ਪੰਜਾਬ
ਖਾਲਸਾਈ ਜਾਹੋ ਜਲਾਲ ਨਾਲ ਸਮਾਪਤ ਹੋਈ ਤਿੰਨ ਰੋਜ਼ਾ ਸਟੇਟ ਗਤਕਾ ਚੈਂਪੀਅਨਸ਼ਿਪ: ਡਾ ਰਜਿੰਦਰ ਸੋਹਲ
ਕੈਬਿਨੇਟ ਮੰਤਰੀ ਬਲਕਾਰ ਸਿੰਘ ਨੇ ਵੰਡੇ ਜੇਤੂਆਂ ਖਿਡਾਰੀਆਂ ਨੂੰ ਇਨਾਮ
1 ਹਜਾਰ ਤੋਂ ਵੱਧ ਬੱਚਿਆਂ ਨੇ ਲਿਆ ਭਾਗ
ਮੋਹਾਲੀ/ ਨਿਊ ਚੰਡੀਗੜ੍ਹ 16 ਜੂਨ ( )
ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਚੰਡੀਗੜ੍ਹ ਨੇੜੇ ਸਥਿਤ ਰਤਵਾੜਾ ਸਾਹਿਬ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ 8ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਵੀਰਵਾਰ ਨੂੰ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋ ਗਈ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਬਲਕਾਰ ਸਿੰਘ, ਡਾਇਰੈਕਟਰ ਸਪੋਰਟਸ ਹਰਪ੍ਰੀਤ ਸਿੰਘ ਸੂਦਨ ਆਈਏਐਸ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਕੈਬਿਨੇਟ ਮੰਤਰੀ ਬਲਕਾਰ ਸਿੰਘ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਦਾ ਉੱਥੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਤੋਂ ਆਏ 1 ਹਜਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਅੰਡਰ 14, 17, 19, 22, 25 ਅਤੇ ਅੰਡਰ 28 ਮੁਕਾਬਲਿਆ ਦੇ ਬੱਚੇ ਸ਼ਾਮਲ ਹਨ।
ਇਸ ਮੌਕੇ ਕੈਬਿਨੇਟ ਮੰਤਰੀ ਬਲਕਾਰ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਰਾਸਤੀ ਖੇਡ ਨਾਲ ਜੋੜਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਸੇਵਾ ਵਿੱਚ ਉਹ ਹਰ ਸਮੇਂ ਹਾਜ਼ਰ ਹਨ। ਉਨ੍ਹਾਂ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਗਤਕੇ ਨੂੰ ਅੰਤਰਰਾਸ਼ਟਰੀ ਖੇਡ ਬਣਾਉਣ ਅਤੇ ਬੱਚਿਆਂ ਨੂੰ ਗਤਕੇ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਲਈ ਕੀਤੇ ਸਮੇਂ ਸਿਰ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾ ਸਵੇਰੇ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਤੀਜੇ ਦਿਨ ਦੀ ਖੇਡਾਂ ਦੀ ਅਰੰਭਤਾ ਕਰਵਾਈ ਅਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਆਪਣੇ ਸੰਬੋਧਨ ਵਿੱਚ ਭੁੱਲਰ ਨੇ ਪੰਜਾਬ ਗਤਕਾ ਐਸੋਸੀਏਸ਼ਨ ਨੂੰ ਵਧਾਈ ਦਿੰਦਿਆਂ ਉਨਾਂ ਦੁਆਰਾ ਕੀਤੇ ਸੁੱਚਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡਿਆ ਨੇ ਇਸ ਤੋਂ ਪਹਿਲਾਂ ਖੇਲੋ ਇੰਡੀਆਂ ਵਿੱਚ ਝੰਡੇ ਗੱਡੇ ਅਤੇ ਹੁਣ ਮੈਂ ਅਗਸਤ ਵਿਚ ਆਸਾਮ ਵਿਖੇ ਹੋਣ ਵਾਲੀਆਂ ਨੈਸ਼ਨਲ ਖੇਡਾਂ ਲਈ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਸ ਮੌਕੇ ਬੋਲਦਿਆਂ ਡਾਇਰੈਕਟਰ ਸਪੋਰਟਸ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗਤਕੇ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨ ਲਈ ਸਰਕਾਰੀ ਪੱਧਰ ਤੇ ਕੀਤੇ ਜਾਣ ਵਾਲੇ ਉਪਰਾਲਿਆਂ ਤੇ ਵੀ ਰੌਸ਼ਨੀ ਪਾਈ।
