ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਖਿਲਾਫ ਮੁੱਖ ਮੰਤਰੀ ਤੇ ਵਿਜੀਲੈਂਸ ਨੂੰ ਸ਼ਿਕਾਇਤ
ਇਹ ਦਰਖਾਸਤ ਬਿਨਾਂ ਕਿਸੇ ਨਿੱਜੀ ਹਿੱਤ ਤੋਂ ਦਿੱਤੀ ਜਾ ਰਹੀ ਹੈ।ਇਸ ’ਤੇ ਕਾਰਵਾਈ ਪੰਜਾਬ ਸਰਕਾਰ ਦੀ ਨਿਰਪੱਖਤਾ ਅਤੇ ਕਨੂੰਨ ਅੱਗੇ ਸਾਰੇ ਬਰਾਬਰ ਹੋਣ ਦੀ ਪਹੁੰਚ ਦੀ ਪ੍ਰਤੀਕ ਹੋਵੇਗੀ।ਇਸ ਤੋਂ ਪਤਾ ਲੱਗੇਗਾ ਕਿ ਆਪਦੀ ਸਰਕਾਰ ਵਲੋਂ ਅਹੁਦੇ ਜਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਸਿਰਫ ਰਾਜਸੀ ਵਿਰੋਧੀਆਂ ’ਤੇ ਹੀ ਨਹੀਂ ਸਗੋਂ ਆਪਣੀ ਸਰਕਾਰ ਦੇ ਅਹਿਮ ਅਹੁਦਿਆਂ ’ਤੇ ਬੈਠੇ ਆਗੂਆਂ ’ਤੇ ਵੀ ਉਸੇ ਤਰਾਂ ਕਾਰਵਾਈ ਹੁੰਦੀ ਹੈ।
ਮੌਜੂਦਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਤੋਂ ਵਿਧਾਇਕ ਸ਼੍ਰੀ ਜੈ ਸਿੰਘ ਰੌੜੀ ਜਦੋਂ ਪਿਛਲੀ ਸਰਕਾਰ ਵੇਲੇ ਵਿਰੋਧੀ ਧਿਰ ਵਿੱਚ ਸਨ ਤਾਂ ਆਪਣੇ ਇਲਾਕੇ ਵਿੱਚ ਪ੍ਰਦੂਸ਼ਣ, ਗੈਰ-ਕਨੂੰਨੀ ਮਾਈਨਿੰਗ ਅਤੇ ਹੋਰ ਕਈ ਮੁੱਦਿਆਂ ’ਤੇ ਅਕਸਰ ਬੋਲਦੇ ਨਜ਼ਰ ਆਉਂਦੇ ਸਨ, ਲੇਕਿਨ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇਹ ਬਿਲਕੁਲ ਚੁੱਪ ਹਨ।ਇਹਨਾਂ ਵਲੋਂ ਗੈਰ ਕਨੂੰਨੀ ਮਾਈਨਿੰਗ ਅਤੇ ਅਜਿਹੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਨਾਲ ਭਾਈਵਾਲੀ ਕਰਨ ਦੀ ਚਰਚਾ ਵੀ ਸੁਣਨ ਵਿੱਚ ਆ ਰਹੀ ਹੈ ਅਤੇ ਦੇਖਣ ਨੂੰ ਵੀ ਮਿਲ ਰਹੀ ਹੈ।
