ਕੈਪਟਨ ਅਮਰਿੰਦਰ ਦੇ ਕਰੀਬੀ ਜੁਨੈਦ ਰਜ਼ਾ ਖ਼ਾਨ ਜਾਂਚ ਦੇ ਘੇਰੇ ਚ , ਕਈ ਸ਼ਹਿਰਾਂ ਵਿਚ ਘਪਲੇ ਕਰਨ ਦਾ ਦੋਸ਼
ਕੈਪਟਨ ਅਮਰਿੰਦਰ ਨੇ ਯੂ.ਪੀ ਤੋਂ ਲਿਆ ਕੇ ਲਾਇਆ ਸੀ ਪੰਜਾਬ ਵਕਫ ਬੋਰਡ ਦਾ ਚੇਅਰਮੈਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਅਤੇ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਜੁਨੈਦ ਰਜ਼ਾ ਖਾਨ ਹੁਣ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੇ ਜੁਨੈਦ ਰਜ਼ਾ ਖਾਨ ਨੂੰ ਯੂਪੀ ਤੋਂ ਲਿਆ ਕੇ ਵਕਫ਼ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ । ਦੱਸਣਯੋਗ ਹੈ ਕਿ ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਉਸ ਤੋਂ ਬਾਅਦ ਜੁਨੈਦ ਰਜ਼ਾ ਖਾਨ ਨੇ ਤਤਕਾਲੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਉਸ ਸਮੇਂ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਖ਼ਿਲਾਫ਼ ਸੂਬੇ ਵਿੱਚ ਪ੍ਰਦਰਸ਼ਨ ਹੋਏ ਸਨ। ਉਸ ‘ਤੇ ਕਥਿਤ ਤੌਰ ‘ਤੇ ਕਈ ਸ਼ਹਿਰਾਂ ਵਿਚ ਪ੍ਰਮੁੱਖ ਸਥਾਨਾਂ ‘ਤੇ ਘਪਲੇ ਕਰਨ ਦਾ ਦੋਸ਼ ਸੀ ਅਤੇ ਉਸ ਖਿਲਾਫ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ । ਪੰਜਾਬ ਸਰਕਾਰ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਸਨ । ਹੁਣ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੈਪਟਨ ਅਮਰਿੰਦਰ ਸਿੰਘ ‘ਤੇ ਵਕਫ਼ ਬੋਰਡ ਪੰਜਾਬ ‘ਚ ਅਹਿਮ ਅਹੁਦਿਆਂ ‘ਤੇ ਗੈਰ-ਪੰਜਾਬੀ ਮੁਸਲਮਾਨਾਂ ਨੂੰ ਨਿਯੁਕਤ ਕਰਨ ਅਤੇ ਭਰਤੀਆਂ ਕਰਨ ਦੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਨਾ ਸਿਰਫ਼ ਬੇਇਨਸਾਫ਼ੀ ਹੈ ਸਗੋਂ ਸਥਾਨਕ ਮੁਸਲਮਾਨਾਂ ਨਾਲ ਘੋਰ ਵਿਤਕਰਾ ਹੈ।
ਖਹਿਰਾ ਨੇ ਦੋਸ਼ ਲਗਾਇਆ ਸੀ ਕਿ ਅਮਰਿੰਦਰ ਨੇ ਇੱਕ ਗੈਰ-ਪੰਜਾਬੀ ਮੁਸਲਿਮ ਜੁਨੈਦ ਰਜ਼ਾ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਜੋ ਰਾਮਪੁਰ (ਉੱਤਰ ਪ੍ਰਦੇਸ਼) ਦਾ ਨਵਾਬ ਹੈ ਅਤੇ ਮੁੱਖ ਮੰਤਰੀ ਦਾ ਨਜ਼ਦੀਕੀ ਜਾਗੀਰਦਾਰ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹੁਣ ਇਸ ਮਾਮਲੇ ਦੀ ਜਾਂਚ ਕਰਨ ਜਾ ਰਹੀ ਹੈ। ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਖਾਨ ਨੂੰ ਯੂ.ਪੀ. ਤੋਂ ਲਿਆ ਕੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਕਿਉਂ ਨਿਯੁਕਤ ਕੀਤਾ ਗਿਆ ਸੀ? ਜੁਨੈਦ ਰਜ਼ਾ ਖਾਨ ਨੂੰ ਕੈਪਟਨ ਅਮਰਿੰਦਰ ਨੇ 2017 ਵਿਚ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਲਗਾਇਆ ਸੀ । ਜਿਸ ਸਮੇ ਰੋਪੜ ਵਿਚ ਮੁਖਤਿਆਰ ਅੰਸਾਰੀ ਦੇ ਬੇਟੇ ਨੂੰ ਵਕਫ ਬੋਰਡ ਦੀ ਰੋਪੜ ਵਿਚ ਜਮੀਨ ਦਿੱਤੀ ਗਈ ਉਸ ਸਮੇ ਜੁਨੈਦ ਰਜ਼ਾ ਖਾਨ ਹੀ ਬੋਰਡ ਦੇ ਚੇਅਰਮੈਨ ਸਨ ।