ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਅੱਗ ਨਾ ਲਾਉਣ ਦੀ ਅਪੀਲ
ਲਾ
-ਕਿਸਾਨ ਕੈਂਪ ‘ਚ ਕਿਹਾ, ‘ਝੋਨੇ ਦੇ ਸੀਜਨ ਦੌਰਾਨ ਇੱਕ ਵੀ ਖੇਤ ‘ਚ ਨਾੜ ਨੂੰ ਅੱਗ ਨਾ ਲਾਉਣ ਵਾਲੇ ਘਨੌਰ ਹਲਕੇ ਦੇ ਪਿੰਡ ਨੂੰ ਮਿਲਣਗੇ 5 ਲੱਖ ਰੁਪਏ’
ਘਨੌਰ, 15 ਮਈ:
ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ। ਅੱਜ ਘਨੌਰ ਵਿਖੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਮੌਕੇ ਜੌੜਾਮਾਜਰਾ ਨੇ ਐਲਾਨ ਕੀਤਾ ਕਿ ਘਨੌਰ ਹਲਕੇ ਅੰਦਰ ਝੋਨੇ ਦੇ ਸੀਜਨ ਵਿੱਚ ਇੱਕ ਵੀ ਖੇਤ ਅੰਦਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਪਿੰਡ ਨੂੰ ਉਹ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣਗੇ।
ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ, ਨਾੜ/ਪਰਾਲੀ ਨੂੰ ਅੱਗ ਨਾ ਲਾਉਣ ਦਾ ਸੱਦਾ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਖੇਤਾਂ ਵਿੱਚ ਅੱਗ ਲਾਉਣਾ ਜਿੱਥੇ ਮਨੁੱਖੀ ਸਿਹਤ ਲਈ ਖ਼ਤਰਨਾਕ ਅਤੇ ਸੜਕੀ ਹਾਦਸਿਆਂ ਦਾ ਕਾਰਨ ਬਣਕੇ ਮਨੁੱਖਾਂ ਦੀਆਂ ਜਾਨਾਂ ਦਾ ਖੋਅ ਬਣਦਾ ਉਥੇ ਹੀ ਇਹ ਅੱਗ ਪਸ਼ੂ-ਪੰਛੀਆਂ ਤੇ ਮਿੱਤਰ ਕੀੜਿਆਂ ਦਾ ਵੀ ਕਾਲ ਬਣਦੀ ਹੈ।
ਜੌੜਾਮਾਜਰਾ ਨੇ ਕਿਹਾ ਕਿ ਇਹ ਜੀਵ-ਜੰਤੂ ਸਾਡੀ ਖੇਤੀ ਲਈ ਬੇਸ਼ਕੀਮਤੀ ਹੁੰਦੇ ਹਨ ਪਰੰਤੂ ਸਾਡੀ ਗ਼ਲਤੀ ਕਰਕੇ ਇਹ ਸਭ ਜੀਉਂਦੇ ਸੜ ਜਾਂਦੇ ਹਨ, ਜਿਸ ਕਰਕੇ ਧਰਤੀ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਰਾਲੀ, ਨਾੜ ਤੇ ਰਹਿੰਦ-ਖੂੰਹਦ ਸਾਡੇ ਖੇਤਾਂ ਲਈ ਜੈਵਿਕ ਖਾਦ ਦਾ ਕੰਮ ਕਰਦੀ ਹੈ।
ਉਨ੍ਹਾਂ ਨੇ ਘਨੌਰ ਹਲਕੇ ਅੰਦਰ ਕਿਸਾਨਾਂ ਨੂੰ ਆਰਗੈਨਿਕ ਗੰਨਾ ਪੈਦਾ ਕਰਕੇ ਆਪਣੀ ਘੁਲਾੜੀ ਲਾਉਣ ਦਾ ਵੀ ਸੱਦਾ ਦਿੰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਇਸ ਲਈ ਵੀ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਆਰਗੈਨਿਕ ਗੁੜ ਵੀ ਮਹਿੰਗੇ ਭਾਅ ਵਿਕ ਜਾਂਦਾ ਹੈ।
ਕੈਂਪ ਦੌਰਾਨ ਕੈਬਨਿਟ ਮੰਤਰੀ ਨੇ ਪ੍ਰਦਰਸ਼ਨੀ ਦਾ ਜਾਇਜ਼ਾ ਲੈਣ ਮੌਕੇ ਸਵੈ ਸਹਾਇਤਾ ਸਮੂਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਹਰ ਪਖੋਂ ਸਹਿਯੋਗ ਕਰੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਅੰਦਰ ਸਵੈ ਸਹਾਇਤਾ ਸਮੂਹਾਂ ਨੂੰ ਪ੍ਰਫੁਲਤ ਕਰਨ ਲਈ ਪਹਿਲਾਂ ਹੀ ਯਤਨਸ਼ੀਲ ਹੈ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਸਮੇਤ ਮਿਲੇਟਸ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਜੌੜਾਮਾਜਰਾ ਨੇ ਕਿਸਾਨਾਂ ਨੂੰ ਕੰਗਣੀ, ਕੁਟਕੀ, ਕੋਦਰਾ, ਹਰੀ ਕੰਗਣੀ, ਰਾਗੀ, ਜਵਾਰ ਆਦਿ ਦੀ ਖੇਤੀ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਵਿਸ਼ੇਸ਼ ਤੌਰ ‘ਤੇ ਲਗਵਾਏ ਗਏ ਇਸ ਜ਼ਿਲ੍ਹਾ ਪੱਧਰੀ ਕੈਂਪ ਦੀ ਸ਼ਲਾਘਾ ਕਰਦਿਆਂ ਹਲਕਾ ਘਨੌਰ ਲਈ ਆਪਣੇ ਕੋਟੇ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਜੌੜਾਮਾਜਰਾ ਨੇ ਮਾਰਕਫੈਡ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਦਿਆਂ ਖ਼ੁਦ ਵੀ ਮਾਰਕਫੈਡ ਵੱਲੋਂ ਤਿਆਰ ਕੀਤਾ ਸਰੋਂ ਦਾ ਤੇਲ ਖਰੀਦਿਆ ਤੇ ਹੋਰਨਾਂ ਨੂੰ ਵੀ ਉਤਸ਼ਾਹਤ ਕੀਤਾ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਅਦਾਰਿਆਂ ਮਾਰਕਫੈਡ ਅਤੇ ਵੇਰਕਾ ਆਦਿ ਵੱਲੋਂ ਤਿਆਰ ਵਸਤਾਂ ਖਰੀਦਣ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਡੀ.ਐਸ.ਪੀ. ਰਘਬੀਰ ਸਿੰਘ, ਗੰਨਾ ਕਮਿਸ਼ਨਰ ਡਾ. ਰਾਜੇਸ਼ ਰਹੇਜ਼ਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਕੁਲਵੰਤ ਸਿੰਘ ਸੌਂਟੀ, ਬਲਾਕ ਪ੍ਰਧਾਨ ਅਸ਼ਵਨੀ ਸਨੋਲੀਆ, ਦਰਸ਼ਨ ਸਿੰਘ ਮੰਜੌਲੀ, ਦਵਿੰਦਰ ਸਿੰਘ ਭੰਗੂ ਕੁੱਥਾਖੇੜੀ, ਗੁਰਤਾਜ ਸੰਧੂ, ਸੰਦੀਪ ਜਰੀਕਪੁਰ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।