ਜਲੰਧਰ ਵਿੱਚ ਗਰਜੇ ਕੇਜਰੀਵਾਲ ਅਤੇ ਭਗਵੰਤ ਮਾਨ, ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕੀਤਾ ਧੂੰਆਂਧਾਰ ਪ੍ਰਚਾਰ
ਜੇਕਰ ਸਰਕਾਰ ਇਮਾਨਦਾਰ ਹੋਵੇ ਤੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਸੰਭਵ ਹੈ, ਅਸੀਂ ਬਿਜਲੀ ਵੀ ਮੁਫ਼ਤ ਕਰ ਦਿੱਤੀ ਅਤੇ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ- ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ
-ਪਹਿਲਾਂ ਸਰਕਾਰੀ ਖਜ਼ਾਨੇ ਦਾ ਪੈਸਾ ਭ੍ਰਿਸ਼ਟ ਲੋਕਾਂ ਅਤੇ ਮਾਫੀਆ ਦੀਆਂ ਜੇਬਾਂ ‘ਚ ਜਾਂਦਾ ਸੀ, ਹੁਣ ਉਸ ਪੈਸੇ ਨਾਲ ਲੋਕਾਂ ਦੇ ਕੰਮ ਹੋ ਰਹੇ ਹਨ-ਕੇਜਰੀਵਾਲ
– ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਇਕ ਸਾਲ ‘ਚ ਇੰਨੇ ਵੱਡੇ ਕੰਮ ਕੀਤੇ – ਕੇਜਰੀਵਾਲ
– ਕਿਹਾ – ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ, ਕੱਚੇ ਕਾਮੇ ਪੱਕੇ ਹੋ ਰਹੇ ਹਨ, ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਸਮੇਂ ਸਿਰ ਹੋ ਰਹੀ ਹੈ।
-ਜਲੰਧਰ ਦੇ ਲੋਕ ਇਸ ਵਾਰ ਚੋਣਾਂ ‘ਚ ਇਤਿਹਾਸ ਲਿਖਣਗੇ, ਇਸ ਵਾਰ ਜਲੰਧਰ ਹੋਵੇਗਾ ਇਨਕਲਾਬ ਲਈ ਮਸ਼ਹੂਰ – ਮੁੱਖ ਮੰਤਰੀ ਭਗਵੰਤ ਮਾਨ
– ਝਾੜੂ ਦਾ ਬਟਨ ਦੱਬਣ ਦਾ ਮਤਲਬ ਹੈ ਵਿਕਾਸ, ਪੰਜਾਬ ਦੀ ਤਰੱਕੀ ਤੇ ਖੁਸ਼ੀਆਂ ਦਾ ਬਟਨ ਦੀ ਦਬਾਉਣਾ ਹੈ – ਮਾਨ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10 ਮਈ ਨੂੰ ਤੁਹਾਡੇ ਕੋਲ ਝਾੜੂ ਦਾ ਬਟਨ ਦਬਾ ਕੇ ਸੰਗਰੂਰ ਵਰਗਾ ਰਿਕਾਰਡ ਬਣਾਉਣ ਦਾ ਮੌਕਾ ਹੈ ਅਤੇ ਆਪਣੇ ਬੱਚਿਆਂ ਦੀ ਕਿਸਮਤ ਰੌਸ਼ਨ ਕਰੋ। ਉਨ੍ਹਾਂ ਕਿਹਾ ਕਿ ਝਾੜੂ ਦਾ ਬਟਨ ਦਬਾਉਣ ਦਾ ਮਤਲਬ ਹੈ ਵਿਕਾਸ ਦਾ ਬਟਨ ਦਬਾਉਣਾ। ਪੰਜਾਬ ਦੀ ਤਰੱਕੀ ਅਕੇ ਖੁਸ਼ਹਾਲੀ ਦਾ ਬਟਨ ਦਬਾਉਣਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਹੁਣ ਤੱਕ ਕਰੀਬ 29,000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ। ਅਸੀਂ ਬੱਚਿਆਂ ਦੇ ਬਿਹਤਰ ਭਵਿੱਖ ਲਈ ‘ਸਕੂਲ ਆਫ਼ ਐਮੀਨੈਂਸ’ ਬਣਾ ਰਹੇ ਹਾਂ। ਜਿੰਨਾ ਕੰਮ ਅਸੀਂ ਪਹਿਲੇ ਸਾਲ ਵਿੱਚ ਕੀਤਾ ਹੈ, ਓਨਾ ਪਿਛਲੀਆਂ ਸਰਕਾਰਾਂ ਪਿਛਲੇ ਸਾਲ ਵਿੱਚ ਵੀ ਨਹੀਂ ਕਰਦੀਆਂ ਸਨ।
