ਮਾਨ ਸਰਕਾਰ ਵੱਲੋਂ ਪੰਜਾਬ ਵਿੱਚ 300 ਮੈਗਾਵਾਟ ਦੇ ਕੈਨਾਲ ਟਾਪ ਅਤੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ ਲਗਾਏ ਜਾਣਗੇ: ਅਮਨ ਅਰੋੜਾ
• ਨਹਿਰਾਂ ਅਤੇ ਝੀਲਾਂ 'ਤੇ ਸੋਲਰ ਬਿਜਲੀ ਪ੍ਰਾਜੈਕਟ ਲਗਾਉਣ ਨਾਲ ਹਜ਼ਾਰਾਂ ਏਕੜ ਖੇਤੀਯੋਗ ਜ਼ਮੀਨ ਦੀ ਹੋਵੇਗੀ ਬੱਚਤ
BHAGWANT MANN GOVT TO GIVE PUSH TO GREEN ENERGRY, 300 MW CANAL TOP AND FLOATING SOLAR POWER PROJECTS TO BE SET UP IN PUNJAB: AMAN ARORA
ਚੰਡੀਗੜ੍ਹ, 21 ਨਵੰਬਰ:
ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁੱਲ 300 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਾਵਰ ਫੋਟੋਵੋਲਟੈਕ (ਪੀ.ਵੀ.) ਪ੍ਰਾਜੈਕਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 200 ਮੈਗਾਵਾਟ ਦੇ ਕੈਨਾਲ ਟਾਪ ਸੋਲਰ ਪੀ.ਵੀ. ਪਾਵਰ ਪ੍ਰਾਜੈਕਟ ਅਤੇ ਜਲ ਭੰਡਾਰਾਂ ਤੇ ਝੀਲਾਂ ਉਤੇ ਲਾਏ ਜਾਣ ਵਾਲੇ 100 ਮੈਗਾਵਾਟ ਦੇ ਫਲੋਟਿੰਗ ਸੋਲਰ ਪੀ.ਵੀ. ਪਾਵਰ ਪ੍ਰਾਜੈਕਟ ਸ਼ਾਮਲ ਹਨ।
ਇਹ ਅਹਿਮ ਫ਼ੈਸਲਾ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪ੍ਰਸਤਾਵਿਤ 200 ਮੈਗਾਵਾਟ ਦੇ ਕੈਨਾਲ ਟਾਪ ਸੋਲਰ ਪ੍ਰਾਜੈਕਟ ਪੜਾਅਵਾਰ ਲਗਾਏ ਜਾਣਗੇ, ਜਿਸ ਤਹਿਤ ਪਹਿਲੇ ਪੜਾਅ ਵਿੱਚ 50 ਮੈਗਾਵਾਟ ਦੀ ਸਮਰੱਥਾ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਜਦੋਂਕਿ ਬਾਕੀ ਪ੍ਰਾਜੈਕਟ ਅਗਲੇ ਪੜਾਵਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਬਿਲਡ, ਆਪਰੇਟ ਐਂਡ ਓਨ (ਬੀ.ਓ.ਓ.) ਮੋਡ ਤਹਿਤ ਲਗਾਏ ਜਾਣਗੇ।
ਇਨ੍ਹਾਂ ਪ੍ਰਾਜੈਕਟਾਂ ਨੂੰ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਵਿੱਤੀ ਮਾਮਲਿਆਂ ਬਾਰੇ ਵਿਭਾਗ ਕੋਲ ਉਨ੍ਹਾਂ ਦੀ ਸਕੀਮ ਤਹਿਤ ਵਾਇਆਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਲਈ ਦਾਅਵਾ ਪੇਸ਼ ਕਰਨ ਦੀ ਤਜਵੀਜ਼ ਹੈ।
