ਪੰਜਾਬ
ਬਟਾਲਾ ਗੋਲੀ ਕਾਂਡ: ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਅਤੇ ਕੇਂਦਰੀ ਏਜੰਸੀ ਦੇ ਨਾਲ ਮਿਲ ਕੇ ਭਾਰਤ-ਭੂਟਾਨ ਸਰਹੱਦ ਤੋਂ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ
– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ
– ਗ੍ਰਿਫਤਾਰ ਕੀਤਾ ਗਿਆ ਦੋਸ਼ੀ ਵਿਦੇਸ਼ੀ ਹੈਂਡਲਰਾਂ ਤੋਂ ਪ੍ਰਾਪਤ ਕਰ ਰਿਹਾ ਸੀ ਫੰਡ: ਡੀਜੀਪੀ ਗੌਰਵ ਯਾਦਵ
– ਪੁਲਿਸ ਟੀਮਾਂ ਵੱਲੋਂ ਬਾਕੀ ਭਗੌੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਰ ਰਹੀਆਂ ਹਨ ਛਾਪੇਮਾਰੀ
ਚੰਡੀਗੜ੍ਹ/ਬਟਾਲਾ, 7 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕੇਂਦਰੀ ਏਜੰਸੀ ਅਤੇ ਪੱਛਮੀ ਬੰਗਾਲ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਟਾਲਾ ਗੋਲੀ ਕਾਂਡ ਦੇ ਮੁੱਖ ਦੋਸ਼ੀ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਭਾਰਤ-ਭੂਟਾਨ ਬਾਰਡਰ ਤੋਂ ਗ੍ਰਿਫਤਾਰ ਕਰਕੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ 21 ਸਾਲਾ ਮੁਲਜ਼ਮ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਉਹ ਕਤਲ ਦੇ ਇੱਕ ਕੇਸ ਵਿੱਚ ਜ਼ਮਾਨਤ ’ਤੇ ਰਿਹਾਅ ਸੀ।
ਜਾਣਕਾਰੀ ਅਨੁਸਾਰ 24 ਜੂਨ, 2023 ਨੂੰ ਬਟਾਲਾ ਦੀ ਲੱਕੜ ਮੰਡੀ ਵਿਖੇ ਰਾਜੀਵ ਮਹਾਜਨ, ਉਸ ਦੇ ਭਰਾ ਅਨਿਲ ਗੁਪਤਾ ਅਤੇ ਉਸ ਦੇ ਪੁੱਤਰ ਮਾਨਵ ਗੁਪਤਾ ਨੂੰ ਦੋ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਇਲੈਕਟ੍ਰਾਨਿਕਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਅਤੇ ਸਬੂਤਾਂ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ, ਪੰਜਾਬ ਨੇ ਦੋਸ਼ੀ ਵਿਅਕਤੀ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲੇ ਵਿੱਚ ਟਰੇਸ ਕੀਤਾ। ਉਹਨਾਂ ਕਿਹਾ, “ਬਟਾਲਾ ਪੁਲਿਸ ਨੇ ਤੁਰੰਤ ਪੱਛਮੀ ਬੰਗਾਲ ਲਈ ਇੱਕ ਟੀਮ ਰਵਾਨਾ ਕੀਤੀ, ਅਤੇ ਉਥੋਂ ਦੀ ਪੁਲਿਸ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਅਤੇ ਪੱਛਮੀ ਬੰਗਾਲ ਪੁਲਿਸ ਦੇ ਤਾਲਮੇਲ ਨਾਲ ਦੋਸ਼ੀ ਵਿਅਕਤੀ ਨੂੰ ਭਾਰਤ-ਭੂਟਾਨ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਪੱਛਮੀ ਬੰਗਾਲ ਦੇ ਡੀਜੀਪੀ ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਡੀਜੀਪੀ ਨੇ ਕਿਹਾ, “ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਾਰਾ ਮਾਡਿਊਲ ਵਿਦੇਸ਼ ਤੋਂ ਹੈਂਡਲ ਕੀਤਾ ਜਾ ਰਿਹਾ ਸੀ ਅਤੇ ਗ੍ਰਿਫਤਾਰ ਮੁਲਜ਼ਮ ਇਸ ਤਰ੍ਹਾਂ ਦੇ ਅਪਰਾਧ ਕਰਨ ਲਈ ਵਿਦੇਸ਼ੀ ਹੈਂਡਲਰਾਂ ਤੋਂ ਫੰਡ ਪ੍ਰਾਪਤ ਕਰ ਰਿਹਾ ਸੀ।”.
ਐਸ.ਐਸ.ਪੀ ਬਟਾਲਾ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਲੀਡਜ਼ ’ਤੇ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਬਾਕੀ ਦੋਸ਼ੀਆਂ ਨੂੰ ਫੜਨ ਲਈ ਯਤਨ ਜਾਰੀ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰ. 103 ਮਿਤੀ 24/6/2023 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 452, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਿਟੀ ਬਟਾਲਾ ਵਿਖੇ ਪਹਿਲਾਂ ਹੀ ਦਰਜ ਹੈ।