ਪਤਾ ਲੱਗਿਆ ਹੈ ਕਿ ਇਹਨਾਂ ਵਲੋਂ ਮਾਰਕੀਟ ਕਮੇਟੀ ਦੇ ਇੱਕ ਕਰਮਚਾਰੀ ਦੀ ਬਦਲੀ ਕਰਵਾਉਣ ਲਈ ਕਥਿਤ ਤੌਰ ’ਤੇ 5 ਲੱਖ ਰੁਪਏ ਲਏ ਗਏ ਸਨ ਜਿਸ ਬਾਰੇ ਕਈ ਅਖਬਾਰਾਂ ਵਿੱਚ ਖਬਰਾਂ ਛਪੀਆਂ ਸਨ।ਇੱਕ ਹੋਰ ਵਿਅਕਤੀ ਵਲੋਂ ਵੀ ਮੁੱਖ ਮੰਤਰੀ ਦਫਤਰ ਨੂੰ ਸ਼ਿਕਾਇਤ ਭੇਜ ਕੇ ਦੱਸਿਆ ਗਿਆ ਸੀ ਕਿ ਸ਼੍ਰੀ ਜੈ ਸਿੰਘ ਰੌੜੀ ਨੇ ਉਸ ਤੋਂ ਇੱਕ ਜਾਇਜ਼ ਕੰਮ ਕਰਵਾਉਣ ਲਈ ਵੀ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਮੇਰੇ ਵਲੋਂ ਸੂਚਨਾ ਅਧਿਕਾਰ ਕਨੂੰਨ 2005 ਤਹਿਤ ਇਹਨਾਂ ਦੇ ਅਖਤਿਆਰੀ ਫੰਡਾਂ ਦੀ ਵੰਡ ਬਾਰੇ ਹਾਸਲ ਕੀਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਨਾ ਤਾਂ ਇਹਨਾਂ ਨੂੰ ਆਪਣੇ ਅਹੁਦੇ ਦੀ ਮਾਣ ਮਰਿਆਦਾ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਨਾ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪ੍ਰਵਾਹ ਹੈ।
ਪੰਜਾਬ ਵਿਧਾਨ ਸਭਾ ਵਲੋਂ ਪੱਤਰ ਨੰ: 20/ਪੀ.ਆਈ.ਓ/2023/7208 ਮਿਤੀ 04/05/2023 ਰਾਹੀਂ ਦਿੱਤੀ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਜੈ ਸਿੰਘ ਰੌੜੀ ਨੇ ਆਪਣੇ ਅਖਤਿਆਰੀ ਫੰਡਾਂ ਦੀ ਹੇਠ ਲਿਖੇ ਅਨੁਸਾਰ ਦੁਰਵਰਤੋਂ ਕੀਤੀ ਹੈ:
• ਆਪਣੀ ਪਾਰਟੀ ਦੇ ਅਤੇ ਆਪਣੇ ਖਾਸਮਖਾਸ ਅਜਿਹੇ ਵਿਅਕਤੀਆਂ ਨੂੰ ਮਕਾਨ ਬਣਾਉਣ ਲਈ ਪੰਜਾਹ-ਪੰਜਾਹ ਹਜ਼ਾਰ ਦੇ ਚੈੱਕ ਦਿੱਤੇ ਜਿਹਨਾਂ ਨੇ ਕੋਈ ਮਕਾਨ ਨਹੀਂ ਬਣਾਇਆ ਸਗੋਂ ਉਹਨਾਂ ਦੇ ਪਹਿਲਾਂ ਹੀ ਵਧੀਆ ਤੇ ਦੋ ਦੋ ਮੰਜ਼ਲੇ ਮਕਾਨ ਬਣੇ ਹੋਏ ਹਨ।ਅਜਿਹੇ ਵਿਅਕਤੀਆਂ ਨੂੰ ਵੀ ਚੈੱਕ ਦਿੱਤੇ ਗਏ ਹਨ ਜਿਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਏ ਹਨ।