ਪੰਜਾਬ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਸੰਬੰਧੀ ਵਿੱਤ ਵਿਭਾਗ ਪੰਜਾਬ ਨੇ ਜਾਰੀ ਕੀਤਾ ਅਹਿਮ ਪੱਤਰ
ਡੀਡੀਓਜ਼ ਨੂੰ ਨਵੰਬਰ ਮਹੀਨੇ ਦੇ ਬਿੱਲ ਤੁਰੰਤ ਜਮ੍ਹਾਂ ਕਰਾਉਣ ਲਈ ਕਿਹਾ
ਚੰਡੀਗੜ੍ਹ, 7 ਦਸੰਬਰ, 2023: ਪੰਜਾਬ ਸਰਕਾਰ ਦੇ ਵਿੱਤ ਵਿਭਾਗ, (ਖਜ਼ਾਨਾ ਤੇ ਲੇਖਾ ਸ਼ਾਖਾ) ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਨੂੰ ਲੈ ਕੇ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਵੰਬਰ ਮਹੀਨੇ ਦੀ ਤਨਖਾਹ ਦੇ ਅਜੇ ਤੱਕ ਬਿੱਲ ਜਮ੍ਹਾਂ ਨਹੀਂ ਕਰਵਾਏ ਗਏ ਹਨ, ਜਿਸ ਕਰਕੇ ਮੁਲਾਜ਼ਮਾਂ ਨੂੰ ਤਨਖਾਹ ਦੀ ਅਦਾਇਗੀ ਨਹੀਂ ਹੋ ਸਕੀ ਹੈ। ਪੱਤਰ ਵਿੱਚ ਡੀਡੀਓਜ਼ ਨੂੰ ਤਨਖ਼ਾਹਾਂ ਦੇ ਬਿਲ ਤੁਰੰਤ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਰਾਜ ਦੇ ਸਮੂਹ ਵਿਸ਼ੇਸ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ, ਸਮੂਹ ਡਵੀਜ਼ਨਾਂ ਦੇ ਕਮਿਸ਼ਨਰ, ਸਮੂਹ ਡਿਪਟੀ ਕਮਿਸ਼ਨਰ, ਸਕੱਤਰ, ਪੰਜਾਬ ਵਿਧਾਨ ਸਭਾ ਦੇ ਵੱਲ ਪੱਤਰ ਜਾਰੀ ਕਰਦਿਆਂ ਲਿਖਿਆ ਗਿਆ ਹੈ ਕਿ ਇਹ ਵਿਸ਼ੇ ਦੇ ਸਬੰਧ ਵਿੱਚ ਮੈਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤ ਬਜਟ 2 ਸ਼ਾਪਾ ਵਿੱਤ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਮਿਤੀ 20.07.2023 ਰਾਹੀਂ ਰਾਜ ਦੇ ਸਮੂਹ ਵਿਭਾਗਾਂ ਨੂੰ ਲਿਖਿਆ ਗਿਆ ਸੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਬਿਲ ਖਜ਼ਾਨਾ ਦਫਤਰ ਵਿੱਚ ਹਰ ਮਹੀਨੇ ਦੀ 7 ਤਰੀਕ ਤੱਕ ਲਗਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਅਦਾ ਕੀਤੀਆਂ ਜਾ ਸਕਣ, ਪਰ ਇਸ ਦਫਤਰ ਵੱਲੋਂ ਆਈ.ਐਫ.ਐਮ.ਐਸ. ਸਿਸਟਮ ਨੂੰ ਚੈਕ ਕਰਨ ਉਪਰੰਤ ਪਾਇਆ ਗਿਆ ਬਹੁਤ ਸਾਰੇ ਵਿਭਾਗਾਂ ਦੇ ਵੱਖ ਵੱਖ ਡੀ.ਡੀ.ਓਜ਼ ਵੱਲੋਂ ਅਜੇ ਤੱਕ ਨਵੰਬਰ, 2023 ਮਹੀਨੇ ਦੀ ਤਨਖਾਹ ਸਬੰਧੀ ਬਿਲ ਖਜ਼ਾਨਾ ਦਫਤਰ ਵਿਖੇ ਜਮਾਂ ਨਹੀਂ ਕਰਵਾਏ ਗਏ ਹਨ, ਜਿਸ ਕਰਕੇ ਮੁਲਾਜ਼ਮਾਂ ਨੂੰ ਤਨਖਾਹ ਦੀ ਅਦਾਇਗੀ ਨਹੀਂ ਹੋ ਸਕੀ ਹੈ। ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਅਧੀਨ ਆਉਂਦੇ ਡੀ. ਡੀ. ਓਜ ਨੂੰ ਹਦਾਇਤ ਕਰਨ ਦੀ ਖੇਚਲ ਕੀਤੀ ਜਾਵੇ ਕਿ ਉਨ੍ਹਾਂ ਵੱਲੋਂ ਵਿੱਤ ਵਿਭਾਗ ਦੀਆਂ ਮਿਤੀ 20.07.2023 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ। ਖਜ਼ਾਨਾ ਦਫਤਰਾਂ ਵਿਖੇ ਮੁਲਾਜ਼ਮਾਂ ਦੇ ਮਹੀਨਾ ਨਵੰਬਰ, 2023 ਦੀ ਤਨਖਾਹ ਦੇ ਬਿਲ ਤੁਰੰਤ ਸਬਮਿਟ ਕਰਵਾਏ ਜਾਣ ਤਾਂ ਜੋ ਮੁਲਾਜ਼ਮਾਂ ਨੂੰ ਤਨਖਾਹ ਦੀ ਅਦਾਇਗੀ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਹਦਾਇਤਾਂ ਦੀ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜੀ।