ਪੰਜਾਬ

ਬਸਪਾ ਲੀਡਰਸ਼ਿਪ ਨੇ ਪਾਰਟੀ ਅਕਾਲੀ ਦਲ ਨੂੰ ਵੇਚੀ : ਚਰਨਜੀਤ ਸਿੰਘ ਚੰਨੀ

ਕਿਹਾ ਪਾਰਟੀ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਤੋਂ ਥਿੜਕੀ
ਕੇਜਰੀਵਾਲ ਦੇ ਆਪਣੇ ਸਾਥ ਛੱਡ ਤੁਰੇ, ਪੰਜਾਬੀ ਉਸ ‘ਤੇ ਭਰੋਸਾ ਕਿਉਂ ਕਰਨ
‘ਆਪ’ ਨੂੰ ਆਧੁਨਿਕ ਈਸਟ ਇੰਡੀਆ ਕੰਪਨੀ ਦਿੱਤਾ ਕਰਾਰ
ਜਲੰਧਰ ‘ਚ 200 ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ, ਕਰਤਾਰਪੁਰ ਤੇ ਆਦਮਪੁਰ ਨੂੰ ਮਿਲੇਗਾ ਸਬ-ਡਵੀਜ਼ਨ ਦਾ ਦਰਜਾ

ਪ੍ਰਤਾਪੁਰਾ (ਜਲੰਧਰ), 17 ਦਸੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਹੁਜਨ ਸਮਾਜ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਸਪਾ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਵੇਚ ਕੇ ਅਨੁਸੂਚਿਤ ਜਾਤੀ ਭਾਈਚਾਰੇ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਹਲਕੇ ਵਿੱਚ ਪੈਂਦੇ ਪ੍ਰਤਾਪੁਰਾ ਦੀ ਦਾਣਾ ਮੰਡੀ ਵਿਖੇ ਜਲੰਧਰ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਸਪਾ ਲੀਡਰਸ਼ਿਪ ਨੇ ਪਾਰਟੀ ਦੇ ਹਿੱਤ, ਹੱਕ-ਹਕੂਕ ਅਕਾਲੀਆਂ ਨੂੰ ਵੇਚਦਿਆਂ ਬਾਬੂ ਕਾਂਸ਼ੀ ਰਾਮ ਦੀ ਬਹੁਜਨਾਂ ਦੇ ਸਸ਼ਕਤੀਕਰਨ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ ‘ਤੇ ਤਿੱਖਾ ਕਟਾਕਸ਼ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ 20 ਸੀਟਾਂ ‘ਚੋਂ ਪਾਰਟੀ ਨੇ 15 ਅਕਾਲੀਆਂ ਨੂੰ ਵੇਚ ਦਿੱਤੀਆਂ ਹਨ ਅਤੇ ਅਕਾਲੀਆਂ ਅੱਗੇ ਗੋਡੇ ਟੇਕ ਦਿੱਤੇ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਮੁੱਖ ਮੰਤਰੀ ਚਰਨਜੀਤ  ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਬੈਠਾ ਕੇਜਰੀਵਾਲ ਇਹ ਸਪਸ਼ਟ ਕਰੇ ਕਿ ਪੰਜਾਬੀ ਉਸ ‘ਤੇ ਭਰੋਸਾ ਕਿਉਂ ਕਰਨ ਜਦੋਂ ਉਸ ਦੀ ਪਾਰਟੀ ਦੇ ਚੁਣੇ ਹੋਏ ਅਤੇ ਹੋਰ ਸਿਰਕੱਢ ਆਗੂ ਉਸਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਕਿਹਾ ਕਿ 2014 ਵਿੱਚ ‘ਆਪ’ ਦੇ ਜੇਤੂ 4 ਲੋਕ ਸਭਾ ਮੈਂਬਰਾਂ ਵਿੱਚੋਂ ਤਿੰਨ ਪਾਰਟੀ ਛੱਡ ਚੁੱਕੇ ਹਨ ਅਤੇ 2017 ਵਿੱਚ ਚੁਣੇ ਗਏ 20 ਵਿਧਾਇਕਾਂ ਵਿੱਚੋਂ 11 ਨੇ ਪਾਰਟੀ ਨੂੰ ਬਾਏ-ਬਾਏ ਆਖ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਸਿਆਸੀ ਅੰਤ ਬਹੁਤ ਨੇੜੇ ਹੈ।
ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀ ਘਰਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਗਿਆਨ ਤੋਂ ਪੂਰੀ ਤਰ੍ਹਾਂ ਸੱਖਣਾਂ ਦੱਸਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਬੈਠਾ ਕੇਜਰੀਵਾਲ ਕੀ ਜਾਣੇ ਕਿ ਘਰ ਚਲਾਉਣ ਲਈ ਪੰਜਾਬ ਦੇ ਨੌਜਵਾਨ ਕਿੰਨੇ ਬਹੁਮੰਤਵੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਆਧੁਨਿਕ ਈਸਟ ਇੰਡੀਆ ਕੰਪਨੀ ਹਨ, ਜਿਹੜੇ ਪੰਜਾਬ ਅਤੇ ਪੰਜਾਬੀਆਂ ਦੇ ਸਰਮਾਏ ਨੂੰ ਦੋਵੇਂ ਹੱਥੀ ਲੁੱਟਣਾ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੁਲੀਨ ਵਰਗ ਦੇ ਸਿਆਸਤਦਾਨਾਂ ਦੀ ਆਪਸ ਵਿੱਚ ਇਕ ਅਜਿਹੀ ਸਿਆਸੀ ਗੰਢਤੁੱਪ ਹੈ, ਜਿਸਦਾ ਇਕੋ-ਇਕ ਮਕਸਦ ਸੱਤਾ ‘ਤੇ ਕਾਬਜ਼ ਰਹਿਣਾ ਹੈ ਅਤੇ ਪੰਜਾਬ ਵਿੱਚ ਇਹ ਪ੍ਰਕਿਰਿਆ ਕੁਝ ਕੁ ਪਰਿਵਾਰਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਜਿਸ ਦੇ ਸਿੱਟੇ ਵਜੋਂ ਆਮ ਵਰਗ ਬੁਰੀ ਤਰ੍ਹਾਂ ਪਿਸ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਲੋਕਾਂ ਦਾ ਨਾਪਾਕ ਗੱਠਜੋੜ ਟੁੱਟ ਚੁੱਕਾ ਹੈ ਅਤੇ ਸੱਤਾ ਆਮ ਲੋਕਾਂ ਦੇ ਹੱਥ ਆ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ, ਜਿਸ ਕਰਕੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਤੇ ਸਰਕਾਰੀ ਖਜ਼ਾਨਾ ਆਮ ਲੋਕਾਂ ਅਤੇ ਲੋੜਵੰਦਾਂ ਭਲਾਈ ‘ਤੇ ਲਾ ਰਹੇ ਹਨ।
ਪੰਜਾਬ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ, ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ, ਤਿੰਨ ਰੁਪਏ ਪ੍ਰਤੀ ਯੁਨਿਟ ਬਿਜਲੀ ਸਸਤੀ ਕਰਨ ਸਦਕਾ ਆਮ ਲੋਕਾਂ ਦੀ ਜੇਬ ਨੂੰ ਮਜ਼ਬੂਤੀ ਮਿਲੀ ਹੈ।
ਜਲੰਧਰ ਦੇ ਵਿਕਾਸ ਕਾਰਜਾਂ ਸਬੰਧੀ ਮੁੱਖ ਮੰਤਰੀ ਨੇ 200 ਕਰੋੜ ਰੁਪਏ ਦੀ ਲਾਗਤ ਤੋਂ ਵੱਧ ਵਾਲੇ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਕਿਹਾ ਕਿ 11.46 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2.71 ਕਰੋੜ ਰੁਪਏ ਦੀ ਲਾਗਤ ਨਾਲ ਬਸਤੀ ਦਾਨਸ਼ਮੰਦਾ ਵਿਖੇ ਸਤਿਗੁਰੂ ਕਬੀਰ ਭਵਨ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 20.99 ਕਰੋੜ ਰੁਪਏ ਦੀ ਲਾਗਤ ਵਾਲੇ ਸਟੋਰਮ ਵਾਟਰ ਸੀਵਰੇਜ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਕ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਰਲਟਨ ਪਾਰਕ ਵਿਖੇ ਖੇਡ ਹੱਬ ਦੀ ਉਸਾਰੀ ਲਈ 78 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਦੁਆਬੇ ਦੇ ਉਨ੍ਹਾਂ ਲੋਕਾਂ ਜੋ ਕਿ ਖੁਦ ਆਪਣੇ ਫੰਡਾਂ ਨਾਲ ਸਹਿਕਾਰੀ ਸਭਾਵਾਂ ਚਲਾਉਂਦੇ ਹਨ, ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਸਾਇਟੀ ਦੇ 64 ਕਰੋੜ ਰੁਪਏ ਦੀ ਬਕਾਇਆ ਰਾਸ਼ੀ ‘ਤੇ ਪੰਜਾਬ ਸਰਕਾਰ ਵੱਲੋਂ ਲੀਕ ਮਾਰ ਦਿੱਤੀ ਗਈ ਹੈ। ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦੀ ਸਥਾਪਤੀ ਸਬੰਧੀ ਐਲਾਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿੰਡ ਬੱਲਾਂ ਵਿਖੇ 100 ਏਕੜ ਰਕਬੇ ‘ਤੇ ਇਹ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪਟਿਆਲਾ ਵਿਖੇ ਸ਼੍ਰੀਮਦ ਭਗਵਤ ਗੀਤਾ ਅਧਿਐਨ ਕੇਂਦਰ ਦੀ ਸਥਾਪਤੀ ਦਾ ਵੀ ਐਲਾਨ ਕੀਤਾ।
ਕਰਤਾਰਪੁਰ ਅਤੇ ਆਦਮਪੁਰ ਖੇਤਰਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਥਾਵਾਂ ਨੂੰ ਸਬ ਡਵੀਜ਼ਨ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਆਦਮਪੁਰ ਵਿਖੇ ਡਿਗਰੀ ਕਾਲਜ ਸਥਾਪਤ ਕਰਨ ਦੇ ਨਾਲ-ਨਾਲ ਬਾਬਾ ਸੈਨ ਜੀ ਅਤੇ ਬਾਬਾ ਨਾਮਦੇਵ ਜੀ ਦੀਆਂ ਚੇਅਰਾਂ ਵੀ ਸਥਾਪਤ ਕੀਤੀਆਂ ਜਾਣਗੀਆਂ।
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇਕ ਚੁਣੌਤੀਆਂ ਭਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ 90 ਦਿਨਾਂ ਦੌਰਾਨ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਸੱਚੀ-ਮੁੱਚੀ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦਾ ਰਾਹ ਦਿਖਾ ਦਿੱਤਾ ਹੈ, ਜਿਸ ਨੂੰ ਆਉਂਦੇ ਸਮੇਂ ਵਿੱਚ ਵੀ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤਾਂ ਜੋ ਪੰਜਾਬ ਤਰੱਕੀ ਦੀਆਂ ਹੋਰ ਬੁਲੰਦੀਆਂ ਛੋਹ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਅਰਵਿੰਦ ਕੇਜਰੀਵਾਰ ਦੋਵੇਂ ਸਿਰੇ ਦੇ ਝੂਠੇ ਹਨ, ਜਿਨ੍ਹਾਂ ਦੇ ਬਹਿਕਾਵੇ ਵਿੱਚ ਲੋਕਾਂ ਨੂੰ ਕਤਈ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਅਤੇ ਅਕਾਲੀਆਂ ਨਾਲ ਗੰਢਤੁੱਪ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਸਿਆਸੀ ਹਿੱਤਾਂ ਖਾਤਰ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗ ਦਿੱਤਾ ਹੈ, ਜਿਸ ਦਾ ਜਵਾਬ ਲੋਕ ਨੇੜਲੇ ਭਵਿੱਖ ਵਿੱਚ ਦੇਣਗੇ।
ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹੁਣ ਲਈ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਅਕਾਲੀ, ਭਾਜਪਾ, ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਹਮੇਸ਼ਾ ਲਾਮਿਸਾਲ ਤਰੱਕੀ ਕੀਤੀ ਹੈ ਅਤੇ ਹੁਣ ਵੀ ਚੰਨੀ ਸਰਕਾਰ ਨੇ ਸੂਬੇ ਨੂੰ ਖੁਸ਼ਹਾਲੀ ਦੀਆਂ ਲੀਹਾਂ ‘ਤੇ ਲੈ ਆਂਦਾ ਹੈ।
ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬੀਆਂ ਨੇ ਜ਼ਿੱਦੀ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਕੇ ਇਤਿਹਾਸ ਸਿਰਜਿਆ ਹੈ ਅਤੇ ਹੁਣ ਵੀ ਕੇਂਦਰ ‘ਚ ਸੱਤਾ ਤਬਦੀਲੀ ਦਾ ਰਾਹ ਵਾਇਆ ਪੰਜਾਬ ਹੀ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਆਪਸ ਵਿੱਚ ਵਿਚਾਰਕ ਮਤਭੇਦ ਤਾਂ ਭਾਵੇਂ ਹੋ ਸਕਦੇ ਹਨ ਪਰ ਪੰਜਾਬ ਦੇ ਹਿੱਤਾਂ ਲਈ ਅਸੀਂ ਸਾਰੇ ਇਕਜੁੱਟ ਹਾਂ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰਿਆਂ ਨੂੰ ਰਲ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਰਾਹ ਦਿਖਾਉਣ ਲਈ ਤਕੜੇ ਹੋਣੇ ਚਾਹੀਦਾ ਹੈ।
ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਚੌਧਰੀ ਨੇ ਅਕਾਲੀਆਂ, ਭਾਜਪਾ ਅਤੇ ‘ਆਪ’ ਲੀਡਰਸ਼ਿਪ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਵਿਰੋਧੀ ਦੱਸਦਿਆਂ ਕਿਹਾ ਕਿ ਇਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਵਿਰੁੱਧ ਹੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੂਬੇ ਦੇ ਵਿਕਾਸ ਦੇ ਮੱਦੇਨਜ਼ਰ ਅਜਿਹੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਐਲ.ਏਜ਼ ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਹਰਦੇਵ ਸਿੰਘ ਲਾਡੀ, ਚੌਧਰੀ ਸੁਰਿੰਦਰ ਸਿੰਘ, ਅਵਤਾਰ ਸਿੰਘ ਬਾਵਾ ਹੈਨਰੀ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਸਰਵਣ ਸਿੰਘ ਫਿਲੌਰ, ਅਮਰਜੀਤ ਸਿੰਘ ਸਮਰਾ, ਸਾਬਕਾ ਐਮ.ਐਲ.ਏ. ਕੰਵਲਜੀਤ ਸਿੰਘ ਲਾਲੀ, ਮੇਅਰ ਨਗਰ ਨਿਗਮ ਜਗਦੀਸ਼ ਰਾਜ ਰਾਜਾ, ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਬਲਰਾਜ ਠਾਕੁਰ ਅਤੇ ਦਰਸ਼ਨ ਸਿੰਘ ਟਾਹਲੀ, ਕਾਰਜਕਾਰੀ ਪ੍ਰਧਾਨ ਹਰਜਿੰਦਰ ਲਾਡਾ, ਨਿਰਮਲ ਸਿੰਘ ਨਿੰਮਾ, ਅਸ਼ਵਨ ਭੱਲਾ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਡਾ. ਜਸਲੀਨ ਸੇਠੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹਨੀ ਜੋਸ਼ੀ ਅਤੇ ਅੰਗਦ ਦੱਤਾ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!