ਪੰਜਾਬ
ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੁੱਖ ਮੰਤਰੀ ਦੇ ਨਾਮ ਐਮ. ਐਲ.ਏ. ਜਗਦੀਪ ਕੰਬੋਜ ਗੋਲਡੀ ਜਲਾਲਾਬਾਦ ਨੂੰ ਦਿੱਤਾ ਮੰਗ ਪੱਤਰ
ਜਲਾਲਾਬਾਦ ,23 ਦਸੰਬਰ ( ) ਪਿਛਲੇ ਲਗਭਗ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਤੇਜ਼ ਕਰ ਦਿੱਤਾ ਹੈ।ਅੱਜ ਇੱਥੇ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ ਇੱਕ ਵਫਦ ਵੱਲੋਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ.ਦੀ ਅਗਵਾਈ ਹੇਠ ਮਾਨਯੋਗ MLA ਜਗਦੀਪ ਕੰਬੋਜ ਗੋਲਡੀ ਨੂੰ ਮੰਗ ਪੱਤਰ ਦਿੱਤਾ ਗਿਆ ਉਨ੍ਹਾਂ ਨੇ ਮੁੱਖ ਮੰਤਰੀ ਸਾਬ ਤੱਕ ਮੰਗ ਪੱਤਰ ਭੇਜਣ ਅਤੇ ਜਲਦੀ ਪੱਕਾ ਕਰਨ ਦਾ ਭਰੋਸਾ ਦਿੱਤਾ ਇਸ ਸਮੇ ਆਗੂਆਂ ਦੱਸਿਆ ਕਿ ਨਰੇਗਾ ਮੁਲਾਜ਼ਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਪਿਛਲੇ ਲਗਭਗ 15 ਸਾਲਾਂ ਤੋਂ ਨਰੇਗਾ ਤਹਿਤ ਵੱਖ-ਵੱਖ ਕੱਚੀਆਂ ਅਸਾਮੀਆਂ ਤੇ ਸੇਵਾਵਾਂ ਦੇ ਰਹੇ ਹਨ। ਸਮੁੱਚੇ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੀ ਹੋਈ ਹੈ। ਨਰੇਗਾ ਮੁਲਾਜ਼ਮਾਂ ਦੀ ਸਾਰੀ ਤਨਖ਼ਾਹ ਕੰਟਨਜੰਸੀ ਦੇ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸ ਲਈ ਕੋਈ ਵਿੱਤੀ ਬੋਝ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਉੱਪਰ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਦੇ 70% ਵਿਕਾਸ ਕਾਰਜ ਅੱਜ ਨਰੇਗਾ ਤਹਿਤ ਹੀ ਹੋ ਰਹੇ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਕੋਈ ਵੀ ਸਕੀਮ ਅੱਜ ਨਰੇਗਾ ਮੁਲਾਜ਼ਮਾਂ ਬਿਨਾਂ ਲਾਗੂ ਹੋ ਹੀ ਨਹੀਂ ਸਕਦੀ। ਪੌਣ-ਪਾਣੀ ਦੀ ਸ਼ੁੱਧਤਾ ਬਚਾਉਣ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ, ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ੇ ਤੋਂ ਬਚਾਉਣ, ਪਿੰਡਾਂ ਦੇ ਸਰਬਪੱਖੀ ਵਿਕਾਸ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਨਰੇਗਾ ਮੁਲਾਜ਼ਮਾਂ ਨੇ ਇਤਿਹਾਸਕ ਯੋਗਦਾਨ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਰ-ਵਾਰ ਵਾਅਦਾ ਕੀਤਾ ਜਾਂਦਾ ਰਿਹਾ ਹੈ। ਤਿੰਨ ਮੈਂਬਰੀ ਕੈਬਨਿਟ ਸਬ-ਕਮੇਟੀ ਬਣਾ ਕੇ ਸਰਕਾਰ ਨੇ ਪਾਲਿਸੀ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ ਜਿਸ ਤਹਿਤ 8736 ਕੱਚੇ ਅਧਿਆਪਕ ਪੱਕੇ ਵੀ ਕੀਤੇ ਜਾ ਚੁੱਕੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਵਿਧਾਨ ਸਭਾ ਤੋਂ ਲੈ ਕੇ ਬਾਹਰਲੇ ਸੂਬਿਆਂ ਤੱਕ ਇਸਤਿਹਾਰਬਾਜ਼ੀ ਰਾਹੀਂ ਮੁੱਖ ਮੰਤਰੀ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਰ-ਵਾਰ ਦਾਅਵਾ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਦੇ ਆਪਣੇ ਘਰ ਪੰਜਾਬ ਵਿੱਚ ਪੂਰੇ ਪਾਰਦਰਸ਼ੀ ਢੰਗ ਨਾਲ ਭਰਤੀ ਕੀਤੇ ਨਰੇਗਾ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕੱਚੇ ਫਿਰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਮੰਤਰੀਆਂ ਅਤੇ ਵਿਧਾਇਕਾਂ ਰਾਹੀਂ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਭੇਜੇ ਜਾ ਰਹੇ ਹਨ। ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਅਜੇ ਤੱਕ ਮੁੱਖ ਮੰਤਰੀ ਨੇ ਖ਼ੁਦ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਪਿਛਲੀ 30 ਨਵੰਬਰ ਨੂੰ ਨਰੇਗਾ ਮੁਲਾਜਮ ਯੂਨੀਅਨ ਪੰਜਾਬ ਨਾਲ ਪੈਨਲ ਮੀਟਿੰਗ ਕਰਕੇ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ ਹੈ ਪ੍ਰੰਤੂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੱਕੇ ਕਰਨ ਦੀ ਕੋਈ ਵੀ ਚਾਰਾਜੋਈ ਨਹੀਂ ਕੀਤੀ ਜਾ ਰਹੀ। ਸਰਕਾਰ ਦੀ ਇਸ ਵਾਅਦਾ ਖਿਲਾਫੀ ਤੋਂ ਅੱਕੇ ਪੰਜਾਬ ਦੇ ਸਮੂਹ ਨਰੇਗਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਤੇ ਗੌਰਵ ਪੁਟੇਲਾ ਏ.ਪੀ.ਉ,ਮਨੋਹਰ ਕੁਮਾਰ ਟੀ.ਏ, ਬਲਾਕ ਪ੍ਰਧਾਨ ਪ੍ਰਦੀਪ ਕੁਮਾਰ, ਲਛਮਣ ਸਿੰਘ, ਸੰਦੀਪ ਸਿੰਘ ਜੀ.ਆਰ.ਐੱਸ ਆਦਿ ਹਾਜ਼ਰ ਹੋਏ।