ ਗਏ।
ਦੋਆਬੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਤਾਕਤ ਮਿਲੀ ਹੈ। ਇੱਥੇ ਸੇਵਾਮੁਕਤ ਡੀ.ਟੀ.ਸੀ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੱਸ ਦੇਈਏ ਕਿ ਪਰਮਜੀਤ ਸਿੰਘ ਇਸ ਸਾਲ ਮਾਰਚ ਮਹੀਨੇ ‘ਚ ਸੇਵਾਮੁਕਤ ਹੋਏ ਸਨ। ਪਰਮਜੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ‘ਆਪ’ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਸੰਤੁਸ਼ਟ ਹੋ ਕੇ ਖ਼ੁਦ ਸਾਡੇ ਲਈ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਰ ਖੇਤਰ ਅਤੇ ਹਰ ਵਰਗ ਲਈ ਕੰਮ ਕੀਤਾ ਹੈ। ਅਸੀਂ ਆਮ ਪਰਿਵਾਰਾਂ ਲਈ ਬਿਜਲੀ ਮੁਫ਼ਤ ਕੀਤੀ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਕਰਨ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਵੀ ਇਤਿਹਾਸਕ ਜਿੱਤ ਦਰਜ ਕਰੇਗੀ।