ਪੰਜਾਬ

ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ, ਉਸ ਦੇ ਵਿਰੁੱਧ ਮਜ਼ਬੂਤ ਉਮੀਦਵਾਰ ਮੈਦਾਨ ‘ਚ ਉਤਾਰਾਂਗਾ: ਕੈਪਟਨ ਅਮਰਿੰਦਰ ਸਿੰਘ

ਬਾਦਲਾਂ ਅਤੇ ਮਜੀਠੀਆ ਵਿਰੁੱਧ ਕੋਈ ਕਾਰਵਾਈ ਨਾ ਕਰਨ ‘ਤੇ ਸਿੱਧੂ ਨੂੰ ਲਿਆ ਆੜੇ ਹੱਥੀਂ, ‘ਜੇ ਕੁੱਝ ਕਰਨਾ ਤਾਂ ਹੁਣੇ ਕਰੋ’
“ਤਿੰਨ ਹਫ਼ਤੇ ਪਹਿਲਾਂ ਵੀ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਦੇ ਕਹਿਣ ‘ਤੇ ਮੈਂ ਇਸ ਅਹੁਦੇ ‘ਤੇ ਕੰਮ ਜਾਰੀ ਰੱਖਿਆ”
ਨਵੀਂ ਸਰਕਾਰ ਵਿੱਚ ਦਖਲਅੰਦਾਜ਼ੀ ਲਈ ‘ਸੁਪਰੀਮ ਸੀਐਮ ਸਿਧੂ’ ਅਤੇ ਕਾਂਗਰਸ ਐਡਵਾਈਜ਼ਰਜ਼ ਵੈਨੂਗੋਪਾਲ, ਮਾਖਨ, ਸੁਰਜੇਵਾਲਾ ਨੂੰ ਲਤਾੜਿਆ
ਚੰਡੀਗੜ੍ਹ, 22 ਸਤੰਬਰ: ਧਾਕੜ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਲਾਣ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਤੇ ਸਿੱਧੂ ਤੋਂ ਦੇਸ਼ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਖਿਲਾਫ਼ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਪਣਾ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਉਹਨਾਂ ਨੇ ਅੱਗੇ ਕਿਹਾ ਕਿ ‘ਸਿੱਧੂ’ ਦੇਸ਼ ਲਈ ਖ਼ਤਰਾ ਹਨ।
ਇਹ ਕਹਿੰਦਿਆਂ ਕਿ ਉਹ ਸਿਰਫ ਰਾਜਨੀਤੀ ਨੂੰ ਉੱਚੇ ਪੱਧਰ ‘ਤੇ ਛੱਡਣਗੇ, ਸਾਬਕਾ ਮੁੱਖ ਮੰਤਰੀ ਨੇ ਕਿਹਾ, “ਮੈਂ ਜਿੱਤ ਤੋਂ ਬਾਅਦ ਛੱਡਣ ਲਈ ਤਿਆਰ ਸੀ ਪਰ ਹਾਰ ਤੋਂ ਬਾਅਦ ਕਦੇ ਨਹੀਂ। ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਤਿੰਨ ਹਫਤੇ ਪਹਿਲਾਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਉਹਨਾਂ ਨੂੰ ਅੱਗੇ ਜਾਰੀ ਰੱਖਣ ਲਈ ਕਿਹਾ ਸੀ। “ਜੇ ਉਹਨਾਂ ਨੇ ਹੁਣ ਮੈਨੂੰ ਬੁਲਾਇਆ ਹੁੰਦਾ ਅਤੇ ਮੈਨੂੰ ਅਹੁਦਾ ਛੱਡਣ ਲਈ ਕਿਹਾ ਹੁੰਦਾ, ਤਾਂ ਮੈਂ ਉਸੇ ਵੇਲੇ ਛੱਡ ਦਿੰਦਾ” ਉਹਨਾਂ ਨੇ ਅੱਗੇ ਕਿਹਾ, “ਇੱਕ ਸਿਪਾਹੀ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਅਤੇ ਜਦੋਂ ਮੈਨੂੰ ਵਾਪਸ ਬੁਲਾਇਆ ਜਾਂਦਾ ਹੈ ਤਾਂ ਮੈਂ ਯਕੀਨਨ ਵਾਪਿਸ ਜਾਵਾਂਗਾ।
ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸੋਨੀਆ ਗਾਂਧੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਉਣ ਵਾਲੀਆਂ ਅਗਲੀਆਂ ਚੋਣਾਂ ਦੀ ਅਗਵਾਈ ਕਰਕੇ ਕਾਂਗਰਸ ਨੂੰ ਜਿੱਤ ਦਿਵਾਉਣ ਤੋਂ ਬਾਅਦ ਕਿਸੇ ਦੂਜੇ ਨੁਮਾਇੰਦੇ ਨੂੰ ਮੁੱਖ ਮੰਤਰੀ ਬਣਾਉਣ ਲਈ ਵੀ ਤਿਆਰ ਹਨ। “ਪਰ ਇਸ ਤਰ੍ਹਾਂ ਦਾ ਕੁੱਝ ਨਹੀਂ ਹੋਇਆ, ਸੋ ਮੈਂ ਅੱਗੇ ਲੜਾਂਗਾ” ਮੈਨੂੰ ਦੱਸੇ ਬਿਨਾਂ ਤੇ ਮੇਰੀ ਸਹਿਮਤੀ ਤੋਂ ਬਿਨਾਂ ਸੀਐਲਪੀ ਦੀ ਮੀਟਿੰਗ ਬੁਲਾਉਣਾ ਮੇਰੇ ਲਈ ਅਪਮਾਨਜਨਕ ਸੀ। ਉਹਨਾਂ ਨੇ ਕਿਹਾ ਕਿ, “ਮੈਂ ਵਿਧਾਇਕਾਂ ਨੂੰ ਗੋਆ ਜਾਂ ਕਿਸੇ ਜਗ੍ਹਾ ਲਈ ਫਲਾਈਟ ਵਿੱਚ ਨਹੀਂ ਲੈ ਕੇ ਜਾਂਦਾ। ਇਸ ਤਰ੍ਹਾਂ ਮੈਂ ਸਰਕਾਰ ਨਹੀਂ ਚਲਾਉਂਦਾ। ਮੈਂ ਚਲਾਕੀ ਨਹੀਂ ਕਰਦਾ, ਅਤੇ ਗਾਂਧੀ ਭੈਣ -ਭਰਾ ਜਾਣਦੇ ਹਨ ਕਿ ਇਹ ਮੇਰਾ ਤਰੀਕਾ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਿਯੰਕਾ ਅਤੇ ਰਾਹੁਲ (ਗਾਂਧੀ ਭੈਣ -ਭਰਾ) ਮੇਰੇ ਬੱਚਿਆਂ ਵਰਗੇ ਹਨ… ਇਹ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਦੁੱਖ ਲੱਗਿਆ ਹੈ। ਉਨ੍ਹਾਂ ਕਿਹਾ ਕਿ ਗਾਂਧੀ ਬੱਚੇ ਕਾਫ਼ੀ ਗੈਰ-ਤਜਰਬੇਕਾਰ ਸਨ ਅਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ‘ਤੇ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਸਨ।
ਇਹ ਦਰਸਾਉਂਦੇ ਹੋਏ ਕਿ ਉਹ ਅਜੇ ਵੀ ਆਪਣੇ ਰਾਜਨੀਤਿਕ ਵਿਕਲਪ ਖੁੱਲੇ ਰੱਖ ਰਹੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰਨ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਸਨ। “ਤੁਸੀਂ 40 ਸਾਲ ਦੀ ਉਮਰ ‘ਚ ਬੁੱਢੇ ਹੋ ਸਕਦੇ ਹੋ ਅਤੇ 80 ਸਾਲ ਦੀ ਉਮਰ ‘ਚ ਜਵਾਨ ਹੋ ਸਕਦੇ ਹੋ,”। ਉਹਨਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਉਮਰ ਨੂੰ ਕਦੀਂ ਵੀ ਰੁਕਾਵਟ ਵਜੋਂ ਨਹੀਂ ਵੇਖਿਆ।
ਅਸਮਰੱਥਤਾ ਦੇ ਦੋਸ਼ਾਂ ਬਾਰੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੱਤ ਵਾਰ ਵਿਧਾਨ ਸਭਾ ਅਤੇ ਦੋ ਵਾਰ ਸੰਸਦ ਲਈ ਚੁਣੇ ਗਏ ਹਨ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ, “ਮੇਰੇ ਨਾਲ ਕੁਝ ਸਹੀ ਹੋਣਾ ਚਾਹੀਦਾ ਹੈ,” ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਤੌਰ ‘ਤੇ (ਪੰਜਾਬ ਵਿੱਚ) ਤਬਦੀਲੀ ਕਰਨ ਦਾ ਫੈਸਲਾ ਲਿਆ ਸੀ ਅਤੇ ਉਹ ਸਿਰਫ਼ ਇੱਕ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਬੇਅਦਬੀ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਉਹਨਾਂ ਨੇ ਬਾਦਲਾਂ ਅਤੇ ਮਜੀਠੀਆ ਵਿਰੁੱਧ ਕਾਰਵਾਈ ਨਹੀਂ ਕਰ ਰਹੇ ਹੋਣ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। “ਪਰ ਹੁਣ ਇਹ ਲੋਕ ਜੋ ਮੇਰੇ ਵਿਰੁੱਧ ਸ਼ਿਕਾਇਤ ਕਰ ਰਹੇ ਸਨ ਉਹ ਸੱਤਾ ਵਿੱਚ ਹਨ। ਮਾਈਨਿੰਗ ਮਾਫੀਆ ਵਿੱਚ ਸ਼ਾਮਲ ਮੰਤਰੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਸਿੱਧੂ ਐਂਡ ਕੰਪਨੀ ਦੇ ਖਿਲਾਫ ਚੁਟਕੀ ਲੈਂਦੇ ਹੋਏ ਉਨ੍ਹਾਂ ਨੇ ਕਿਹਾ, “ਉਹ ਮੰਤਰੀ ਹੁਣ ਇਨ੍ਹਾਂ ਨੇਤਾਵਾਂ ਦੇ ਨਾਲ ਹਨ!”
ਹੁਣ ਜਿਸ ਤਰੀਕੇ ਨਾਲ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਉਸ ਦਾ ਮਜ਼ਾਕ ਉਡਾਉਂਦੇ ਹੋਏ, ਕੈਪਟਨ ਅਮਰਿੰਦਰ ਨੇ ਚੀਜ਼ਾਂ ਦੇ ਵਾਪਰਨ ਦੇ ਢੰਗ ‘ਤੇ ਹੈਰਾਨੀ ਪ੍ਰਗਟ ਕੀਤੀ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਵਜੋਂ, ਯੋਗਤਾ ਦੇ ਹਿਸਾਬ ਨਾਲ ਆਪਣੇ ਮੰਤਰੀਆਂ ਨੂੰ ਨਿਯੁਕਤ ਕੀਤਾ ਸੀ, ਕਿਉਂਕਿ ਉਹ ਉਨ੍ਹਾਂ ਵਿੱਚੋਂ ਹਰੇਕ ਦੀ ਯੋਗਤਾ ਨੂੰ ਜਾਣਦੇ ਸੀ, ਉਸਨੇ ਸਵਾਲ ਕੀਤਾ ਕਿ ਵੇਣੂਗੋਪਾਲ ਜਾਂ ਅਜੇ ਮਾਖਨ ਜਾਂ ਰਣਦੀਪ ਸੁਰਜੇਵਾਲਾ ਵਰਗੇ ਕਾਂਗਰਸੀ ਨੇਤਾ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ। “ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਰੇ ਬਰਾਬਰ ਹਨ। ਮੈਂ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਦੇ ਆਧਾਰ ‘ਤੇ ਨਹੀਂ ਦੇਖਦਾ, ਇਹ ਉਨ੍ਹਾਂ ਦੀ ਕੁਸ਼ਲਤਾ ਬਾਰੇ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲਿਆਂ ਵਿੱਚ ਦਖ਼ਲ ਦੇਣ ‘ਤੇ ਚੁੱਟਕੀ ਲੈਂਦਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀਪੀਸੀਸੀ ਨੂੰ ਸਿਰਫ਼ ਤੇ ਸਿਰਫ਼ ਪਾਰਟੀ ਦੇ ਮਾਮਲਿਆਂ ‘ਤੇ ਬੋਲਣਾ ਚਾਹੀਦਾ ਹੈ। ਮੈਂ ਸਿਰਫ਼ ਉਸਦੀ ਸਲਾਹ ਲੈਂਦਾ ਸੀ ਪਰ ਸਰਕਾਰ ਕਿੱਦਾਂ ਚਲਾਉਣੀ ਹੈ ਇਹ ਮੈਂ ਖੁਦ ਦੇਖਦਾ ਸੀ ਪਰ ਹੁਣ ਸਿੱਧੂ, ਚੰਨੀ ਦੇ ਆਲੇ-ਦੁਆਲੇ ਦਿਖਾਈ ਦਿੰਦੇ ਹਨ ਜਿਵੇਂ ਚੰਨੀ ਉਹਨਾਂ ਦੀ ਕੱਠਪੁੱਤਲੀ ਹੋਣ। ਜਿਹੜਾ ਸਿੱਧੂ ਆਪਣਾ ਮੰਤਰਾਲਾ ਨਹੀਂ ਸਾਂਭ ਸਕਿਆ ਉਹ ਹੁਣ ਕੈਬਨਿਟ ਚਲਾ ਰਿਹਾ ਹੈ। ਅਗਰ ਸਿੱਧੂ ਇਸੇ ਤਰ੍ਹਾਂ ਕੋਝੀਆਂ ਹਰਕਤਾਂ ਕਰਦਾ ਰਿਹਾ ਤਾਂ ਵਾਲੀਆਂ ਚੋਣਾਂ ਵਿੱਚ ਕਾਂਗਰਸ 9 ਤੋਂ ਉੱਪਰ ਸੀਟਾਂ ਨਹੀਂ ਜਿੱਤ ਪਾਏਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਰਨਜੀਤ ਚੰਨੀ ਸਿਆਣੇ ਤੇ ਪੜ੍ਹੇ ਲਿਖੇ ਹਨ ਪਰ ਉਹਨਾਂ ਕੋਲ ਗ੍ਰਹਿ ਮਾਮਲਿਆਂ ਦਾ ਕੋਈ ਤਜ਼ਰਬਾ ਨਹੀਂ ਹੈ ਜੋ ਕਿ ਸਭ ਤੋਂ ਜ਼ਰੂਰੀ ਹੈ ਕਿਉਂਕਿ ਸਾਡਾ ਸੂਬਾ ਸਰਹੱਦੀ ਸੂਬਾ ਹੈ ਤੇ ਹਾਲਾਤ ਗੰਭੀਰ ਤੋਂ ਗੰਭੀਰ ਹੁੰਦੇ ਜਾ ਰਹੇ ਹਨ। ਪਾਕਿਸਤਾਨ ਤੋਂ ਪੰਜਾਬ ਆ ਰਹੇ ਹਥਿਆਰ ਤੇ ਨਸ਼ੇ ਸਾਡੇ ਲਈ ਖ਼ਤਰਾ ਹਨ ਤੇ ਸਿੱਧੂ ਦੇ ਪਾਕਿਸਾਨ ਨਾਲ ਵਧੀਆ ਰਿਸ਼ਤੇ ਸਾਡੇ ਖਤਰੇ ਤੋਂ ਵੀ ਕਿਤੇ ਵੱਧ ਕੇ ਹਨ।
ਨਵੇਂ ਮੁੱਖ ਮੰਤਰੀ ਵੱਲੋਂ ਬਿੱਲਾਂ ਨੂੰ ਮੁਆਫ਼ ਕਰਨ ਦਾ ਜੋ ਐਲਾਣ ਕੀਤਾ ਗਿਆ ਹੈ ਉਸ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਨੂੰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੰਜਾਬ ਅੱਗੇ ਜਾ ਕੇ ਇੱਕ ‘ਦੀਵਾਲੀਆ ਸੂਬਾ’ ਨਾ ਬਣੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!