ਇੰਨਾ ਹੀ ਨਹੀਂ ਇੱਕ ਘਰ ਦੇ ਦੋ-ਦੋ, ਤਿੰਨ-ਤਿੰਨ ਮੈਂਬਰਾਂ ਨੂੰ ਵੀ ਮਕਾਨ ਉਸਾਰੀ ਜਾਂ ਮੁਰੰਮਤ ਲਈ ਰਾਸ਼ੀ ਜਾਰੀ ਕੀਤੀ ਗਈ ਹੈ।ਸ਼ੀ ਰੌੜੀ ਦੇ ਨਜ਼ਦੀਕੀ ਗਰੁੱਪ ਦੇ ਬਹੁਤੇ ਮੈਂਬਰਾਂ ਨੂੰ ਇਹ ਰਾਸ਼ੀ ਦਿੱਤੀ ਹਾਲਾਂਕਿ ਉਹਨਾਂ ’ਚੋਂ ਕੋਈ ਵੀ ਇਸਦਾ ਹੱਕਦਾਰ ਨਹੀਂ ਸੀ।
ਨਿਯਮਾਂ ਮੁਤਾਬਕ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਸਿਰਫ ਨਵੇਂ ਮਕਾਨ ਬਣਾਉਣ ਲਈ ਤੇ ਮਕਾਨ ਦੀ ਮੁਰੰਮਤ ਲਈ ਸਿਰਫ 15 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਸਕਦੀ ਹੈ।
ਪੰਜਾਬ ਸਰਕਾਰ ਦੀ ਅਖਤਿਆਰੀ ਗ੍ਰਾਂਟਾਂ ਬਾਰੇ ਪਾਲਿਸੀ ਦੀ ਮੱਦ 13 (ਸੀ) ਦੇ ਭਾਗ (i) ਮੁਤਾਬਕ ਇਹ ਮਕਾਨ ਦੀ ਉਸਾਰੀ ਅਤੇ ਮੁਰੰਮਤ ਲਈ ਗ੍ਰਾਂਟ ਉਸ ਵਿਅਕਤੀ ਨੂੰ ਹੀ ਦਿੱਤੀ ਜਾ ਸਕਦੀ ਹੈ ਜਿਹੜਾ “ਗਰੀਬ ਆਦਮੀ ਬੀ.ਪੀ.ਐਲ. ਕਾਰਡ ਧਾਰਕ ਜਾਂ ਆਟਾ ਦਾਲ ਸਕੀਮ ਦਾ ਲਾਭਪਾਤਰ ਹੋਵੇ।”
• ਸ਼੍ਰੀ ਜੈ ਸਿੰਘ ਰੌੜੀ ਨੇ ਆਪਣੇ ਹਲਕੇ ਗੜ੍ਹਸ਼ੰਕਰ ਵਿੱਚ 1 ਕਰੋੜ 83 ਲੱਖ 15 ਹਜ਼ਾਰ ਰੁਪਏ ਵੰਡ ਦਿੱਤੇ ਜੋ ਕਿ ਕੁੱਲ ਅਖਤਿਆਰੀ ਫੰਡਾਂ ਦਾ 61.05% ਬਣਦਾ ਹੈ।ਜਦਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਐਡਵੋਕੇਟ ਐਚ.ਸੀ. ਅਰੋੜਾ ਵਲੋਂ ਪਾਈ ਪਟੀਸ਼ਨ ਨੰ. CWP 2429 of 2010 ਵਿੱਚ ਪੰਜਾਬ ਸਰਕਾਰ ਵਲੋਂ ਜਵਾਬ ਦਿੱਤਾ ਗਿਆ ਸੀ ਕਿ ਆਪਣੇ ਹਲਕੇ ਵਿੱਚ ਅਖਤਿਆਰੀ ਫੰਡ ਦੀ 50% ਤੋਂ ਜ਼ਿਆਦਾ ਰਾਸ਼ੀ ਨਹੀਂ ਦਿੱਤੀ ਜਾ ਸਕਦੀ।
