ਮਾਨ ਨੇ ਆਸਾਮ ਦੇ ਸੋਨਿਤਪੁਰ ਲੋਕ ਸਭਾ ਹਲਕੇ ‘ਚ ‘ਆਪ’ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਕੀਤਾ, ਲੋਕਾਂ ਨੂੰ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ
ਸੋਨਿਤਪੁਰ : ਰਾਜਸੀ ਗੰਦਗੀ ਝਾੜੂ ਨਾਲ ਸਾਫ ਕਰਾਂਗੇ, ਬੱਸ ਝਾੜੂ ਦਾ ਬਟਨ ਦਬਾ ਕੇ ਰਿਸ਼ੀ ਰਾਜ ਨੂੰ ਜਿਤਾਉ, ਫਿਰ ਦੇਖੋ ਕਮਾਲ- ਭਗਵੰਤ ਮਾਨ
ਮਾਨ ਨੇ ਕਿਹਾ, ਅਸਾਮ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਭਾਜਪਾ ਵਾਲੇ ਬੰਗਲਾਦੇਸ਼ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ, ਪਹਿਲਾਂ ਆਪਣੇ ਲੋਕਾਂ ਨੂੰ ਸਹੂਲਤਾਂ ਦਿਓ
ਅਰਵਿੰਦ ਕੇਜਰੀਵਾਲ ਸਿਰਫ ਇਕ ਵਿਅਕਤੀ ਨਹੀਂ ਬਲਕਿ ਇਕ ਵਿਚਾਰ ਹਨ, ਇਸ ਲਈ ਈਵੀਐਮ ਦਾ ਇਕ ਨੰਬਰ ਬਟਨ ਦਬਾਓ ਅਤੇ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਓ – ਮਾਨ
ਆਸਾਮ ‘ਚ 8 ਹਜ਼ਾਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ, ਜੇਕਰ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਆਪਣੇ ਸੂਬੇ ‘ਚ ਸਰਕਾਰੀ ਸਕੂਲ ਕਿਉਂ ਚੱਲਣ ਦੇਣਗੇ – ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਅਸਾਮ ਦੇ ਵਿਸ਼ਵਨਾਥ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
ਚੰਡੀਗੜ੍ਹ, 13 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਮ ਦੇ ਸੋਨਿਤਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਿਸ਼ੀ ਰਾਜ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਅਸਾਮ ਦੇ ਲੋਕਾਂ ਨੂੰ ਬਦਲਾਅ ਲਈ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਸਾਨੂੰ ਵਿਸ਼ਵਨਾਥ ਦੀ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ, ਇਸ ਤੋਂ ਮੈਨੂੰ ਬਹੁਤ ਖੁਸ਼ੀ ਹੋਈ। ਅੱਜ ਤੁਸੀਂ ਬਿਹੂ ਦਾ ਤਿਉਹਾਰ ਮਨਾ ਰਹੇ ਹੋ ਅਤੇ ਅਸੀਂ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਮਨਾ ਰਹੇ ਹਾਂ। ਅਸਾਮ ਅਤੇ ਪੰਜਾਬ ਦਾ ਸੱਭਿਆਚਾਰ ਬਹੁਤ ਸਮਾਨ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਖੇਤੀ ਪ੍ਰਧਾਨ ਹਨ। ਇੱਥੋਂ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ। ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ। ਅਸੀਂ ਸਾਰੇ ਧਰਤੀ ਮਾਂ ਦੇ ਬੱਚੇ ਹਾਂ। ਪਰ ਬਦਕਿਸਮਤੀ ਨਾਲ ਅੱਜ ਧਰਤੀ ਮਾਤਾ ਦੇ ਬੱਚੇ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸਾਮ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ। ਅੱਜ ਇੱਥੇ ਮਜ਼ਦੂਰਾਂ ਨੂੰ 250 ਰੁਪਏ ਦਿਹਾੜੀ ਮਿਲਦੀ ਹੈ। ਸਾਨੂੰ ਇੱਕ ਮੌਕਾ ਦਿਓ, ਅਸੀਂ ਉਨ੍ਹਾਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕਰਾਂਗੇ ਅਤੇ ਇਸ ਲਈ ਕਾਨੂੰਨ ਬਣਾਵਾਂਗੇ। ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਵੀ ਤਨਖਾਹਾਂ ਵਧਾ ਦਿੱਤੀਆਂ ਹਨ।
ਭਾਸ਼ਣ ਦੌਰਾਨ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਸਾਮ ਦੀ ਭਾਜਪਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਹਿਮੰਤਾ ਵਿਸ਼ਵਾ ਸ਼ਰਮਾ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਮਾ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ। ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਰਿਹਾ।
ਮਾਨ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ 20 ਸਾਲ ਪਹਿਲਾਂ ਬਹੁਤ ਵਧੀਆ ਸਕੂਲ ਅਤੇ ਹਸਪਤਾਲ ਬਣਾ ਸਕਦੇ ਸਨ ਕਿਉਂਕਿ ਉਹ ਕਾਂਗਰਸ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ। ਪਰ ਉਨਾਂ ਦੇ ਇਰਾਦੇ ਸਾਫ਼ ਨਹੀਂ ਸਨ। ਇਸ ਲਈ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਅਜੇ ਵੀ ਮਾੜੀ ਹੈ। ਜਦੋਂ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਸਰਕਾਰੀ ਸਕੂਲਾਂ ਨੂੰ ਕਿਉਂ ਠੀਕ ਕਰਨਗੇ?
ਉਨ੍ਹਾਂ ਕਿਹਾ ਕਿ ਸਾਮ ਦੇ 8000 ਸਰਕਾਰੀ ਸਕੂਲ ਬੱਚਿਆਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਹਨ। ਬਿਲਕੁਲ ਇਹੀ ਹਾਲਤ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੀ। ਪਰ ਅਸੀਂ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਇੰਨਾ ਵਧੀਆ ਬਣਾ ਦਿੱਤਾ ਕਿ ਅੱਜ ਦਿੱਲੀ ਅਤੇ ਪੰਜਾਬ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।
ਇਸ ਤੋਂ ਇਲਾਵਾ ਅਸੀਂ ਬਿਜਲੀ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਵੀ ਕਾਫੀ ਕੰਮ ਕੀਤਾ ਹੈ। ਪੰਜਾਬ ਵਿੱਚ ਬਿਜਲੀ ਬਿਲਕੁਲ ਮੁਫਤ ਹੈ। ਹੁਣ ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਂਦੇ ਹਨ। ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ। ਜਿੱਥੇ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਪਿਛਲੇ ਦੋ ਸਾਲਾਂ ਵਿੱਚ ਲਗਭਗ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅਸਾਮ ਵਿੱਚ ਮੌਕਾ ਮਿਲਿਆ ਤਾਂ ਅਸੀਂ ਇੱਥੇ ਵੀ ਇਹ ਸਾਰਾ ਕੰਮ ਕਰਾਂਗੇ।
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਮਾਨ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ ‘ਚ ਪਾਉਣ ਨਾਲ ਆਮ ਆਦਮੀ ਪਾਰਟੀ ਤਬਾਹ ਹੋ ਜਾਵੇਗੀ। ਪਰ ਇਹ ਉਹਨਾਂ ਦੀ ਗਲਤਫਹਿਮੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰੋਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਹਨ। ਇਸ ਲਈ ਈਵੀਐਮ ਦਾ ਪਹਿਲਾ ਨੰਬਰ ਬਟਨ ਦਬਾਓ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਵਧਾਓ।