ਪੰਜਾਬ
ਪੰਜਾਬ ਸਰਕਾਰ ਦੇ ਸਾਰੇ ਯੋਗ ਕੱਚੇ ਕਾਮਿਆਂ ਨੂੰ ਜਲਦ ਹੀ ਮਿਲੇਗੀ ਖੁਸ਼ਖ਼ਬਰੀ-ਹਰਪਾਲ ਸਿੰਘ ਚੀਮਾ
-ਵਿੱਤ ਮੰਤਰੀ ਚੀਮਾ ਵੱਲੋਂ ਪਟਿਆਲਾ ਜ਼ਿਲੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ
ਚੰਡੀਗੜ/ਪਟਿਆਲਾ, 27 ਜੁਲਾਈ:
ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਦਿਤੀ ਗਰੰਟੀ ਨੂੰ ਪੂਰਾ ਕਰਕੇ ਸੂਬੇ ਦੇ ਠੇਕੇ ‘ਤੇ ਕੰਮ ਕਰਦੇ ਸਾਰੇ ਯੋਗ 36 ਹਜ਼ਾਰ ਕਾਮਿਆਂ ਨੂੰ ਹਰ ਹਾਲ ਪੱਕਾ ਕਰੇਗੀ ਅਤੇ ਇਸ ਸਬੰਧੀ ਜਲਦੀ ਹੀ ਖੁਸ਼ਖਬਰੀ ਮਿਲੇਗੀ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕੀਤਾ। ਉਹ ਪਟਿਆਲਾ ਜ਼ਿਲੇ ਦੇ ਇੰਚਾਰਜ ਮੰਤਰੀ ਵਜੋਂ ਪਟਿਆਲਾ ਜ਼ਿਲੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਪੁਜੇ ਹੋਏ ਸਨ।
ਇੱਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੱਚੇ ਤੇ ਠੇਕੇ ‘ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਵੱਲੋਂ ਗਠਿਤ ਕਮੇਟੀ ਦੀਆਂ ਲਗਾਤਾਰ ਮੀਟਿੰਗਾਂ ਦੌਰਾਨ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਸੂਬੇ ਦੇ ਖ਼ਜ਼ਾਨੇ ਬਾਰੇ ਪੁੱਛੇ ਜਾਣ ਵਿੱਤ ਮੰਤਰੀ ਨੇ ਕਿਹਾ ਕਿ ਖ਼ਜ਼ਾਨਾ ਜਲਦੀ ਭਰੇਗਾ ਕਿਉਕਿ ਸਰਕਾਰ ਦੀ ਨੀਅਤ ਸਾਫ਼ ਹੈ ਪ੍ਰੰਤੂ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਪਿੱਛਲੀ ਸਰਕਾਰ ਨੇ ਪੰਜ ਸਾਲ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਥੋਂ ਤੱਕ ਕਿ ਜੀ ਐੱਸ ਟੀ ਇਕੱਤਰ ਕਰਨ ਦੇ ਵੀ ਯਤਨ ਨਹੀਂ ਕੀਤੇ ਅਤੇ ਕੇਵਲ ਕੇਂਦਰ ਸਰਕਾਰ ‘ਤੇ ਨਿਰਭਰਤਾ ਰੱਖੀ ਜਦਕਿ ਉਨਾਂ ਦੀ ਸਰਕਾਰ ਨੇ ਜੀ.ਐੱਸ.ਟੀ. ਵੀ ਵਧਾਇਆ ਹੈ।
ਸ. ਚੀਮਾ ਨੇ ਅੱਗੇ ਕਿਹਾ ਕਿ ਸੂਬੇ ਦੀ ਆਬਕਾਰੀ ਨੀਤੀ ਤੋਂ ਪਿੱਛਲੇ ਸਾਲ 6200 ਕਰੋੜ ਰੁਪਏ ਮਿਲੇ ਸਨ ਤੇ ਇਸ ਸਾਲ 9600 ਕਰੋੜ ਦਾ ਟੀਚਾ ਹੈ।ਪੰਜਾਬੀ ਯੂਨੀਵਰਸਿਟੀ ਬਾਰੇ ਪੁੱਛਣ ‘ਤੇ ਉਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ 150 ਕਰੋੜ ਰੁਪਏ ਕਰਜ਼ੇ ਨੂੰ ਲਾਹੁਣ ਲਈ ਸਰਕਾਰ ਗੰਭੀਰ ਹੈ ਜਦਕਿ ਇਸਦੀ ਸਾਲਾਨਾ ਗਰਾਂਟ ਨੂੰ 114 ਕਰੋੜ ਤੋਂ ਵਧਾ ਕੇ 200 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਇਸ ਉਪਰੰਤ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਫੰਡ 100 ਫੀਸਦੀ ਵਰਤੇ ਜਾਣੇ ਯਕੀਨੀ ਬਣਾਏ ਜਾਣ। ਉਨਾਂ ਕਿਹਾ ਕਿ ਕਿਸੇ ਵੀ ਸਕੀਮ ਦੇ ਫੰਡ ਵਾਪਸ ਜਾਣ ਦਾ ਗੰਭੀਰ ਨੋਟਿਸ ਲੈਕੇ ਅਜਿਹੇ ਵਿਭਾਂਗਾਂ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਕਾਸ ਕੰਮ ‘ਚ ਕੁਤਾਹੀ ਨਾ ਵਰਤੀ ਜਾਵੇ ਕਿਉਂਕਿ ਉਹ ਹਰ ਮਹੀਨੇ ਅਜਿਹੀ ਮੀਟਿੰਗ ਕਰਨ ਦੇ ਨਾਲ-ਨਾਲ ਵਿਕਾਸ ਕੰਮਾਂ ਦੀ ਫ਼ਿਜੀਕਲ ਵੈਰੀਫਿਕੇਸ਼ਨ ਵੀ ਕਰਨਗੇ, ਇਸ ਲਈ ਅਧਿਕਾਰੀ ਵਿਕਾਸ ਕੰਮਾਂ ਦੀ ਗੁਣਵੱਤਾ ਤੇ ਇਨਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਦੇ ਮਿਆਰ ਦਾ ਖਾਸ ਖਿਆਲ ਰੱਖਣ। ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਕਿਸੇ ਕਿਸਮ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿੱਤ ਮੰਤਰੀ ਨੂੰ ਜ਼ਿਲੇ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਵਿੱਤ ਮੰਤਰੀ ਨੇ ਵੱਡੀ ਤੇ ਛੋਟੀ ਨਦੀ, ਨਵੇਂ ਬਣ ਰਹੇ ਬੱਸ ਸਟੈਂਡ, 24 ਘੰਟੇ ਨਹਿਰੀ ਪਾਣੀ, ਐਸ.ਟੀ.ਪੀਜ਼, ਡੇਅਰੀ ਪ੍ਰਾਜੈਕਟ, ਰਜਿੰਦਰਾ ਲੇਕ, ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਹੈਰੀਟੇਜ਼ ਸਟਰੀਟ, ਸੀ ਸੀ ਟੀ ਵੀ ਕੈਮਰੇ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਸਮੇਤ ਵਿਦਿਅਕ ਤੇ ਤਕਨੀਕੀ ਸਿੱਖਿਆ ਅਦਾਰਿਆਂ ਤੋਂ ਇਲਾਵਾ ਵੱਖ-ਵੱਖ ਸੜਕਾਂ ਤੇ ਜੰਗਲਾਤ, ਬਾਗਬਾਨੀ ਤੇ ਹੋਰ ਮਹਿਕਮਿਆਂ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ।
ਵਿੱਤ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਜ਼ਿਲੇ ਅੰਦਰ ਡਿਸਟਲਰੀਆਂ ਦਾ ਨਿਯਮਤ ਤੌਰ ‘ਤੇ ਨਿਰੀਖਣ ਕੀਤਾ ਜਾਵੇ ਤੇ ਹੋਰਨਾਂ ਵਿਭਾਗਾਂ ਨੂੰ ਨਾਲ ਲੈ ਕੇ ਨਾਲ ਲਗਦੇ ਇਲਾਕਿਆਂ ਦੇ ਪਾਣੀ ਦੇ ਨਮੂਨੇ ਵੀ ਭਰੇ ਜਾਣ।ਵਿਤ ਮੰਤਰੀ ਨੇ ਜ਼ਿਲੇ ਅੰਦਰ ਹੜਾਂ ਤੋਂ ਬਚਾਅ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਖ਼ਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਵੀ ਦਿਤੇ।ਸਿੰਜਾਈ ਵਿਭਾਗ ਨੂੰ ਨਹਿਰਾਂ ਤੇ ਸੂਇਆਂ ਦੇ ਮੋਘਿਆਂ ਨੂੰ ਡਿਜਾਇਨ ਮੁਤਾਬਕ ਪੁਖ਼ਤਾ ਕਰਨ ਤੇ ਬਨੂੜ ਕੈਨਾਲ ਦੇ ਕੰਮ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿਤੇ।
