ਸੰਸਦ ‘ਚ ਕਿਸਾਨਾਂ ਦੀਆਂ ਮੌਤਾਂ ਦੇ ਅੰਕੜੇ ਤੋਂ ਮੁਕਰਨਾ ਮੰਤਰੀ ਤੋਮਰ ਦਾ ਅਣਮਨੁੱਖੀ ਤੇ ਹੰਕਾਰੀ ਬਿਆਨ : ਹਰਪਾਲ ਚੀਮਾ
ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਨੂੰ ਸਿੱਧ ਕਰਨ ਲਈ ਇਸਤਿਹਾਰਾਂ ‘ਤੇ ਖਜ਼ਾਨੇ ਦਾ 8 ਕਰੋੜ ਰੁਪਏ ਖਰਚ ਕੇ ਸ਼ਹੀਦ ਕਿਸਾਨਾਂ ਦਾ ਕੀਤਾ ਅਪਮਾਨ
ਭਾਰਤ ਵਾਸੀਆਂ ਨੇ ਆਧੁਨਿਕ ਯੁੱਗ ਦਾ ‘ਨੀਰੋ’ ਦੇਖਿਆ, ਕਿਸਾਨ ਮਰ ਰਹੇ ਹਨ ਅਤੇ ਮੋਦੀ ਕਰ ਰਹੇ ਹਨ ਹੋਸ਼ੀਆਂ ਗੱਲਾਂ
ਚੰਡੀਗੜ੍ਹ, 13 ਫਰਵਰੀ () :
ਆਮ ਆਦਮੀ ਪਾਰਟੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਸੰਸਦ ਵਿੱਚ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾਂ ਦਾ ਕੋਈ ਅੰਕੜਾ ਨਾ ਹੋਣ ਸਬੰਧੀ ਦਿੱਤੇ ਬਿਆਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਆਪਣੇ ਦੇਸ਼ ਵਾਸੀਆਂ ਲਈ ਗੈਰ ਜ਼ਿੰਮੇਵਾਰ, ਅਣਮਨੁੱਖੀ ਅਤੇ ਹੰਕਾਰੀ ਹੋਣਾ ਸਿੱਧ ਕਰਦਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਸਰਕਾਰ ਕੋਲ ਆਪਣੇ ਹੀ ਦੇਸ਼ ਦੇ ਕਿਸਾਨਾਂ ਦੀਆਂ ਹੋਈਆ ਮੌਤਾਂ ਦਾ ਵੇਰਵਾ ਨਾ ਹੋਣਾ ਸਿੱਧ ਕਰਦਾ ਹੈ ਕਿ ਮੋਦੀ ਸਰਕਾਰ ਇਕ ਗੈਰਜ਼ਿੰਮੇਵਾਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਵੱਲੋਂ ਇਹ ਕਹਿਣਾ ਕਿ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਇਹ ਅਣਮਨੁੱਖੀ ਅਤੇ ਹੰਕਾਰੀ ਵਿਵਹਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤੀ ਬਾਰੇ ਨਵੇਂ ਕਾਨੂੰਨਾਂ ਨੂੰ ਆਪਣੇ ਲਈ ਮੌਤ ਦੇ ਵਰੰਟ ਦੱਸਦੇ ਆ ਰਹੇ ਹਨ, ਪਰ ਸਰਕਾਰ ਨੇ ਕਿਸਾਨਾਂ ਦੇ ਇਨ੍ਹਾਂ ਮੌਤਾਂ ਦੇ ਵਰੰਟ ਨੂੰ ਸਹੀ ਠਹਿਰਾਉਣ ਲਈ 7.95 ਕਰੋੜ ਰੁਪਏ ਦੇ ਇਸਤਿਹਾਰ ਦੇ ਕੇ ਖਰਚ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨਾਂ ਦਾ ਪ੍ਰਚਾਰ ਕਰਨ ਲਈ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕਰਨਾ ਸ਼ਹੀਦ ਕਿਸਾਨਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 228 ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਲਈ ਕੋਈ ਯੋਜਨਾ ਨਾ ਹੋਣੀ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿਨ ਰਾਤ ਮਿਹਨਤ ਕਰਕੇ ਦੇਸ਼ ਲਈ ਅੰਨ ਪੈਦਾ ਕਰਦਾ ਅਤੇ ਕਿਸਾਨਾਂ ਦੇ ਪੁੱਤਰ ਦੇਸ਼ ਦੀ ਸਰਹੱਦ ਉਤੇ ਆਪਣੀਆਂ ਸ਼ਹੀਦੀਆਂ ਦੇ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ, ਪ੍ਰੰਤੂ ਮੋਦੀ ਸਰਕਾਰ ਵੱਲੋਂ ਉਸੇ ਕਿਸਾਨ ਨੂੰ ਹੀ ਅੱਖੋ ਪਰੋਖੇ ਕਰਨਾ ਇਸ ਤੋਂ ਵੱਡਾ ਧੋਖਾ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਹੁਣ ਤੱਕ ਇਹ ਕਹਿੰਦੀ ਆ ਰਹੀ ਹੈ ਕਿ ਉਹ ਸਰਕਾਰ ਉੱਤੇ ਵਿਸ਼ਵਾਸ ਕਰਨ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਹਨ, ਪਰ ਦੇਸ਼ ਵਾਸੀ ਉਨ੍ਹਾਂ ਉਤੇ ਵਿਸ਼ਵਾਸ ਕਿਸ ਤਰ੍ਹਾਂ ਕਰ ਸਕਦੇ ਹਨ, ਜੋ ਸਰਕਾਰ ਦੇਸ਼ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਧੋਖਾ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸ਼ਹੀਦ ਕਿਸਾਨਾਂ ਦਾ ਅੰਕੜਾ ਨਾ ਹੋਣਾ ਮੋਦੀ ਸਰਕਾਰ ਦਾ ਬੇਇਮਾਨ ਹੋਣਾ ਸਿੱਧ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੰਦ ਕਾਰਪੋਰੇਟ ਘਰਾਣਿਆਂ ਦੀ ਇੰਨੀ ਗੁਲਾਮ ਬਣ ਚੁੱਕੀ ਹੈ ਕਿ ਉਸ ਨੂੰ ਉਨ੍ਹਾਂ ਘਰਾਣਿਆਂ ਤੋਂ ਬਿਨਾਂ ਦੇਸ਼ ਦਾ ਹੋਰ ਕੋਈ ਨਾਗਰਿਕ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਨੀਰੋ ਦੇ ਬੰਸਾਰੀ ਵਜਾਉਣ ਦੀ ਕਹਾਵਤ ਵਰਤੀ ਜਾਂਦੀ ਰਹੀ ਹੈ, ਪਰ ਹੁਣ ਭਾਰਤ ਵਾਸੀ ਆਧੁਨਿਕ ਯੁੱਗ ਦਾ ‘ਨੀਰੋ’ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਅੰਨ੍ਹਦਾਤਾ ਸੜਕਾਂ ਉੱਤੇ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਣਜਾਣ ਬਣਕੇ ਹੋਸ਼ੀਆਂ ਗੱਲਾਂ ਕਰ ਰਹੇ ਹਨ।