• ਇੱਕ ਰਾਜਸੀ ਆਗੂ ਵਲੋਂ ਇਹ ਮੁੱਦਾ ਉਠਾਏ ਜਾਣ ’ਤੇ ਸ਼੍ਰੀ ਜੈ ਸਿੰਘ ਰੌੜੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਹਨਾਂ ਵਲੋਂ ਕੁਝ ਪਰਿਵਾਰਾਂ ਦੇ ਗੰਭੀਰ ਬਿਮਾਰੀ ਨਾਲ ਪੀੜਿਤ ਵਿਅਕਤੀਆਂ ਨੂੰ ਗ੍ਰਾਂਟ ਦਿੱਤੀ ਗਈ ਪਰ ਵਿਧਾਨ ਸਭਾ ਵਲੋਂ ਉਪਲੱਬਧ ਕਰਵਾਈ ਜਾਣਕਾਰੀ ਵਿੱਚ ਉਹਨਾਂ ਨੂੰ ਮਕਾਨ ਬਣਾਉਣ ਲਈ ਰਾਸ਼ੀ ਦਿੱਤੀ ਹੋਈ ਦਰਸਾਈ ਗਈ ਹੈ।ਇਸ ਤੋਂ ਸਾਫ ਪਤਾ ਲਗਦਾ ਹੈ ਕਿ ਸ਼੍ਰੀ ਰੌੜੀ ਵਲੋਂ ਵੱਡੇ ਪੱਧਰ ‘ਤੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।
• ਨਵਾਂਸ਼ਹਿਰ ਵਿਖੇ ਖੁੱਲ੍ਹੀ ਇੱਕ ਟਰੈਕਟਰ ਏਜੰਸੀ ਸਬੰਧੀ ਸ਼੍ਰੀ ਰੌੜੀ ਸੋਸ਼ਲ ਮੀਡੀਆ ’ਤੇ ਦੋ ਵਿਅਕਤੀਆਂ ਦਾ ਨਾਮ ਲਿਖ ਕੇ ਉਹਨਾਂ ਨੂੰ ਨਵੇਂ ਕਾਰੋਬਾਰ ਦੀ ਵਧਾਈ ਦਿੰਦੇ ਹਨ।ਉਹਨਾਂ ਵਿਅਕਤੀਆਂ ਵਿੱਚੋਂ ਹੀ ਇੱਕ ਦੇ ਪਰਿਵਾਰ ਨੂੰ ਅਖਤਿਆਰੀ ਫੰਡ ‘ਚੋਂ ਦੋ ਵਾਰ ਪੈਸੇ ਦੇਣ ਦੇ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਉਸ ਨੂੰ ਏਜੰਸੀ ਦਾ ਸੇਲਜਮੈਨ ਦੱਸਦੇ ਹਨ।ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਇਹ ਏਜੰਸੀ ਕਿਸਦੀ ਹੈ ਅਤੇ ਉਸ ਲਈ ਪੈਸਾ ਕਿਸ ਵਲੋਂ ਅਤੇ ਕਿੱਥੋਂ ਖਰਚ ਕੀਤਾ ਗਿਆ।
ਇਸ ਲਈ ਆਪ ਜੀ ਤੋਂ ਨਿਮਰਤਾ ਸਹਿਤ ਮੰਗ ਕਰਦੇ ਹਾਂ ਕਿ ਸ਼੍ਰੀ ਜੈ ਸਿੰਘ ਰੌੜੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਹਟਾ ਕੇ (ਕਿਉਂਕਿ ਉਹ ਇਸ ਅਹੁਦੇ ’ਤੇ ਹੁੰਦਿਆਂ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ) ਹੇਠ ਲਿਖੇ ਅਨੁਸਾਰ ਜਾਂਚ ਕਰਵਾਈ ਜਾਵੇ:
