ਪੰਜਾਬ

ਅਮਨ ਅਰੋੜਾ ਵੱਲੋਂ ਡੱਚ ਫਰਮ ਦੇ ਐਮ.ਡੀ. ਨਾਲ ਮੁਲਾਕਾਤ; ਰਹਿੰਦ-ਖੂੰਹਦ ਅਤੇ ਨਵਿਆਉਣਯੋਗ ਊਰਜਾ ਵਿੱਚ ਬੁਨਿਆਦੀ ਢਾਂਚੇ ਦੀਆਂ ਲੋੜਾਂ ਦੇ ਸਥਾਈ ਹੱਲ ਸਬੰਧੀ ਕੀਤਾ ਵਿਚਾਰ-ਵਟਾਂਦਰਾ


• “ਨੇਕਸਸਨੋਵਸ” ਦੇ ਐਮ.ਡੀ. ਨੇ ਪੰਜਾਬ ਵਿੱਚ ਨਿਵੇਸ਼ ਕਰਨ ‘ਚ ਵਿਖਾਈ ਡੂੰਘੀ ਦਿਲਚਸਪੀ

• ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ

ਚੰਡੀਗੜ੍ਹ, 6 ਅਪ੍ਰੈਲ:

ਨੀਦਰਲੈਂਡ ਆਧਾਰਤ ਫਰਮ ਨੇਕਸਸਨੋਵਸ ਦੇ ਮੈਨੇਜਿੰਗ ਡਾਇਰੈਕਟਰ ਰੁਟਜਰ ਡੀ ਬਰੂਜਿਨ ਨੇ ਅੱਜ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਰਹਿੰਦ-ਖੂੰਹਦ, ਪਾਣੀ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਲੋੜਾਂ ਲਈ ਢੁਕਵੇਂ ਅਤੇ ਸਥਾਈ ਹੱਲ ਬਾਰੇ ਚਰਚਾ ਕੀਤੀ।

ਇੱਥੇ ਪੇਡਾ ਕੰਪਲੈਕਸ ਵਿਖੇ ਡੱਚ ਫਰਮ ਦੇ ਐਮ.ਡੀ. ਦਾ ਸਵਾਗਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਉੱਜਵਲ ਭਵਿੱਖ ਸਿਰਜਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਪੰਜਾਬ ਨੂੰ ਨਵਿਆਉਣਯੋਗ ਊਰਜਾ ਦੇ ਉਤਪਾਦਨ ਅਤੇ ਵਰਤੋਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਨੇਕਸਸਨੋਵਸ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰ ਸਾਲ 20 ਮਿਲੀਅਨ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ। ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਆਧਾਰਤ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ) ਪ੍ਰਾਜੈਕਟਾਂ ਦੀਆਂ ਵੱਡੀ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਆਧਾਰਤ ਕੁੱਲ 33.23 ਟਨ ਸੀ.ਬੀ.ਜੀ. ਪ੍ਰਤੀ ਦਿਨ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪ੍ਰਾਜੈਕਟ ਜ਼ਿਲ੍ਹਾ ਸੰਗਰੂਰ ਵਿਖੇ ਚਲ ਰਿਹਾ ਹੈ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ 42 ਹੋਰ ਸੀ.ਬੀ.ਜੀ. ਪਲਾਂਟ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 52.25 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਚਾਰ ਹੋਰ ਪ੍ਰਾਜੈਕਟ ਅਗਲੇ 4-5 ਮਹੀਨਿਆਂ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਐਨ.ਆਰ.ਐਸ.ਈ. ਨੀਤੀ-2012 ਤਹਿਤ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਲੈਂਡ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜਿਜ਼, ਬਿਜਲੀ ਡਿਊਟੀ, ਸੀ.ਐਲ.ਯੂ. ਅਤੇ ਈ.ਡੀ.ਸੀ. ਚਾਰਜਿਜ਼ ਤੋਂ ਛੋਟ ਦੇਣ ਸਣੇ ਇਨਵੈਸਟ ਪੰਜਾਬ ਜ਼ਰੀਏ ਸਿੰਗਲ ਸਟਾਪ ਪ੍ਰਵਾਨਗੀਆਂ ਦੇਣ ਦੀ ਸਹੂਲਤ ਪ੍ਰਦਾਨ ਕਰਕੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣੀ ਯਕੀਨੀ ਬਣਾਈ ਜਾ ਰਹੀ ਹੈ।

ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਸ੍ਰੀ ਬਰੂਜਿਨ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਫਰਮ ਵੱਲੋਂ ਪਹਿਲਾਂ ਹੀ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਏਕੀਕ੍ਰਿਤ ਠੋਸ ਆਧਾਰਤ ਪ੍ਰਬੰਧਨ ਕੇਂਦਰ ਸਥਾਪਤ ਕੀਤਾ ਗਿਆ ਹੈ। ਮੌਜੂਦਾ ਸਮੇਂ ਪਲਾਂਟ ਵਿੱਚ ਲਗਭਗ 20-25 ਟਨ ਪ੍ਰਤੀ ਦਿਨ ਰਹਿੰਦ-ਖੂੰਹਦ ਪ੍ਰਾਪਤ ਹੋ ਰਹੀ ਹੈ, ਜੋ ਅਗਲੇ ਮਹੀਨਿਆਂ ਦੌਰਾਨ ਲਗਭਗ 60 ਟਨ ਤੱਕ ਪਹੁੰਚਣ ਦੀ ਉਮੀਦ ਹੈ। ਇਸ ਰਹਿੰਦ-ਖੂੰਹਦ ਨੂੰ ਈ-ਵਾਹਨਾਂ ਰਾਹੀਂ ਚੁੱਕਿਆ ਜਾਂਦਾ ਹੈ ਅਤੇ ਫਿਰ ਮਸ਼ੀਨਾਂ ਦੀ ਵਰਤੋਂ ਕਰਕੇ ਇਸ ਨੂੰ ਰੀਸਾਈਕਲ ਕਰਨ ਯੋਗ ਅਤੇ ਜੈਵਿਕ ਆਧਾਰ ‘ਤੇ ਵੱਖ-ਵੱਖ ਕੀਤਾ ਜਾਂਦਾ ਹੈ। ਬਾਇਓਗੈਸ ਬਣਾਉਣ ਲਈ ਜੈਵਿਕ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਨਸ਼ਟ ਨਾ ਹੋਣ ਵਾਲੀ ਸਮੱਗਰੀ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਧੀ ਨਾਲ ਰਹਿੰਦ-ਖੂੰਹਦ ਦੇ ਢੇਰ ਨਹੀਂ ਬਣ ਰਹੇ ਅਤੇ ਉਹ ਸਥਾਈ ਤੇ ਨਵੀਨਤਮ ਊਰਜਾ ਪ੍ਰਾਜੈਕਟਾਂ ਰਾਹੀਂ ਕਾਰਬਨ ਮੁਕਤ ਵਿਸ਼ਵ ਬਣਾਉਣ ਦੇ ਮਿਸ਼ਨ ‘ਤੇ ਕੰਮ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!