ਪੰਜਾਬ

ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਵਲੋਂ ਸੁਖਬੀਰ ਬਾਦਲ ਦੀ ਵਾਹ ਵਾਹ, ਅਕਾਲੀ ਦਲ ਦੀ ਮਾੜੀ ਹਾਲਤ ਲਈ ਭਾਜਪਾ ਤੇ ਮੜ੍ਹਿਆ ਦੋਸ਼

ਮੌਕਾਪ੍ਰਸਤ ਤੱਤਾਂ ਦੇ ਭਾਜਪਾ, ਏਜੰਸੀਆਂ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰਨ ਦੀ ਕੀਤੀ ਨਿਖੇਧੀ

ਚੰਡੀਗੜ੍ਹ, 25 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨੇ ਅੱਜ ਪੰਥ ਤੇ ਪੰਜਾਬ ਦੇ ਦੁਸ਼ਮਣਾ ਵੱਲੋਂ ਡੂੰਘੀ ਸਾਜ਼ਿਸ਼ ਤਹਿਤ ਕੌਮ ਅਤੇ ਇਸਦੀ ਇਕਲੌਤੀ ਨੁਮਾਇੰਦਾ ਪਾਰਟੀ  ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੁਝ ਮੌਕਾਪ੍ਰਸਤ ਤੇ ਗੁੰਮਰਾਹ ਅਨਸਰਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੇ ਸਰਕਾਰ ਦੀ ਸ਼ਹਿ ’ਤੇ ਏਜੰਸੀਆਂ ਵੱਲੋਂ ਰਚੀਆਂ ਸਾਜ਼ਿਸ਼ਾਂ ਤਹਿਤ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪਾਰਟੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਭਾਜਪਾ ਅਤੇ ਸਰਕਾਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਹਨ। ਭਾਜਪਾ ਦੀ ਸ਼ਹਿ ਪ੍ਰਾਪਤ ਇਹ ਮਾਯੂਸ ਅਨਸਰ ਵੱਖਰੀ ਪਾਰਟੀ ਬਣਾ ਕੇ ਜਾਂ ਪਾਰਟੀ ਦੇ ਅੰਦਰ ਰਹਿ ਹੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਪੁਰਜ਼ੋਰ ਯਤਨਾਂ ਵਿਚ ਲੱਗੇ ਹਨ ਪਰ ਇਹਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਮਤਿਆਂ ਵਿਚ ਪਾਰਟੀ ਦੇ ਨਿਧੜਕ ਤੇ ਅਣਥੱਕ ਜਰਨੈਲ  ਸੁਖਬੀਰ ਸਿੰਘ ਬਾਦਲ ਵੱਲੋਂ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਅਹਿਮ ਘੜੀ ਵਿਚ ਪਾਰਟੀ ਨੂੰ ਦਿੱਤੀ ਗਈ ਅਡੋਲ ਅਤੇ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਉਹਨਾਂ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਇਆ ਗਿਆ।
ਅੱਜ ਦੀ ਮੀਟਿੰਗਾਂ ਵਿਚ ਕੁੱਲ 35 ਜ਼ਿਲ੍ਹਾ ਜਥੇਦਾਰਾਂ ਵਿਚੋਂ 33 ਅਤੇ 105 ਹਲਕਾ ਇੰਚਾਰਜਾਂ ਵਿਚੋਂ 96 ਹਲਕਾ ਇੰਚਾਰਜ ਸ਼ਾਮਲ ਹੋਏ ਜਿਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।
33 ਜ਼ਿਲ੍ਹਾ ਪ੍ਰਧਾਨਾਂ ਵਿਚੋਂ 28 ਤਾਂ ਆਪ ਨਿੱਜੀ ਤੌਰ ’ਤੇ ਹਾਜ਼ਰ ਸਨ ਜਦੋਂ ਕਿ 5 ਹੋਰ ਕੁਝ ਪਰਿਵਾਰਕ ਕਾਰਣਾਂ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ ਪਰ ਉਹਨਾਂ ਨੇ ਪ੍ਰਧਾਨ ਦੀ ਹਮਾਇਤ ਲਿਖਤੀ ਤੌਰ ’ਤੇ ਕੀਤੀ ਹੈ।
ਦੋਵਾਂ ਮੀਟਿੰਗਾਂ ਵਿਚ ਮੈਂਬਰਾਂ ਮੈਂਬਰਾਂ ਨੇ ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਕੇ ਡੂੰਘੀ ਸਾਜ਼ਿਸ਼ ਤਹਿਤ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਸਾਜ਼ਿਸ਼ਾਂ ਰਚਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹਾ ਸਿਰਫ ਸਿੱਖਾਂ ’ਤੇ ਸਿਆਸੀ ਤੇ ਧਾਰਮਿਕ ਤੌਰ ’ਤੇ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ। ਮਤਿਆਂ ਨੇ ਸਰਦਾਰ ਬਾਦਲ ਵੱਲੋਂ ਪੰਥਕ ਸਿਧਾਂਤਾਂ ਦੀ ਕੀਮਤ ’ਤੇ ਅਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਖਿਲਾਫ ਭਾਜਪਾ ਨਾਲ ਸਮਠੌਤਾ ਨਾ ਕਰਨ ਦੇ ਲਏ ਸਟੈਂਡ ਦੀ ਸ਼ਲਾਘਾ ਕੀਤੀ।
ਮੈਂਬਰਾਂ ਨੇ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ  ਜੋ ਲੋਕ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਏਜੰਟਾਂ ਵਾਂਗੂ ਕੰਮ ਕਰ ਰਹੇ ਹਨ ਅਤੇ ਸੰਗਤ ਵਿਚ ਪਾਰਟੀ ਦੇ ਪੰਥਕ ਏਜੰਡੇ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਮਤਿਆਂ ਵਿਚ ਪ੍ਰਧਾਨ ਵੱਲੋਂ ਭਾਰੀ ਦਬਾਅ ਦੇ ਬਾਵਜੂਦ ਸਿੱਖ ਕੌਮ, ਪੰਜਾਬ ਅਤੇ ਪਾਰਟੀ ਦੇ ਮਾਮਲਿਆਂ ਵਿਚ ਭਾਰੀ ਦਬਾਅਦ ਹੋਣ ਦੇ ਬਾਵਜੂਦ ਸਮਝੌਤਾ ਕਰਨ ਤੋਂ ਨਾਂਹ ਕਰਨ ਤੇ ਸਖ਼ਤ ਸਟੈਂਡ ਲਣ ਦੀ ਸ਼ਲਾਘਾ ਕੀਤੀ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ  ਬਾਦਲ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਹਰੇਕ ਨੂੰ ਪੂਰੀ ਥਾਂ ਦਿੱਤੀ ਤੇ ਉਹਨਾਂ ਲਈ ਪਾਰਟੀ ਦੇ ਹਿੱਤਾਂ ਤੋਂ ਉਪਰ ਕੁਝ ਨਹੀਂ ਰਿਹਾ। ਉਹਨਾਂ ਕਿਹਾ ਕਿ ਮੇਰਾ ਆਪਣਾ ਪਰਿਵਾਰ ਵੀ ਮੇਰੇ ਲਈ ਪਾਰਟੀ ਤੋਂ ਬਾਅਦ ਹੈ।
