ਪੰਜਾਬ
ਜਲ ਸਰੋਤ ਵਿਭਾਗ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਸਤਲੁਜ ‘ਤੇ ਪਏ ਪਾੜ ਨੂੰ ਰਿਕਾਰਡ ਸਮੇਂ ਵਿੱਚ ਪੂਰਿਆ: ਮੀਤ ਹੇਅਰ
ਚੰਡੀਗੜ੍ਹ, 28 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਹਰ ਸੰਭਵ ਰਾਹਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਵਿਭਾਗ ਪੂਰੀ ਤਰ੍ਹਾਂ ਨਾਲ ਡਟਿਆ ਹੋਇਆ ਹੈ। ਸਾਰੇ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਲਈ ਦਿਨ-ਰਾਤ ਆਪਣੀ ਡਿਊਟੀ ਕਰ ਰਹੇ ਹਨ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘੁੜਾਮ ਵਿਖੇ ਸਤਲੁਜ ਦਰਿਆ ‘ਤੇ ਪਏ ਪਾੜ ਨੂੰ ਪੂਰਨ ਸਮੇਂ ਵਿਭਾਗ ਦੀ ਕਾਰਜਕੁਸ਼ਲਤਾ ਸਪੱਸ਼ਟ ਰੂਪ ਵਿੱਚ ਦਿਖਾਈ ਦਿੱਤੀ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਛੱਡੇ ਗਏ 2,84,947 ਕਿਊਸਿਕ ਪਾਣੀ ਦਾ ਸਾਂਝਾ ਵਹਾਅ 18.08.2023 ਨੂੰ ਦੁਪਹਿਰ 12 ਵਜੇ ਤੋਂ 19.08.2023 ਨੂੰ ਸਵੇਰੇ 7:00 ਵਜੇ ਤੱਕ ਹਰੀਕੇ ਹੈੱਡਵਰਕਸ ਤੋਂ ਸਤਲੁਜ ਦਰਿਆ ਵਿੱਚੋਂ ਲੰਘਿਆ। ਇਹ ਤੇਜ਼ ਵਹਾਅ 19 ਘੰਟਿਆਂ ਤੱਕ ਜਾਰੀ ਰਿਹਾ, ਜਿਸ ਨਾਲ ਦਰਿਆ ਦੇ ਬੰਨ੍ਹਾਂ ‘ਤੇ ਭਾਰੀ ਦਬਾਅ ਪਿਆ, ਜੋ ਜੁਲਾਈ ਵਿੱਚ ਆਏ ਹੜ੍ਹਾਂ ਕਾਰਨ ਪਹਿਲਾਂ ਹੀ ਪਾਣੀ ਨਾਲ ਭਰੇ ਹੋਏ ਸਨ। 18 ਅਤੇ 19 ਅਗਸਤ ਦੀ ਰਾਤ ਨੂੰ ਪਾਣੀ ਦੇ ਲਗਾਤਾਰ ਤੇਜ਼ ਵਹਾਅ ਨਾਲ ਤਰਨਤਾਰਨ ਜ਼ਿਲ੍ਹੇ ਵਿੱਚ ਦਰਿਆ ਦੇ ਸੱਜੇ ਬੰਨ੍ਹ ਦੇ ਵੱਡੇ ਹਿੱਸੇ ਵਿੱਚ ਪਾੜ ਪੈਣਾ ਸ਼ੁਰੂ ਹੋ ਗਿਆ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ, ਵਿਭਾਗੀ ਸਟਾਫ਼ ਅਤੇ ਮਸ਼ੀਨਰੀ ਦੀ ਮਦਦ ਨਾਲ 19 ਤਰੀਕ ਦੀ ਰਾਤ ਨੂੰ ਕਰੀਬ 1000 ਫੁੱਟ ਲੰਬੇ ਬੰਨ੍ਹ ਦੇ ਨਾਲ-ਨਾਲ ਸਖ਼ਤ ਰੋਕਥਾਮ ਉਪਾਅ ਕੀਤੇ ਗਏ। ਵਿਭਾਗ ਬੰਨ੍ਹ ਦੇ ਜ਼ਿਆਦਾਤਰ ਹਿੱਸੇ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ, ਪਰ ਜਦੋਂ 19 ਤਰੀਕ ਦੀ ਦੁਪਹਿਰ ਨੂੰ ਦਰਿਆ ਦਾ ਪਾਣੀ ਤੇਜ਼ ਰਫ਼ਤਾਰ ਨਾਲ ਘਟਣਾ ਸ਼ੁਰੂ ਹੋ ਗਿਆ, ਤਾਂ ਦਰਿਆ ਦੇ ਨਿਕਾਸ ਅਤੇ ਪੱਧਰ ਵਿੱਚ ਆਈ ਗਿਰਾਵਟ ਕਾਰਨ ਕੰਢੇ ਦੀ ਮਿੱਟੀ ਖਿਸਕਣ ਲੱਗ ਪਈ ਅਤੇ ਪਹਿਲਾਂ ਤੋਂ ਹੀ ਕਮਜ਼ੋਰ ਬੰਨ੍ਹ ਵਿੱਚ ਪਾੜ ਪੈ ਗਿਆ। ਇਸ ਉਪਰੰਤ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਵਿਭਾਗ ਦੀਆਂ ਕਈ ਟੀਮਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਪਾੜ ਵਾਲੇ ਸਥਾਨ ‘ਤੇ ਮਿੱਟੀ ਨਾਲ ਭਰੀਆਂ ਬੋਰੀਆਂ ਦੀ ਸਪਲਾਈ ਕੀਤੀ। ਨਜ਼ਦੀਕੀ ਡਵੀਜ਼ਨ ਦਫਤਰਾਂ ਵੱਲੋਂ ਪਾੜ ਵਾਲੇ ਸਥਾਨ ‘ਤੇ ਕੁੱਲ 2.66 ਲੱਖ ਮਿੱਟੀ ਨਾਲ ਭਰੀਆਂ ਬੋਰੀਆਂ ਮੁਹੱਈਆ ਕਰਵਾਈਆਂ ਗਈਆਂ। ਵਿਭਾਗ ਦੇ ਸਾਰੇ ਅਧਿਕਾਰੀਆਂ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਮਿਲ ਕੇ ਤਾਲਮੇਲ ਨਾਲ ਕੰਮ ਕੀਤਾ ਗਿਆ। 28.08.2023 ਨੂੰ 350 ਫੁੱਟ ਲੰਬਾਈ ਅਤੇ ਲਗਭਗ 28 ਫੁੱਟ ਦੀ ਔਸਤ ਡੂੰਘਾਈ ਵਾਲੇ ਪਾੜ ਨੂੰ ਪੂਰਿਆ ਗਿਆ। ਵਿਭਾਗ ਵੱਲੋਂ ਸੀਮਿੰਟ ਦੀਆਂ ਖਾਲੀ ਬੋਰੀਆਂ ਅਤੇ ਸਟੀਲ ਦੀਆਂ ਤਾਰਾਂ ਸਮੇਤ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ। ਸਮਾਜਿਕ ਸੰਸਥਾਵਾਂ ਨੇ ਵੀ ਇਸ ਉਪਰਾਲੇ ਵਿੱਚ ਵੱਧ ਚੜ੍ਹ ਕੇ ਪਾਇਆ।