ਕੈਨਾਲ ਟਾਪ ਸੋਲਰ ਪਾਵਰ ਪ੍ਰਾਜੈਕਟ ਘੱਟ ਚੌੜ੍ਹਾਈ ਵਾਲੇ ਛੋਟੇ ਰਜਬਾਹਿਆਂ ’ਤੇ ਲਗਾਏ ਜਾਣਗੇ ਤਾਂ ਜੋ ਇਹ ਪ੍ਰਾਜੈਕਟ ਲਗਾਉਣ ਉਤੇ ਘੱਟ ਤੋਂ ਘੱਟ ਨਿਰਮਾਣ ਕਾਰਜਾਂ ਦੀ ਲੋੜ ਪਵੇ। 20 ਫ਼ੀਸਦੀ ਵੀ.ਜੀ.ਐਫ. ਨੂੰ ਧਿਆਨ ’ਚ ਰੱਖਦਿਆਂ ਕੈਨਾਲ ਟਾਪ ਸੋਲਰ ਪੀ.ਵੀ. ਪ੍ਰਾਜੈਕਟ ਦੀ ਲਾਗਤ ਤਕਰੀਬਨ 5 ਕਰੋੜ ਰੁਪਏ ਪ੍ਰਤੀ ਮੈਗਾਵਾਟ ਪੈਣ ਦੀ ਆਸ ਹੈ। 200 ਮੈਗਾਵਾਟ ਦੇ ਕੈਨਾਲ ਟਾਪ ਸੋਲਰ ਪੀ.ਵੀ. ਪ੍ਰਾਜੈਕਟਾਂ ਨੂੰ ਲਗਾਉਣ ਨਾਲ 1000 ਏਕੜ ਦੇ ਕਰੀਬ ਕੀਮਤੀ ਖੇਤੀਯੋਗ ਜ਼ਮੀਨ ਦੀ ਬੱਚਤ ਹੋਵੇਗੀ। ਇਸ ਨਾਲ ਸਥਾਨਕ ਪੱਧਰ ਉਤੇ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਨਹਿਰੀ ਪਾਣੀ ਦਾ ਵਾਸ਼ਪੀਕਰਣ ਵੀ ਘਟੇਗਾ।
ਇਸੇ ਤਰ੍ਹਾਂ ਜਲ ਸਰੋਤਾਂ ਅਤੇ ਝੀਲਾਂ ਦੇ ਸੰਭਾਵੀਂ ਖੇਤਰ ਦੀ ਸੁਚੱਜੀ ਵਰਤੋਂ ਕਰਦਿਆਂ ਫਲੋਟਿੰਗ ਸੋਲਰ ਪੀ.ਵੀ. ਪ੍ਰਾਜੈਕਟ ਲਗਾਏ ਜਾਣਗੇ ਜੋ ਇੱਕ ਨਿਵੇਕਲਾ ਤੇ ਉਸਾਰੂ ਵਿਚਾਰ ਹੈ ਅਤੇ ਇਸ ਨਾਲ ਹਜ਼ਾਰਾਂ ਏਕੜ ਖੇਤੀਯੋਗ ਜ਼ਮੀਨ ਦੀ ਬੱਚਤ ਵੀ ਹੋਵੇਗੀ। 20 ਫ਼ੀਸਦੀ ਵੀ.ਜੀ.ਐਫ. ਨੂੰ ਧਿਆਨ ’ਚ ਰੱਖਦਿਆਂ ਫਲੋਟਿੰਗ ਸੋਲਰ ਪੀ.ਵੀ. ਪ੍ਰਾਜੈਕਟਾਂ ਦੀ ਲਾਗਤ ਤਕਰੀਬਨ 4.80 ਕਰੋੜ ਰੁਪਏ ਪ੍ਰਤੀ ਮੈਗਾਵਾਟ ਪਵੇਗੀ।
ਇਸ ਮੀਟਿੰਗ ਵਿੱਚ ਪੇਡਾ ਦੇ ਚੇਅਰਮੈਨ ਸ੍ਰੀ ਐਚ.ਐਸ. ਹੰਸਪਾਲ, ਮੁੱਖ ਮੰਤਰੀ ਪੰਜਾਬ ਦੇ ਵਧੀਕ ਮੁੱਖ ਸਕੱਤਰ-ਕਮ-ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਵਿਭਾਗ ਦੇ ਏ.ਸੀ.ਐਸ. ਸ੍ਰੀ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਸ੍ਰੀ ਤੇਜਵੀਰ ਸਿੰਘ, ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਸ੍ਰੀ ਬਲਦੇਵ ਸਿੰਘ ਸਰਾਂ, ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਸੁਮੀਤ ਜਾਰੰਗਲ ਅਤੇ ਪੇਡਾ ਦੇ ਡਾਇਰੈਕਟਰ ਸ. ਐਮ ਪੀ ਸਿੰਘ ਹਾਜ਼ਰ ਸਨ।