1. ਸ਼੍ਰੀ ਜੈ ਸਿੰਘ ਰੌੜੀ ਵਲੋਂ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਦੇ ਨਾਮ ’ਤੇ ਬਣਾਈ ਜਾਇਦਾਦ ਦੇ ਵੇਰਵੇ ਲਏ ਜਾਣ ਅਤੇ ਜਾਂਚ ਕੀਤੀ ਜਾਵੇ ਕਿ ਇਹ ਪੈਸਾ ਕਿੱਥੋਂ ਆਇਆ।ਇਸਦੇ ਕੁਝ ਖਾਸ ਵਿਅਕਤੀਆਂ ਵਲੋਂ ਟਿੱਪਰ ਆਦਿ ਵੀ ਖਰੀਦੇ ਗਏ ਜਿਹਨਾਂ ‘ਤੇ ਖਰਚ ਕੀਤੇ ਪੈਸੇ ਸਬੰਧੀ ਸਾਰਿਆਂ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ।
2. ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਜਿਹਨਾਂ ਵਿਅਕਤੀਆਂ ਨੂੰ ਆਪਣੇ ਅਖਤਿਆਰੀ ਫੰਡਾਂ ’ਚੋਂ ਰਾਸ਼ੀ ਜਾਰੀ ਕੀਤੀ, ਕੀ ਉਹ ਲੋੜਵੰਦ ਸਨ ਜਾਂ ਉਹਨਾਂ ਦੇ ਨਾਮ ’ਤੇ ਚੈੱਕ ਕੱਟ ਕੇ ਪੈਸੇ ਵਾਪਸ ਲਏ?ਇਸ ਸਬੰਧੀ ਜਾਂਚ ਦੌਰਾਨ ਮੈਂ ਸਬੂਤ ਵੀ ਦੇ ਦੇਵਾਂਗਾ।
3. ਮੇਰੇ ਵਲੋਂ ਸ਼ਿਕਾਇਤਾਂ ਕਰਨ ਉਪਰੰਤ ਗੜ੍ਹਸ਼ੰਕਰ ਨੰਗਲ ਰੋਡ ’ਤੇ ਮਾਈਨਿੰਗ ਵਿਭਾਗ ਦਾ ਨਾਕਾ ਪਿੰਡ ਕੋਟ ਮੈਅਰਾ (ਗੜ੍ਹਸ਼ੰਕਰ ਤੋਂ 10 ਕਿਲੋਮੀਟਰ) ਤੋਂ ਸ਼ਿਫਟ ਕਰਕੇ ਪਿੰਡ ਸ਼ਾਹਪੁਰ-ਸਦਰਪੁਰ (ਗੜ੍ਹਸ਼ੰਕਰ ਤੋਂ 6 ਕਿਲੋਮੀਟਰ) ਵਿਖੇ ਲਗਾਇਆ ਗਿਆ ਸੀ।ਕੋਟ ਮੈਅਰਾ ਵਿਖੇ ਅਗਸਤ 2022 ਵਿੱਚ ਨਾਕਾ ਹੋਣ ਕਰਕੇ ਸਰਕਾਰ ਨੂੰ ਸਿਰਫ 26 ਹਜ਼ਾਰ ਰੁਪਏ ਮਾਲੀਆ ਇਕੱਠਾ ਹੋਇਆ ਸੀ।20 ਸਤੰਬਰ 2022 ਨੂੰ ਇਹ ਨਾਕਾ ਸ਼ਾਹਪੁਰ ਸਦਰਪੁਰ ਸ਼ਿਫਟ ਹੋਇਆ ਤਾਂ 10 ਦਿਨਾਂ ਵਿੱਚ ਹੀ 5 ਲੱਖ 29 ਹਜ਼ਾਰ ਰੁਪਏ ਇਕੱਤਰ ਹੋਏ।ਅਕਤੂਬਰ ਵਿੱਚ 41 ਲੱਖ 81 ਹਜ਼ਾਰ, ਨਵੰਬਰ ਵਿੱਚ 77 ਲੱਖ 84 ਹਜ਼ਾਰ ਰੁਪਏ ਅਤੇ ਦਸੰਬਰ 2022 ਵਿੱਚ 1 ਕਰੋੜ 26 ਲੱਖ 47 ਹਜ਼ਾਰ ਰੁਪਏ ਇਕੱਤਰ ਹੋਏ।ਅੱਜ ਦੀ ਮਿਤੀ ਵਿੱਚ ਉਥੋਂ ਹਰ ਮਹੀਨੇ 2 ਕ੍ਰੋੜ ਰੁਪਏ ਦਾ ਮਾਲੀਆ ਇਕੱਠਾ ਹੋ ਰਿਹਾ ਹੈ।