ਪੰਜਾਬ
ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹਿੱਸਾ ਨਾ ਲੈਣ ਵਾਲੇ ਅਕਾਲੀ ਦਲ ਉਤੇ ਅਸਿੱਧੇ ਤੌਰ ’ਤੇ ਭਾਜਪਾ ਦਾ ਪੱਖ ਪੂਰਨ ਦੇ ਦੋਸ਼
ਸ਼੍ਰੋਮਣੀ ਅਕਾਲੀ ਦਲ ਬਣਿਆ ਭਾਜਪਾ ਦੀ ਮੁੱਠੀ ਦਾ ਲੱਡੂ : ਗੁਰਮੇਲ ਸਿੱਧੂ
–
ਚੰਡੀਗੜ੍ਹ, 17 ਜਨਵਰੀ, 2022
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਦੂਜੇ ਸਾਲ ਦੀ ਚੋਣ ਵੀ ਭਾਜਪਾ ਦੀ ਝੋਲੀ ਪੈਣ ਦਾ ਮੁੱਖ ਕਾਰਨ ਅਕਾਲੀ ਦਲ ਦੀ ਗੂੰਗੀ ਚੁੱਪ ਅਸਿੱਧੇ ਤੌਰ ’ਤੇ ਭਾਜਪਾ ਦੀ ਮੁੱਠੀ ਦਾ ਲੱਡੂ ਬਣ ਕੇ ਮੱਦਦ ਕਰ ਹੀ ਗਈ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਉਕਤ ਚੋਣ ਨਤੀਜੇ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਭਾਜਪਾ ਪ੍ਰਸ਼ਾਸਨ ਦਾ ਦਬਾਅ ਬਣਾ ਕੇ ਆਮ ਆਦਮੀ ਪਾਰਟੀ ਦੀ ਇੱਕ ਵੋਟ ‘ਇਤਰਾਜ਼ਯੋਗ’ ਕਹਿ ਕੇ ਧੱਕੇਸ਼ਾਹੀ ਕਰ ਗਈ ਸੀ।
ਦੱਸਣਯੋਗ ਹੈ ਕਿ ਮੁੱਖ ਪਾਰਟੀਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਮੇਅਰ ਦੀ ਚੋਣ ਲਈ 14-14 ਮੈਂਬਰ ਕੌਂਸਲਰ ਸਨ, ਕਾਂਗਰਸ ਦੇ 6 ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਸੀ। ਕਾਂਗਰਸੀ ਮੈਂਬਰ ਤਾਂ ਪਹਿਲਾਂ ਹੀ ਚੋਣ ਦਾ ਬਾਈਕਾਟ ਕਰਕੇ ਬਾਹਰ ਹੋ ਗਏ ਸਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਨਤੀਜੇ ਵਾਲੀ ਸਵੇਰ ਤੱਕ ਮੁੱਠੀ ਬੰਦ ਰੱਖੀ ਗਈ। ਇਸ ਤੋਂ ਸਾਫ਼ ਝਲਕ ਰਿਹਾ ਸੀ ਕਿ ਭਾਜਪਾ-ਅਕਾਲੀ ਗੁਪਤ ਗਠਜੋੜ ਨੂੰ ‘ਆਪ’ ਤੋਂ ਖ਼ਤਰਾ ਨਜ਼ਰ ਆ ਰਿਹਾ ਸੀ ਜਿਸ ਕਰਕੇ ਅਕਾਲੀ ਕੌਂਸਲਰ ਦੀ ਵੋਟ ਦਾ ਫ਼ੈਸਲਾ ਮੌਕੇ ’ਤੇ ਦੱਸਣ ਦੀ ਗੱਲ ਕਹੀ ਗਈ ਸੀ। ਜੇਕਰ ਅਕਾਲੀ ਕੌਂਸਲਰ ਨੇ ਬਾਈਕਾਟ ਕਰਨਾ ਹੀ ਸੀ ਤਾਂ ਇਹ ਐਲਾਨ ਕਾਂਗਰਸੀਆਂ ਦੀ ਤਰ੍ਹਾਂ ਪਹਿਲਾਂ ਹੀ ਕਰਨਾ ਚਾਹੀਦਾ ਸੀ। ਪ੍ਰੰਤੂ ਐਨ ਮੌਕੇ ’ਤੇ ਚੋਣ ਦਾ ਬਾਈਕਾਟ ਕਰਨ ਦਾ ਸਾਫ਼ ਤੇ ਪ੍ਰਤੱਖ ਮਤਲਬ ਨਿਕਲਿਆ ਕਿ ਅਕਾਲੀ ਦਲ ਇਸ ਚੋਣ ਵਿੱਚ ਆਪਣੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਦੀ ਮੁੱਠੀ ਦਾ ਲੱਡੂ ਸਾਬਿਤ ਹੋਇਆ ਅਤੇ ਆਪਣਾ ਭੇਦ ਵੀ ਗੁਪਤ ਰੱਖ ਗਿਆ। ਵੈਸੇ ਵੀ ਕਿਸੇ ਸਮਾਜਿਕ ਵਿਗਿਆਨੀ ਦਾ ਅਖਾਣ ਹੈ ਕਿ ‘ਚੁੱਪ ਰਜ਼ਾਮੰਦੀ ਦੀ ਨਿਸ਼ਾਨੀ ਹੁੰਦੀ ਹੈ’।
ਉਨ੍ਹਾਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਕਿਰਨ ਖੇਰ ਦੀ ਵੋਟ ਉਤੇ ਵੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਪ ਅਤੇ ਭਾਜਪਾ ਦੇ ਬਰਾਬਰ-ਬਰਾਬਰ ਕੌਂਸਲਰ ਹੋਣ ਦੀ ਹਾਲਤ ਵਿੱਚ ‘ਟਾੱਸ’ ਕੀਤਾ ਜਾਣਾ ਚਾਹੀਦਾ ਸੀ। ਅੰਤ ਵਿੱਚ ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਗਈ ‘ਚੁੱਪ’ ਵਾਲੀ ਭੂਮਿਕਾ ਨੇ ਅਕਾਲੀਲੂ-ਭਾਜਪਾ ਗਠਜੋੜ ਉਤੇ ਮੋਹਰ ਲਗਾਈ ਹੈ ਜਿਸ ਤੋਂ ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।