ਅਸੀਂ ਇੱਕ ਸਾਲ ਦੇ ਅੰਦਰ ਆਮ ਲੋਕਾਂ ਦੀ ਸਹੂਲਤ ਲਈ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ। ਸਰਕਾਰੀ ਸਕੂਲਾਂ ਦੀ ਹਾਲਤ ਸੁਧਰੀ ਹੈ। 580 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 20 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 5 ਲੱਖ ਤੋਂ ਵੱਧ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਹੈ। ਕਿਸਾਨਾਂ ਲਈ, ਅਸੀਂ ਕਈ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਹੈ ਅਤੇ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਵਧਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਜਲੰਧਰ ‘ਚ ਹਾਂ ਅਤੇ ਚੋਣ ਪ੍ਰਚਾਰ ਲਈ ਕਈ ਥਾਵਾਂ ‘ਤੇ ਗਿਆ ਹਾਂ | ਹਰ ਪਾਸੇ ਲੋਕ ਸਾਡੇ ਸਮਰਥਨ ਲਈ ਸੜਕਾਂ ‘ਤੇ ਆ ਰਹੇ ਹਨ। ਕਿਉਂਕਿ ਅਸੀਂ ਆਮ ਲੋਕ ਹਾਂ। ਅਸੀਂ ਲੋਕਾਂ ਵਿੱਚ ਰਹਿੰਦੇ ਹਾਂ। ਪਹਿਲਾਂ ਮੁੱਖ ਮੰਤਰੀ ਆਪਣੇ ਮਹਿਲਾਂ ਦੀਆਂ ਕੰਧਾਂ ਉੱਚੀਆਂ ਕਰਕੇ ਆਮ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦੇ ਸਨ।
ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ-ਭਾਜਪਾ ਅਤੇ ਅਕਾਲੀ ਦਲ ਆਪਣੀਆਂ ਰੈਲੀਆਂ ‘ਚ ਭਾੜੇ ‘ਤੇ ਲੋਕਾਂ ਨੂੰ ਇਕੱਠਾ ਕਰ ਰਹੇ ਹਨ। ਇਹ ਉਨ੍ਹਾਂ ਦੇ ਨਾਅਰੇ ਲਗਾਉਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ। 2020 ‘ਚ ਦਿੱਲੀ ਚੋਣਾਂ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਲੀਲਾ ਮੈਦਾਨ ‘ਚ ਰੈਲੀ ਕੀਤੀ, ਜਿੱਥੇ ਲੋਕਾਂ ਦੀ ਭੀੜ ਸੀ ਪਰ ਜਿਸ ਤਰੀਕੇ ਨਾਲ ਲੋਕ ਨਾਅਰੇ ਲਗਾ ਰਹੇ ਸਨ, ਉਸ ਤੋਂ ਸਾਫ਼ ਸੀ ਕਿ ਉਹ ਮਜ਼ਬੂਰਨ ਨਾਅਰੇ ਲਗਾ ਰਹੇ ਸਨ।
ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਇੱਥੇ ਪੀਜੀਆਈ ਚੰਡੀਗੜ੍ਹ ਵਾਂਗ ਉੱਚ ਸਹੂਲਤਾਂ ਵਾਲਾ ਹਸਪਤਾਲ ਬਣਾਵਾਂਗੇ। ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦਾ ਇਲਾਜ ਅਤੇ ਅਪਰੇਸ਼ਨ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੇ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਚੋਣ ਵਿੱਚ ਇਤਿਹਾਸ ਲਿਖਣਗੇ। ਇਸ ਵਾਰ ਜਲੰਧਰ ਇਨਕਲਾਬ ਲਈ ਮਸ਼ਹੂਰ ਹੋਵੇਗਾ। ਜਦੋਂ ਇਤਿਹਾਸਕਾਰ ਪੰਜਾਬ ਦਾ ਇਤਿਹਾਸ ਲਿਖਣਗੇ ਤਾਂ ਇਹ ਲਿਖਿਆ ਜਾਵੇਗਾ ਕਿ ਜਿਸ ਸਮੇਂ ਪੰਜਾਬ ਦੀ ਹਾਲਤ ਵਿਗੜ ਰਹੀ ਸੀ, ਉਸ ਸਮੇਂ ਜਲੰਧਰ ਦੇ ਲੋਕਾਂ ਨੇ ਇੱਕ ਇਮਾਨਦਾਰ ਪਾਰਟੀ ਨੂੰ ਵੋਟਾਂ ਪਾ ਕੇ ਇੱਕ ਚੰਗੀ ਨੀਂਹ ਰੱਖੀ ਸੀ।