ਭਾਜਪਾ ਦਲਿਤਾਂ ਨੂੰ ਪੰਜਾਬ ਵਿੱਚ ਮਾਨ ਸਨਮਾਨ ਦੇਣ ਲਈ ਵਚਨਬੱਧ : ਅਟਵਾਲ
ਚੰਡੀਗੜ੍ਹ , 17 ਦਸੰਬਰ()- ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਦਲਿਤਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ । ਇਹ ਵਿਚਾਰ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚੇ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਇਥੇ ਜਾਰੀ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਅੱਜ ਤੱਕ ਪੰਜਾਬ ਵਿੱਚ ਬਣੀਆਂ ਸਰਕਾਰਾਂ ਨੇ ਦਲਿਤਾਂ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਿਆ। ਕੇਵਲ ਵੋਟ ਦੇਣ ਤੱਕ ਹੀ ਸੀਮਤ ਰੱਖਿਆ। ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੇ ਬਚਿਆਂ ਨੂੰ ਉਚੇਰੀ ਸਿੱਖਿਆ ਦੇਣ ਵਲ ਕੋਈ ਵੀ ਕਦਮ ਨਹੀਂ ਚੁੱਕਿਆ ਜਿਸ ਕਾਰਨ ਇਹ ਵਰਗ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਵੱਡੇ ਘਰਾਣਿਆਂ ਦਾ ਗੁਲਾਮ ਬਣਿਆ ਰਿਹਾ। ਅਟਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੁਪਨਾ ਹੈ ਕਿ ਪੰਜਾਬ ਵਿਚ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਇਸ ਲਈ ਉਹ ਪਾਰਟੀ ਹਾਈਕਮਾਂਡ ਦੇ ਤਹਿ ਦਿਲੋਂ ਧੰਨਵਾਦੀ ਹਨ ਕਿ ਉਨ੍ਹਾਂ ਨੇ ਦਲਿਤਾਂ ਨੂੰ ਪੰਜਾਬ ਵਿੱਚ ਸਿਰ ਉੱਚਾ ਚੁੱਕ ਕੇ ਚੱਲਣ ਲਈ ਇਤਿਹਾਸਕ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਉਨਾਂ ਕਾਂਗਰਸ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਗਰੀਬਾਂ ਦੇ ਬੱਚਿਆਂ ਦੇ ਵਜੀਫੇ ਖਾਣ ਵਾਲੀ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਦਲਿਤਾਂ ਦੇ ਹਿਤੈਸ਼ੀ ਨਹੀਂ ਹੋ ਸਕਦੇ ਕਿਉਂਕਿ ਜਿਸ ਮੰਤਰੀ ਨੇ ਵਜੀਫੇ ਫੰਡ ਵਿੱਚ ਘਪਲਾ ਕੀਤਾ ਸੀ , ਉਸ ਨੂੰ ਕਲੀਨ ਚਿੱਟ ਦੇ ਕੇ ਮੁੱਖ ਮੰਤਰੀ ਨੇ ਸਾਬਤ ਕਰ ਦਿੱਤਾ ਹੈ ਉਹ ਸਿਰਫ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਹੀ ਪੂਰਤੀ ਕਰਦੇ ਹਨ। ਉਨ੍ਹਾਂ ਨੂੰ ਦਲਿਤਾਂ ਅਤੇ ਉਹਨਾਂ ਦੇ ਗ਼ਰੀਬ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ।