ਪੰਜਾਬ
*ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜਿਲ੍ਹਾ ਅਤੇ ਤਹਿਸੀਲ ਦਫਤਰਾਂ ‘ਤੇ ਸੌਪੇੰ ਮੰਗ ਪੱਤਰ ਅਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਫੂਕੇ ਅਜੈ ਮਿਸ਼ਰਾ ਟੈਨੀ ਦੇ ਪੁਤਲੇ*
*ਲਖੀਮਪੁਰ ਵਿੱਚ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰੇ ਅਤੇ ਅਜੈ ਮਿਸ਼ਰਾ ਨੂੰ ਜੇਲ੍ਹ ਵਿੱਚ ਬੰਦ ਕਰੇ ਸਰਕਾਰ- ਡਾ ਦਰਸ਼ਨਪਾਲ*
ਚੰਡੀਗੜ੍ਹ 30 ਅਗਸਤ ( ) ਸੂਬਾ ਕਮੇਟੀ ਦੇ ਸੱਦੇ ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪੰਜਾਬ ਭਰ ਵਿੱਚ ਜਿਲ੍ਹਾ ਹੈਡਕੁਆਰਟਰਾਂ ਅਤੇ ਤਹਿਸੀਲ ਦਫ਼ਤਰਾਂ ਮੂਹਰੇ ਇਕੱਤਰ ਹੋ ਕੇ ਪ੍ਰਦਰਸ਼ਨ ਕਰਦਿਆਂ ਅਧਿਕਾਰੀਆਂ ਦੇ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇਂ। ਇਸ ਤੋਂ ਮਾਰਚ ਕਰਦੇ ਹੋਏ ਵੱਖ ਥਾਵਾਂ ਤੇ ਭਾਜਪਾ ਆਗੂਆਂ ਦੇ ਦਫਤਰਾਂ ਅਤੇ ਰਿਹਾਇਸ਼ ਦੇ ਬਾਹਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁਤਲੇ ਫੂਕੇ ਗਏ । ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਵਾਅਦਾ ਖ਼ਿਲਾਫ਼ੀ ਕਰਨ ਦੇ ਰੋਸ ਵਜੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਤਰੀ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨਪਾਲ ਅਤੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਨੂੰ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕਰਨ ਵਾਲੇ ਅਸ਼ੀਸ਼ ਮਿਸ਼ਰਾ ਮੋਨੂੰ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਸੁਪਰੀਮ ਕੋਰਟ ਨੇ ਸਾਰੇ ਘਟਨਾਕ੍ਰਮ ਦਾ ਮੁੱਖ ਸਾਜ਼ਿਸ਼ਘਾੜਾ ਦੱਸਿਆ ਹੈ । ਇਸ ਲਈ ਕਿਸਾਨਾਂ ਵੱਲੋਂ ਮੋਦੀ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਕੈਬਨਿਟ ਚੋਂ ਬਰਖਾਸਤ ਕੀਤਾ ਜਾਵੇ ਅਤੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ । ਇਸਦੇ ਨਾਲ ਹੀ ਲਖੀਮਪੁਰ ਖੀਰੀ ਪੁਲਿਸ ਵਲੋਂ ਨਾਜਾਇਜ਼ ਪਰਚਿਆਂ ਵਿਚ ਗ੍ਰਿਫ਼ਤਾਰ ਕੀਤੇ ਚਾਰ ਨੌਜਵਾਨ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਜ਼ਿਲੇ ਅੰਦਰ 75 ਘੰਟਿਆਂ ਦਾ ਧਰਨਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਅਜੇ ਮਿਸ਼ਰਾ ਟੈਨੀ ਵੱਲੋਂ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਭੱਦਰ ਸ਼ਬਦਾਵਲੀ ਵਰਤੀ ਗਈ ਸੀ । ਜਿਸ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਭਰ ਵਿਚ ਐੱਸਡੀਐੱਮ ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਤੇ ਮੰਗ ਪੱਤਰ ਦੇ ਕੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਮੂਹਰੇ ਕੇਂਦਰੀ ਮੰਤਰੀ ਦੀ ਅਰਥੀ ਫੂਕ ਕੇ ਉਸ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ।
ਕਿਸਾਨਾਂ ਨੇ ਦੱਸਿਆ ਕਿ 5 ਸਤੰਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਉੱਪਰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਵੱਡੇ ਇਕੱਠ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ। ਇਸ ਮੌਕੇ ਵੱਖ ਥਾਵਾਂ ਤੇ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ,ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਢਾ, ਜਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ, ਜਿਲ੍ਹਾ ਫਤਿਹਗੜ੍ਹ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ, ਜਿਲ੍ਹਾ ਮਾਨਸਾ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀਆਂ ਤੇ ਸਕੱਤਰ ਭਜਨ ਸਿੰਘ ਘੁੰਮਣ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ, ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਾਕੇਸ਼ ਲਾਧੂਕਾ, ਜਿਲ੍ਹਾ ਗੁਰਦਾਸਪੁਰ ਤੋਂ ਰਾਜਗੁਰਵਿੰਦਰ ਸਿੰਘ ਲਾਡੀ, ਜਿਲ੍ਹਾ ਹੁਸ਼ਿਆਰਪੁਰ ਤੋਂ ਕੁਲਵਿੰਦਰ ਸਿੰਘ , ਜਿਲ੍ਹਾ ਮੁਕਤਸਰ ਤੋਂ ਮਨਦੀਪ ਸਿੰਘ ਕਬਰਵਾਲਾ ਆਦਿ ਆਗੂਆਂ ਨੇ ਕੀਤੀ ।