ਇਸ ਨਾਕੇ ’ਤੇ ਸ਼੍ਰੀ ਰੌੜੀ ਦੇ ਕੁਝ ਚਹੇਤੇ ਬੰਦਿਆਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ’ਤੇ ਰੱਖਿਆ ਗਿਆ ਜਿਹਨਾਂ ਵਿੱਚ ਇੱਕ ਪਰਿਵਾਰ ਦੇ ਦੋ ਮੈਂਬਰ ਵੀ ਸ਼ਾਮਲ ਹਨ। ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਨੇ ਮਾਈਨਿੰਗ ਵਿਭਾਗ ਦੀਆਂ ਜਾਅਲੀ ਰਸੀਦਾਂ ਤਿਆਰ ਕਰਕੇ ਕੁਝ ਕਰੱਸ਼ਰਾਂ ਵਾਲਿਆਂ ਨੂੰ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ।ਇਹ ਰਸੀਦਾਂ ਵੇਚਣ ਵਾਲਿਆਂ ਵਿੱਚ ਇੱਕ ਵਿਅਕਤੀ ਸ਼੍ਰੀ ਜੈ ਸਿੰਘ ਰੌੜੀ ਦਾ ਸਭ ਤੋਂ ਨਜ਼ਦੀਕੀ ਦੱਸਿਆ ਜਾ ਰਿਹਾ ਹੈ।ਇਸ ਸਾਰੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ।
4. ਗੜ੍ਹਸ਼ੰਕਰ ਇਲਾਕੇ ਵਿੱਚ ਸ਼੍ਰੀ ਰੌੜੀ ਦੇ ਕਰੀਬੀ ਵਿਅਕਤੀਆਂ (ਜਿਹਨਾਂ ਦੀ ਫਰਮ ਦੇ ਨਾਮ ਵਿੱਚ ਵੀ ‘ਰੌੜੀ’ ਸ਼ਬਦ ਆਉਂਦਾ ਹੈ) ਵਲੋਂ ਸ਼ਰੇਆਮ ਨਜਾਇਜ਼ ਮਾਈਨਿੰਗ ਦਾ ਕੰਮ ਕੀਤਾ ਜਾਂਦਾ ਹੈ।ਉਹਨਾਂ ਦੀ ਇੰਨੀ ਗੁੰਡਾਗਰਦੀ ਹੈ ਕਿ ਵਿਭਾਗ ਦੇ ਅਧਿਕਾਰੀ ਬੇਵੱਸ ਹਨ।ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸ਼ਹਿ ਦੇਣ ਵਿੱਚ ਇਹਨਾਂ ਦਾ ਕੀ ਹਿੱਤ ਹੈ।
ਮੈਂ ਭਲੀ ਭਾਂਤ ਜਾਣੂ ਹਾਂ ਕਿ ਝੂਠੀ ਸ਼ਿਕਾਇਤ ਕਰਨਾ ਇਕ ਅਪਰਾਧ ਹੁੰਦਾ ਹੈ।ਇਸ ਸ਼ਿਕਾਇਤ ਦੇ ਨਾਲ ਮੈਂ ਹਲਫੀਆ ਬਿਆਨ ਭੇਜਿਆ ਹੈ ਤਾਂ ਜੋ ਸ਼ਿਕਾਇਤ ਗਲਤ ਹੋਣ ਦੀ ਸੂਰਤ ਵਿਚ ਵਿਚ ਮੇਰੇ ’ਤੇ ਕੋਈ ਵੀ ਕਾਰਵਾਈ ਕਰ ਸਕੇ।ਕਿਰਪਾ ਕਰਕੇ ਜਾਂਚ ਦੌਰਾਨ ਮੈਨੂੰ ਆਪਣਾ ਪੱਖ ਰੱਖਣ ਅਤੇ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ।