ਪੰਜਾਬ

ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਮੰਤਰੀਆਂ ਨੂੰ ਹਿਰਾਸਤ ਵਿੱਚ ਲਿਆ

ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਆਗੂਆਂ ਨੇ ਭਾਜਪਾ ਦਫ਼ਤਰ ਅੱਗੇ ਕੀਤਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ

 

 -ਮਨੀਸ਼ ਸਿਸੋਦੀਆ ਨੇ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ, ਅੱਜ ਦਿੱਲੀ ਦੇ ਸਰਕਾਰੀ ਸਕੂਲ ਦੇ ਬੱਚੇ ਆਈਆਈਟੀ ਅਤੇ ਏਮਜ਼ ਵਿੱਚ ਪੜ੍ਹ ਰਹੇ ਹਨ – ਹਰਪਾਲ ਸਿੰਘ ਚੀਮਾ

 -ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ, ਇਸੇ ਲਈ ‘ਆਪ’ ਆਗੂਆਂ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ-ਚੀਮਾ

 -ਭਾਜਪਾ ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਦੀ ਵਰਤੋਂ ਕਰ ਰਹੀ ਹੈ – ਹਰਪਾਲ ਸਿੰਘ ਚੀਮਾ

-ਚੰਡੀਗੜ੍ਹ ਪੁਲੀਸ ਨੇ ਕੈਬਨਿਟ ਮੰਤਰੀਆਂ ਤੇ ਹੋਰ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ 

 ਚੰਡੀਗੜ੍ਹ, 27 ਫਰਵਰੀ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਖਿਲਾਫ ‘ਆਪ’ ਆਗੂਆਂ ਨੇ ਸੋਮਵਾਰ ਨੂੰ ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ।

ਧਰਨੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ, ਲਾਲਚੰਦ ਕਟਾਰੂਚੱਕ, ਬ੍ਰਹਮ ਸ਼ੰਕਰ ਜਿੰਪਾ, ਡਾ: ਬਲਬੀਰ ਸਿੰਘ, ਹਰਜੋਤ ਬੈਂਸ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁਲੱਰ, ਚੇਤਨ ਸਿੰਘ ਜੌੜੇਮਾਜਰਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਸੈਂਕੜੇ ‘ਆਪ’ ਆਗੂ ਤੇ ਵਰਕਰ ਮੌਜੂਦ ਸਨ।

‘ਆਪ’ ਆਗੂਆਂ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਆਗੂਆਂ ਨੇ ਨਾਅਰਿਆਂ ਰਾਹੀਂ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਤਾਨਾਸ਼ਾਹੀ ਫੈਸਲਾ ਦੱਸਿਆ ਅਤੇ ਅਜਿਹੀ ਕਾਰਵਾਈ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ।

ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ, ਇਸੇ ਲਈ ਆਪ ਨੇਤਾਵਾਂ ‘ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕ ਰਹੀ ਹੈ।

ਦਿੱਲੀ ਦੇ ਸਿੱਖਿਆ ਮੰਤਰੀ ਵਜੋਂ ਮਨੀਸ਼ ਸਿਸੋਦੀਆ ਨੇ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ। ਅੱਜ ਦਿੱਲੀ ਵਿੱਚ ਸਰਕਾਰੀ ਸਕੂਲਾਂ ਵਿੱਚ ਅਮੀਰ ਅਤੇ ਗਰੀਬ ਦੋਨਾਂ ਦੇ ਬੱਚੇ ਇਕੱਠੇ ਪੜ੍ਹ ਰਹੇ ਹਨ। ਮਨੀਸ਼ ਸਿਸੋਦੀਆ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਦਿੱਲੀ ਵਿੱਚ ਸਕੂਲ ਆਫ ਐਮੀਨੈਂਸ ਬਣਵਾਏ। ਅੱਜ ਦਿੱਲੀ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਕੇ ਆਈਆਈਟੀ ਅਤੇ ਏਮਜ਼ ਵਿੱਚ ਜਾ ਰਹੇ ਹਨ। ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਤੋਂ ਡਰਦਿਆਂ ਭਾਜਪਾ ਨੇ ਮਨੀਸ਼ ਸਿਸੋਦੀਆ ਨੂੰ ਝੂਠੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਈਡੀ ਨੇ ਕਈ ਵਾਰ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਅਤੇ ਬੈਂਕ ਖਾਤਿਆਂ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ। ਸੀਬੀਆਈ ਨੇ ਮੋਦੀ ਸਰਕਾਰ ਦੇ ਦਬਾਅ ਹੇਠ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਜਪਾ ਦਾ ਮਕਸਦ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨਾ ਨਹੀਂ ਸਗੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ। ਪਰ ਆਮ ਆਦਮੀ ਪਾਰਟੀ ਰੁਕਣ ਵਾਲੀ ਨਹੀਂ ਹੈ। ਜਲਦੀ ਹੀ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਦੇਸ਼ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਪੂਰੀ ਦੁਨੀਆ ‘ਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਸੀਬੀਆਈ ਕੋਲ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਕੁਝ ਭਾਜਪਾ ਆਗੂ 10 ਹਜ਼ਾਰ ਕਰੋੜ ਦਾ ਘਪਲਾ ਦੱਸ ਰਹੇ ਹਨ ਤੇ ਕੋਈ 25 ਹਜ਼ਾਰ ਕਰੋੜ ਦਾ, ਪਰ ਅੱਜ ਤੱਕ ਇਕ ਵੀ ਰੁਪਿਆ ਕਿਤੋਂ ਵਸੂਲ ਨਹੀਂ ਹੋਇਆ। ਭਾਜਪਾ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਮਾਪਿਆਂ ਦੀਆਂ ਬਦਦੁਆਵਾਂ ਲੱਗਣਗੀਆਂ।

ਇਸ ਦੌਰਾਨ ਭਾਜਪਾ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨਾ ਦੇ ਰਹੇ ਕੈਬਨਿਟ ਮੰਤਰੀਆਂ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!