ਪੰਜਾਬ
ਮੋਦੀ-ਸਰਕਾਰ ਦਾ ਅੜੀਅਲ ਰਵੱਈਆ ਵੇਖਦਿਆਂ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ, ਪੰਜਾਬ ਤੋਂ ਕਿਸਾਨਾਂ ਦੇ 5 ਵੱਡੇ ਕਾਫ਼ਲੇ ਦਿੱਲੀ ਲਈ ਰਵਾਨਾ
5 ਜੂਨ ਦੇ ਮੁਜ਼ਾਹਰਿਆਂ ਸਬੰਧੀ ਤਿਆਰੀਆਂ ਜ਼ੋਰਾਂ ‘ਤੇ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨਿਆਂ ਦੇ 245ਵੇਂ ਦਿਨ ਵੀ ਜ਼ੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਪੰਜਾਬ ਭਰ ‘ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਕਿਸਾਨ-ਆਗੂਆਂ ਨੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ 5 ਜੂਨ ਨੂੰ ‘ਸੰਪੂਰਨ ਕ੍ਰਾਂਤੀ ਦਿਹਾੜਾ’ ਮਨਾਉਂਦਿਆਂ ਭਾਜਪਾ ਆਗੂਆਂ ਦੇ ਘਰਾਂ-ਦਫ਼ਤਰਾਂ ਅੱਗੇ ਖੇਤੀ-ਕਾਨੂੰਨਾਂ ਦੀਆਂ ਕਾਪੀਆਂ ਫੂਕਣ ਸਬੰਧੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਪਿੰਡਾਂ ਦੀਆਂ ਇਕਾਈਆਂ ਵੱਲੋਂ ਮੀਟਿੰਗਾਂ ਕਰਦਿਆਂ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨ-ਜਥੇਬੰਦੀਆਂ ਨੇ ਟੋਹਾਣਾ(ਹਰਿਆਣਾ) ਦੇ ਜਜਪਾ ਵਿਧਾਇਕ ਦਵੇਂਦਰ ਬਬਲੀ ਵੱਲੋਂ ਕਿਸਾਨਾਂ ਨਾਲ ਕੀਤੇ ਮਾੜੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨਾਲ ਇੱਕਜੁੱਟਤਾ ਪ੍ਰਗਟਾਈ ਹੈ।
ਪੰਜਾਬ ਤੋਂ 5 ਵੱਡੇ ਕਾਫ਼ਲੇ ਸਿੰਘੂ-ਬਾਰਡਰ ਲਈ ਰਵਾਨਾ ਹੋਏ। ਕਰੀਬ 500 ਕਾਰਾਂ, ਬੱਸਾਂ, ਟਰੈਕਟਰ-ਟਰਾਲਿਆਂ ਦੇ ਕਾਫ਼ਲਿਆਂ ਨੂੰ ਰਵਾਨਾ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ 3 ਖੇਤੀ-ਕਾਨੂੰਨ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ(ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਰੋਸ ਦਿਵਸ ਮਨਾਉਣ ਦੇ ਸੱਦੇ ਨੂੰ ਮੁਲਕ ਦੀ ਕਿਸਾਨੀ ਦੇ ਨਾਲ ਨਾਲ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਹੁੰਗਾਰਾ ਦਿੱਤਾ ਹੈ। ਟਰੇਡ ਯੂਨੀਅਨਾਂ ਅਤੇ ਹੋਰ ਲੋਕ ਜਥੇਬੰਦੀਆਂ ਨੇ ਵੀ ਇਸ ਦੀ ਡਟਵੀਂ ਹਮਾਇਤ ਕੀਤੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ’ਚ ਲੋਕ ਸੜਕਾਂ ’ਤੇ ਆਏ ਹਨ, ਥਾਂ-ਥਾਂ ਕਾਲੇ ਝੰਡੇ ਲਹਿਰਾਏ ਗਏ ਹਨ, ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ। ਰੋਸ ਪ੍ਰਗਟਾਵੇ ਦਾ ਇਹ ਐਕਸ਼ਨ ਕਾਫੀ ਵਿਆਪਕ ਪੱਧਰ ’ਤੇ ਹੋਇਆ ਹੈ। ਇਸ ਐਕਸ਼ਨ ਰਾਹੀਂ ਇੱਕ ਵਾਰੀ ਫੇਰ ਮੁਲਕ ਵਿਆਪੀ ਕਿਸਾਨ ਏਕਤਾ ਦਾ ਪ੍ਰਗਟਾਵਾ ਹੋਇਆ ਹੈ। ਹਰਿਆਣੇ ਅੰਦਰ ਕਿਸਾਨਾਂ ਦੇ ਰੋਹ ਦਾ ਬਹੁਤ ਤਿੱਖਾ ਪ੍ਰਗਟਾਵਾ ਹੋਇਆ ਹੈ। ਹਿਸਾਰ ’ਚ ਖੱਟੜ ਹਕੂਮਤ ਵੱਲੋਂ ਢਾਹੇ ਗਏ ਜਬਰ ਦੀ ਚੀਸ ਇਸ ਐਕਸ਼ਨ ਰਾਹੀਂ ਜੋਰਦਾਰ ਲਲਕਾਰ ਬਣ ਕੇ ਪ੍ਰਗਟ ਹੋਈ ਹੈ। ਪੰਜਾਬ ਅੰਦਰ ਵੀ ਸੂਬੇ ਦੇ ਹਰ ਕੋਨੇ ’ਚ ਵੱਖ-ਵੱਖ ਢੰਗਾਂ ਨਾਲ ਲਾਮਬੰਦੀ ਹੁੰਦੀ ਦਿਖੀ ਹੈ ਤੇ ਕਿਸਾਨੀ ਤੋਂ ਇਲਾਵਾ ਬਾਕੀ ਤਬਕਿਆਂ ਨੇ ਕਾਲੇ ਝੰਡੇ ਲਹਿਰਾਉਣ ’ਚ ਸ਼ਮੂਲੀਅਤ ਕੀਤੀ ਹੈ। ਕਰੋਨਾ ਦੇ ਕਹਿਰ ਦਰਮਿਆਨ ਦੇਸ਼ ਭਰ ’ਚ ਕਿਸਾਨਾ ਵੱਲੋਂ ਪ੍ਰਗਟਾਏ ਜ਼ੋਰਦਾਰ ਰੋਸ ਨੇ ਦਰਸਾਇਆ ਹੈ ਕਿ ਕਿਸਾਨੀ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲਈ ਲੰਮਾ ਇਰਾਦਾ ਧਾਰ ਰਹੀ ਹੈ, 6 ਮਹੀਨਿਆਂ ਮਗਰੋਂ ਵੀ ਰੋਹ ਮੱਠਾ ਨਹੀਂ ਪਿਆ ਸਗੋਂ ਏਨੀਆਂ ਕੁਰਬਾਨੀਆਂ ਹੋ ਜਾਣ ਤੇ ਦੁਸ਼ਵਾਰੀਆਂ ਦਾ ਸਾਹਮਣਾ ਹੋਣ ਨੇ ਤੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਨੇ ਇਸ ਰੋਹ ਨੂੰ ਹੋਰ ਡੂੰਘਾ ਕੀਤਾ ਹੈ, ਇਸ ਦਾ ਪਸਾਰਾ ਕੀਤਾ ਹੈ, ਇਹ ਸਹਿਜੇ ਸਹਿਜੇ ਨਵੇਂ ਸੂਬਿਆਂ ਤੱਕ ਪਸਰ ਰਿਹਾ ਹੈ। ਕਿਸਾਨ-ਅੰਦੋਲਨ ਮੁਲਕ ਦੇ ਕਿਰਤੀ ਲੋਕਾਂ ਦੇ ਮਨਾਂ ਅੰਦਰ ਜੂਝਣ ਦਾ ਭਰੋਸਾ ਪੈਦਾ ਕਰ ਰਿਹਾ ਹੈ।