ਪੰਜਾਬ
*ਸੀਪੀਐਫ਼ ਕਰਮਚਾਰੀ ਯੂਨੀਅਨ ਦੀ ਵਿੱਤ ਮੰਤਰੀ ਪੰਜਾਬ ਨਾਲ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਹੋਈ ਮੀਟਿੰਗ*
*ਪੈਂਡਿੰਗ ਫੈਮਿਲੀ ਪੈਨਸ਼ਨ ਦੇ ਕੇਸ ਜਲਦ ਹੀ ਹੱਲ ਹੋਣਗੇ*
*ਸਰਕਾਰ ਵੱਲੋਂ ਪਾਏ ਜਾਂਦੇ 14 ਪ੍ਰਤੀਸ਼ਤ ਸ਼ੇਅਰ ਵਿਚੋਂ ਚਾਰ ਪ੍ਰਤੀਸ਼ਤ ਸ਼ੇਅਰ ਤੇ ਦਿੱਤੇ ਜਾਂਦੇ ਟੈਕਸ ਨੂੰ ਵੀ ਕੀਤਾ ਗਿਆ ਕਰ ਮੁਕਤ*
ਅੱਜ ਸੀ. ਪੀ.ਐਫ਼. ਕਰਮਚਾਰੀ ਯੂਨੀਅਨ ਪੰਜਾਬ ਦੇ ਵਫ਼ਦ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਕੱਤਰੇਤ ਵਿਖੇ ਹੋਈ। ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦੱਸਿਆ ਗਿਆ ਕਿ ਪੁਰਾਣੀ ਪੈਨਸ਼ਨ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਚਾਰ ਅਧੀਨ ਹੈ ਅਤੇ ਜਲਦ ਹੀ ਸੂਬਾ ਸਰਕਾਰ ਇਸ ਉੱਤੇ ਕੋਈ ਠੋਸ ਫ਼ੈਸਲਾ ਲੈਣ ਜਾ ਰਹੀ ਹੈ। ਜਥੇਬੰਦੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾਵੇਗੀ ਤਾਂ ਕਾਂਗਰਸ ਸਰਕਾਰ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਸਹਿਣ ਲਈ ਤਿਆਰ ਰਹੇ।
ਸਰਕਾਰ ਵੱਲੋਂ ਐੱਨ.ਪੀ.ਐੱਸ. ਕਰਮਚਾਰੀਆਂ ਦੇ ਉੱਤੇ ਲਾਗੂ ਕੀਤੀ ਗਈ ਫੈਮਿਲੀ ਪੈਨਸ਼ਨ ਦੇ ਮੁੱਦੇ ਉੱਤੇ ਵੀ ਚਰਚਾ ਹੋਈ। ਜਿਸ ਵਿੱਚ ਇਨ੍ਹਾਂ ਕੇਸਾਂ ਨੂੰ ਹੱਲ ਕਰਵਾਉਣ ਲਈ ਫੈਮਿਲੀ ਪੈਨਸ਼ਨ ਅਧੀਨ ਆਉਂਦੇ ਪਰਿਵਾਰਾਂ/ਕੇਸਾਂ ਦੀ ਸੂਚੀ ਮੰਗੀ ਗਈ।
ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਵੱਲੋਂ ਪਿਛਲੇ ਸਮੇਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜੋ ਮੀਟਿੰਗ ਕੀਤੀ ਗਈ ਸੀ ਉਸ ਵਿਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਐੱਨ.ਪੀ.ਐੱਸ. ਅਧੀਨ ਮੁਲਾਜ਼ਮਾਂ ਦੇ ਹਰ ਮਹੀਨੇ ਪਾਏ ਜਾਂਦੇ 14 ਪ੍ਰਤੀਸ਼ਤ ਸ਼ੇਅਰ ਵਿੱਚੋਂ 4 ਪ੍ਰਤੀਸ਼ਤ ਸ਼ੇਅਰ ਦੇ ਉੱਤੇ ਮੁਲਾਜ਼ਮ ਨੂੰ ਆਪਣੇ ਵੱਲੋਂ ਇਨਕਮ ਟੈਕਸ ਦੇਣਾ ਪੈਂਦਾ ਹੈ ਜਦ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਛੋਟ ਦਿੱਤੀ ਹੋਈ ਹੈ। ਜਿਸ ਸੰਬੰਧੀ ਮੀਟਿੰਗ ਦੇ ਵਿੱਚ ਕੇਂਦਰੀ ਬਜਟ ਦੀ ਕਾਪੀ ਮੁਹੱਈਆ ਕਰਵਾਈ ਗਈ ਜਿਸ ਵਿਚ ਇਹ ਸੋਧ ਹੋ ਚੁੱਕੀ ਹੋਈ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਪਾਏ ਜਾਂਦੇ 14 ਪ੍ਰਤੀਸ਼ਤ ਸ਼ੇਅਰ ਨੂੰ ਕਰ ਮੁਕਤ ਕਰ ਦਿੱਤਾ ਗਿਆ ਹੈ। ਜਿਹੜੇ ਵੀ ਕਰਮਚਾਰੀਆਂ ਨੇ ਇਨਕਮ ਟੈਕਸ ਰਿਟਰਨ ਜਮ੍ਹਾ ਕਰ ਦਿੱਤੀ ਹੈ ਉਹ ਆਪਣੇ ਸੀਏ ਦੇ ਨਾਲ ਗੱਲ ਕਰਕੇ ਇਸ ਅਦਾਇਗੀ ਦੀ ਰਿਬੇਟ ਲੈ ਸਕਦੇ ਹਨ
ਜਥੇਬੰਦੀ ਵੱਲੋਂ ਇਸ ਮੁੱਦੇ ਬਾਰੇ ਕਿਹਾ ਗਿਆ ਕਿ ਇਸ ਨੂੰ IHRMS ਦੇ ਵਿਚ ਵੀ ਅਪਡੇਟ ਕੀਤਾ ਜਾਵੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਲਦ ਹੀ ਸਰਕਾਰ ਵੱਲੋਂ ਇਸ ਸੌਫਟਵੇਅਰ ਦੇ ਉੱਤੇ ਵੀ ਇਸ ਸੰਬੰਧੀ ਅਪਡੇਸ਼ਨ ਕਰ ਦਿੱਤੀ ਜਾਵੇਗੀ।
ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਅਮਨਦੀਪ ਸਿੰਘ ਵਿੱਤ ਸਕੱਤਰ, ਸੰਗਤ ਰਾਮ, ਗੁਰਮੇਲ ਸਿੰਘ ਸਿੱਧੂ ਤੇ ਦਰਸ਼ਨ ਪਤਲੀ ਸੀਨੀਅਰ ਮੁਲਾਜ਼ਮ ਆਗੂ।