ਲੋਕ ਸਭਾ ਚੋਣਾਂ ਵਿਚ ਭਾਜਪਾ ਨਾਲ ਸਮਝੌਤੇ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਤੇ ਭੰਬਲਭੂਸੇ ਦੇ ਦੋਸ਼ਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ  ਇਹ ਦੁਬਿਧਾ ਸਿਰਫ ਉਹਨਾਂ ਵਿਚ ਰਹੀ ਜੋ ਖਾਲਸਾ ਪੰਥ ਤੇ ਪੰਜਾਬ ਦੇ ਹਿੱਤਾਂ ਤੇ ਸਿਧਾਂਤਾਂ ਦੀ ਕੀਮਤ ’ਤੇ ਵੀ ਭਾਜਪਾ ਨਾਲ ਗਠਜੋੜ ਕਰਨਾ ਚਾਹੁੰਦੇ ਸਨ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਰ ਕਮੇਟੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਭਾਜਪਾ ਨਾਲ ਗੈਰ ਸਿਧਾਂਤਕ ਗਠਜੋੜ ਦੇ ਖਿਲਾਫ ਹਾਂ। ਉਹਨਾਂ ਕਿਹਾ ਕਿ ਜਿਸ ਕੌਮ ਨੂੰ ਮੈਂ ਆਪਣੀ ਕੌਮ ਕਹਿੰਦਾ ਹਾਂ, ਉਹਨਾਂ ਦੀ ਪਾਰਟੀ ਦੀ ਪ੍ਰਧਾਨ ਵਜੋਂ ਮੈਂ ਪੰਥ, ਕਿਸਾਨਾਂ, ਗਰੀਬਾਂ ਤੇ ਦਬੇ ਕੁਚਲੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਨਹੀਂ ਕਰ ਸਕਦਾ।
ਉਹਨਾਂ ਕਿਹਾ ਕਿ ਮੈਂ ਅਕਾਲੀ ਦਲ ਨੂੰ ਪੰਥ ਵਿਰੋਧੀ ਸਾਜ਼ਿਸ਼ਾਂ ਦੀ ਕਠਪੁਤਲੀ ਨਹੀਂ ਬਣਨ ਦੇ ਸਕਦਾ। ਜਿਹਨਾਂ ਨੇ ਪੰਥ, ਪੰਜਾਬ, ਕਿਸਾਨਾਂ ਅਤੇ ਸਮਾਜ ਦੇ ਦਬੇ ਕੁਚਲੇ ਲੋਕਾਂ ਨਾਲ ਧੋਖਾ ਕਰਨਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਉਹਨਾਂ ਨਾਲ ਹੀ ਅਨੁਸ਼ਾਸਨ ਭੰਗ ਕਰਨ ਵਾਲਿਆਂ ਵੱਲ ਵੀ ਇਸ਼ਾਰਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਪੰਥ ਤੇ ਪੰਜਾਬ ਨਾਲ ਹਮੇਸ਼ਾ ਔਖੇ ਵੇਲੇ ਡੱਟ ਕੇ ਖੜ੍ਹਾ ਰਿਹਾ ਹੈ ਤੇ ਉਹਨਾਂ ਦੀ ਪਾਰਟੀ ਪੰਥਕ ਸਿਧਾਂਤਾਂ ’ਤੇ ਡਟੀ ਰਹੇਗੀ।
ਜ਼ਿਲ੍ਹਾ ਜਥੇਦਾਰਾਂ ਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸਿਧਾਂਤਾਂ ’ਤੇ ਸਖ਼ਤ ਸਟੈਂਡ ਲੈਣ ਅਤੇ ਭਾਜਪਾ ਨਾਲ ਗਠਜੋੜ ਕਰਨ ਤੋਂ ਇਨਕਾਰ ਕਰਨ ਦੀ ਸ਼ਲਾਘਾ ਕੀਤੀ ਅਤੇ ਐਲਾਨ ਕੀਤਾ ਕਿ ਉਹਨਾਂ ਲਈ ਸਿਧਾਂਤ ਰਾਜਨੀਤੀ ਤੋਂ ਉਪਰ ਹਨ।
ਅੱਜ ਦੀਆਂ ਮੀਟਿੰਗਾਂ ਵਿਚ ਮੈਂਬਰਾਂ ਨੇ ਮੰਗ ਕੀਤੀ ਕਿ ਧੋਖੇਬਾਜ਼ (ਜਿਹਨਾਂ ਨੇ ਆਪਣਾ ਜਮੀਰ ਭਾਜਪਾ ਜਾਂ ਹੋਰ ਪੰਥ ਵਿਰੋਧੀ ਤਾਕਤਾਂ ਨੂੰ ਵੇਚ ਦਿੱਤਾ ਹੈ) ਨੂੰ ਕਿਸੇ ਵੀ ਕੀਮਤ ’ਤੇ ਮੁੜ ਪਾਰਟੀ ਵਿਚ ਨਾ ਆਉਣ ਦਿੱਤਾ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!