ਇਸ ਮੌਕੇ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਪੰਜਾਬ ਦੇ ਸਾਰੇ ਜਿਲ੍ਹਿਆ ਤੋਂ ਆਏ ਸਾਰੇ ਖਿਡਾਰੀਆਂ ਅਤੇ ਕੋਚ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਦੀ ਇਸ ਵਿਰਾਸਤੀ ਖੇਡ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ਼ ਇੰਡੀਆ ਨੇ ਜੇਤੂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲ੍ਹਾ 160 ਅੰਕਾਂ ਨਾਲ ਪਹਿਲੇ, ਮਲੇਰਕੋਟਲਾ ਜਿਲ੍ਹਾ 152 ਅੰਕਾਂ ਨਾਲ ਦੂਜੇ ਅਤੇ ਪਟਿਆਲਾ ਜਿਲ੍ਹਾ 41 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਇਸ ਦੌਰਾਨ ਐਸੋਸੀਏਸ਼ਨ ਨੇ ਬੱਚਿਆਂ ਦੀ ਰਿਫ਼ਰੇਸ਼ਮੈਂਟ ਦਾ ਪ੍ਰਬੰਧ ਕਰਨ ਲਈ ਐਮ.ਡੀ ਵੇਰਕਾ ਅਮਿਤ ਢਾਕਾ ਆਈ.ਏ.ਐਸ, ਗਿਰੀਸ਼ ਦਿਆਲਨ ਆਈਏਐਸ ਐਮਡੀ ਮਾਰਕਫੈੱਡ ਅਤੇ ਰਾਹੁਲ ਗੁਪਤਾ ਆਈਏਐਸ ਏਐਮਡੀ ਮਾਰਕਫੈੱਡ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਐਸਜੀਪੀਸੀ ਮੈਂਬਰ ਰੋਪੜ ਪਰਮਜੀਤ ਸਿੰਘ ਲੱਖੇਵਾਲ, ਐਸਜੀਪੀਸੀ ਮੈਂਬਰ ਨਿਰਮਲ ਸਿੰਘ ਜੌਲਾ, ਸੁਰਿੰਦਰ ਸਿੰਘ ਡਾਇਰੈਕਟਰ ਵੇਰਕਾ ਪਲਾਂਟ ਮੋਹਾਲੀ, ਰਤਵਾੜਾ ਸਾਹਿਬ ਸਕੂਲ ਦੇ ਡਾਇਰੈਕਟਰ ਸ ਜਸਵੰਤ ਸਿੰਘ, ਮੈਨੇਜਰ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਰੋਪੜ ਜਸਵੀਰ ਸਿੰਘ ਘੁੰਗਰਾਲੀ, ਪਵਿੱਤਰ ਸਿੰਘ ਹੈੱਡ ਗ੍ਰੰਥੀ, ਬਾਬਾ ਸੁਖਵਿੰਦਰ ਸਿੰਘ ਜੀ, ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵਲੋਂ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਆਰ ਪੀ ਸ਼ਰਮਾ, ਜਗਕਿਰਨ ਕੌਰ ਵੜੈਚ ਸੰਯੁਕਤ ਸਕੱਤਰ, ਦਵਿੰਦਰ ਸਿੰਘ ਜੁਗਨੀ ਵਾਈਸ ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ, ਅਰਸ਼ਦ ਡਾਲੀ, ਪ੍ਰਭਮੀਤ ਸਿੰਘ ਮੀਡੀਆ ਇੰਚਾਰਜ, ਜਗਸੀਰ ਸਿੰਘ ਚੰਡੀਗੜ੍ਹ, ਜਸਵਿੰਦਰ ਸਿੰਘ ਪਾਬਲਾ, ਜਗਦੀਸ਼ ਸਿੰਘ ਕੁਰਾਲੀ, ਰਾਜਵੀਰ ਸਿੰਘ, ਹਰਸਿਮਰਨ ਸਿੰਘ ਸੰਧੂ ਕਰਨਲ ਰਿਟਾਇਰ
ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਪਹੂਵਿੰਡ ਦੇ ਪ੍ਰਧਾਨ, ਰਘੁਬੀਰ ਸਿੰਘ ਡੇਹਲੋਂ, ਹਰਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।