ਉਹਨਾਂ ਨੇ ਕੇਂਦਰੀ ਸਕੀਮਾਂ, ਪ੍ਰਧਾਨ ਮੰਤਰੀ ਆਵਾਜ਼ ਯੋਜਨਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਕੇਂਦਰੀ ਤੇ ਰਾਜ ਪ੍ਰਾਯੋਜਿਤ ਪੈਨਸ਼ਨ ਯੋਜਨਾਵਾਂ ਸਮੇਤ ਹੋਰ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਤੇ ਇਹਨਾਂ ਦਾ ਲਾਭ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਨੂੰ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ।
ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਮੁਕੰਮਲ ਰਿਪੋਰਟ ਉਹਨਾਂ ਨੂੰ ਪੇਸ਼ ਕੀਤੀ ਜਾਵੇ।ਉਨਾਂ ਨੇ ਮਿਰਤਕ ਪੈਨਸ਼ਨਰਾਂ ਦੀ ਪੈਨਸ਼ਨ ਰੋਕੇ ਜਾਣ ਬਾਰੇ ਵੀ ਆਦੇਸ਼ ਦਿਤੇ। ਸੁਗੰਮਿਯਾ ਭਾਰਤ ਯੋਜਨਾ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨਾਂ ਨੇ ਫ਼ੰਡ ਵਾਪਿਸ ਜਾਣ ਦਾ ਗੰਭੀਰ ਨੋਟਿਸ ਲਿਆ ਤੇ ਲੋਕ ਨਿਰਮਾਣ ਵਿਭਾਗ ਤੋਂ ਇਸਦੀ ਰਿਪੋਰਟ ਤਲਬ ਕੀਤੀ।ਬੇਟੀ ਬਚਾਓ ਬੇਟੀ ਪੜਾਓ, ਸਵੱਛ ਭਾਰਤ ਸਕੀਮ, ਦੀਨ ਦਿਆਲ ਉਪਾਧਯਾ ਗ੍ਰਾਮ ਜਯੋਤੀ ਯੋਜਨਾ ਤੇ ਹੋਰ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਉਨਾਂ ਕਿਹਾ ਕਿ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਦੇ ਲਾਭਪਾਤਰੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ।
ਆਬਕਾਰੀ ਵਿਭਾਗ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਸ. ਚੀਮਾ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਜੀ.ਐਸ.ਟੀ. ਕੁਲੈਕਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾਵੇ ਅਤੇ ਜ਼ਿਲੇ ਅੰਦਰ ਟੈਕਸ ਚੋਰੀ ਕਰਨ ਵਾਲੇ ਪਾਸਰਜ਼ ਨੂੰ ਫੜਿਆ ਜਾਵੇ ਅਤੇ ਆਪਣੇ ਮੋਬਾਇਲ ਵਿੰਗਾਂ ਨੂੰ ਹੋਰ ਚੌਕਸ ਕਰਕੇ ਟੈਕਸ ਚੋਰੀ ਰਸਤਿਆਂ ਦੀ ਨਿਯਮਤ ਚੈਕਿੰਗ ਕਰਕੇ ਨਜਾਇਜ਼ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਜ਼ੁਰਮਾਨੇ ਕੀਤੇ ਜਾਣ।
ਇਸ ਦੌਰਾਨ ਵਿਧਾਇਕ ਡਾ. ਬਲਬੀਰ ਸਿੰਘ, ਗੁਰਲਾਲ ਘਨੌਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਵੱਖ-ਵੱਖ ਮੁੱਦੇ ਉਠਾਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿੱਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਮੀਟਿੰਗ ਦੌਰਾਨ ਡਵੀਜਨਲ ਕਮਿਸ਼ਨਰ ਅਰੁਣ ਸੇਖੜੀ, ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ, ਏ ਡੀ ਸੀਜ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।