ਪੰਜਾਬ ਭਰ ਵਿੱਚ ਇੱਕ ਦਿਨ ਵਿੱਚ 248 ਕੈਂਪਾਂ ਵਿੱਚ ਲਗਭਗ 7000 ਦਾਨੀਆਂ ਨੇ ਖੂਨਦਾਨ ਲਈ ਰਜਿਸਟ੍ਰੇਸ਼ਨ ਕੀਤੀ
ਸਵੈ-ਇੱਛੁਕ ਖੂਨਦਾਨ ਮੁਹਿੰਮ 17 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗੀ
ਚੰਡੀਗੜ੍ਹ, 18 ਸਤੰਬਰ, 2022
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ 17 ਸਤੰਬਰ 2022 ਤੋਂ 1 ਅਕਤੂਬਰ (ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ-2022) ਤੱਕ ਪੂਰੇ ਭਾਰਤ ਵਿੱਚ ਸਵੈ-ਇੱਛੁਕ ਖੂਨਦਾਨ ਕਰਨ ਲਈ ਰਕਤਦਾਨ ਅੰਮ੍ਰਿਤ ਮਹਾਉਤਸਵ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ “ਖੂਨਦਾਨ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਯਤਨ ਵਿੱਚ ਹਿੱਸਾ ਲੈ ਕੇ ਜਿੰਦਗੀਆਂ ਬਚਾਓ।
ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਬੰਧ ਵਿੱਚ ਸਵੈ-ਇੱਛੁਕ ਖੂਨਦਾਨ ਮੁਹਿੰਮ ਨੂੰ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ 17 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗੀ।ਅਭਿਆਨ ਦੇ ਪਹਿਲੇ ਦਿਨ ਖੂਨਦਾਨ ਕੈਂਪਾਂ ਰਾਹੀਂ ਸਵੈਇੱਛੁਕ ਖੂਨਦਾਨੀਆਂ ਤੋਂ ਲਗਭਗ 1 ਲੱਖ ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਸੀ।
ਬੁਲਾਰੇ ਨੇ ਦਸਿਆ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਵੱਡੀਆਂ ਅਤੇ ਛੋਟੀਆਂ ਖੂਨਦਾਨ ਸੰਸਥਾਵਾਂ ਅਤੇ ਸਵੈ-ਇੱਛੁਕ ਦਾਨੀਆਂ ਨੂੰ ਵੱਧ ਤੋਂ ਵੱਧ ਕੈਂਪ ਲਗਾਉਣ ਅਤੇ ਖੂਨਦਾਨ ਕਰਦੇ ਰਹਿਣ ਦੀ ਅਪੀਲ ਕੀਤੀ। ਇਸ ਸਬੰਧੀ ਨਾਮਵਰ ਹਸਤੀਆਂ ਵੱਲੋਂ ਵੀ ਲੋਕਾਂ ਨੂੰ ਖੂਨਦਾਨ ਦੇ ਇਸ ਪਵਿੱਤਰ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਹਿਲੇ ਦਿਨ 152 ਬਲੱਡ ਸੈਂਟਰਾਂ ਵਿੱਚ 248 ਸਵੈ-ਇੱਛੁਕ ਖੂਨਦਾਨ ਕੈਂਪ ਲਗਾਏ ਗਏ। 7014 ਖੂਨਦਾਨੀਆਂ ਨੇ ਖੂਨਦਾਨ ਕਰਨ ਲਈ ਰਜਿਸਟਰ ਕੀਤਾ ਅਤੇ 4963 ਨੇ ਖੂਨਦਾਨ ਕੀਤਾ, ਜੋ ਅੱਜ ਤੱਕ ਦਾ ਰਿਕਾਰਡ ਹੈ।