ਪੰਜਾਬ

ਗੈਰ ਸੰਵਿਧਾਨਕ ਸੁਪਰ ਸੀ ਐਮ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ ਚੰਨੀ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦੇ ਇਨਾਮ ਵਜੋਂ ਪੁਲਿਸ ਪੋਸਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ

ਸੁਰੱਖਿਆ ਵਾਪਸ ਲੈਣ ਦੀਆਂ ਧਮਕੀਆਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਤੁਹਾਨੁੰ ਬੇਲੋੜੀ ਲੱਗਦੀ ਹੈ ਤਾਂ ਵਾਪਸ ਲੈ ਲਓ ਮੈਨੂੰ ਪਰਵਾਹ ਨਹੀਂ

ਕਿਹਾ ਕਿ ਗ੍ਰਿਫਤਾਰੀ ਦੀ ਪਰਵਾਹ ਨਹੀਂ , ਦੱਸੋ ਕਿਥੇ ਆਈਏ

ਕਾਂਗਰਸ ਫਿਰਕੂ ਤੇ ਜਾਤੀਵਾਦੀ ਪੱਤਾ ਖੇਡ ਕੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ

ਚੰਡੀਗੜ੍ਹ, 24 ਸਤਬੰਰਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੂੰ ਕਿਹਾ ਕਿ ਉਹ ਜਿਸ ਮਾਣ ਵਾਲੇ ਅਹੁਦੇ ’ਤੇ ਬੈਠੇ ਹਨ, ਉਸ ਅਨੁਸਾਰ ਵਿਹਾਰ ਕਰਨ ਅਤੇ ਇਕ ਗੈਰ ਸੰਵਿਧਾਨਕ ਸੁਪਰ ਸੀ ਐਮ ਵੱਲੋਂ ਉਹਨਾਂ ਨੂੰ ਬਣਾਉਟੀ ਤੇ ਰਬੜ ਦੀ ਮੋਹਰ ਵਾਂਗ ਸਮਝ ਕੇ ਉਹਨਾਂ ’ਤੇ ਭਾਰੂ ਨਾ ਪੈਣ ਦੇਣ।
ਬਾਦਲ ਕਿਸਾਨ ਮਾਮਲਿਆਂ ’ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਲਈ ਅਕਾਲੀ ਦਲ ਦੇ ਵਫਦ ਦੀ ਅਗਵਾਈ ਕਰਨ ਤੋਂ ਬਾਅਦ ਸਰਕਾਰ ਦੇ ਫੈਸਲਿਆਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹਨਾਂ ਨੇ ਕਿਸਾਨਾਂ ਨੂੰ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਨਾ ਦੇਣ ਅਤੇ ਕਿਸਾਨਾਂ ਨੂੰ ਖਾਸ ਤੌਰ ’ਤੇ ਮਾਲਵਾ ਪੱਟੀ ਵਿਚ ਬਿਮਾਰੀ ਤੇ ਨਕਲੀ ਬੀਜਾਂ ਤੇ ਦਵਾਈਆਂ ਕਾਰਨ ਪਏ ਘਾਟੇ ਲਈ ਮੁਆਵਜ਼ਾ ਨਾ ਦੇਣ ਦਾ ਮਾਮਲਾ ਚੁੱਕਿਆ।
ਬਾਦਲ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੀ ਸੁਰੱਖਿਆ ਤੇ ਕਾਰਾਂ ਬਾਰੇ ਕੁਝ ਹਾਸੋਹੀਣੇ ਬਿਆਨ ਸੁਣੇ ਹਨ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਤੇ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਉਹਨਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਾਰ ਲੈਣ ਲਈ ਤਰਲੇ ਕੱਢੇ ਸਨ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਵੀ ਦਖਲ ਮੰਗਿਆ ਸੀ ਤਾਂ ਜੋ ਕਾਰ ਮਿਲਦੀ। ਉਹ ਇਸ ਵੇਲੇ ਸਰਕਾਰ ਵਿਚ ਨਹੀਂ ਹਨ ਪਰ ਫਿਰ ਵੀ ਸਰਕਾਰੀ ਕਾਰ ਦੀ ਵਰਤੋਂ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਕਾਂਗਰਸ ਇਹ ਸੰਦੇਸ਼ ਭੇਜ ਕੇ ਸਾਰੇ ਸੂਬੇ ਦੇ ਅਨੁਸੂਚਿਤ ਜਾਤੀ ਲੋਕਾਂ ਦਾ ਅਪਮਾਨ ਕਰ ਰਹੀ ਹੈ ਕਿ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਪੰਜਵਾਂ ਵਿਕਲਪ ਸਨ ਤੇ ਉਹਨਾਂ ’ਤੇ ਨਾ ਸਿਰਫ ਡਿਪਟੀ ਸੀ ਐਮ ਭਾਰੂ ਪੈ ਰਹੇ ਹਨ ਬਲਕਿ ਸਰਕਾਰ ਤੋਂ ਬਾਹਰਲੇ ਲੋਕਾਂ ਨੂੰ ਵੀ ਉਹਨਾਂ ’ਤੇ ਭਾਰੂ ਪੈਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ  ਚੰਨੀ  ਨੂੰ ਤਾਂ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਪਾਰਟੀ ਵੱਲੋਂ ਐਸ ਸੀ ਵਰਗ ਤੋਂ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨ ਕਾਰਨ ਹੀ ਕਾਂਗਰਸ ਨੂੰ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਮਜਬੂਰ ਹੋਣਾ ਪਿਆ ਤੇ  ਚੰਨੀ ਨੂੰ ਲਾਭ ਮਿਲ ਗਿਆ।
ਸਰਕਾਰ ਵੱਲੋਂ ਮਨਘੜਤ ਦੋਸ਼ਾਂ ਦੇ ਆਧਾਰ ’ਤੇ ਕੁਝ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਘੜਨ ਦੀਆਂ ਰਿਪੋਰਟਾਂ  ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ  ਬਾਦਲ ਨੇ ਕਿਹਾ ਕਿ ਅਸੀਂ ਤਿਆਰ ਹਾਂ। ਇਸ ਵਾਸਤੇ ਸਰਕਾਰ ਨੂੰ ਆਪਣਾ ਤੇ ਸੂਬੇ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਤੇ ਆਪਣੀ ਬਦਲਾਖੋਰੀ ਦੀ ਪਿਆਸ ਜਲਦੀ ਬੁਝਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤੁਸੀਂ ਸਾਨੂੰ ਦੱਸੋ ਕਿ ਗ੍ਰਿਫਤਾਰ ਹੋਣ ਲਈ ਅਸੀਂ ਕਿਥੇ ਆਈਏ ਤਾਂ ਜੋ ਤੁਹਾਡਾ ਸਮਾਂ ਤੇ ਸ਼ਕਤੀ ਬਰਬਾਦ ਨਾ ਹੋਵੇ।
ਉਹਨਾਂ ਕਿਹਾ ਕਿ ਉਹ ਸਾਨੂੰ ਇਸ ਲਈ ਨਿਸ਼ਾਨਾਂ ਬਣੇ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਰਕਾਰ ਕੋਲ ਗਿਣਤੀ ਦੇ ਦਿਨ ਰਹਿ ਗਏ ਹਨ ਤੇ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨੀ ਤੈਅ ਹੈ। ਇਸ ਲਈ ਉਹ ਡਰ ਗਏ ਹਨ ਤੇ ਹਨੇਰੇ ਵਿਚ ਤੀਰ ਮਾਰ ਰਹੇ ਹਨ।
ਬਾਦਲ ਨੇ ਕਿਹਾ ਕਿ ਸਰਕਾਰ ਅਫਸਰਾਂ ਨੂੰ ਸੱਦ ਕੇ ਉਹਨਾਂ ਨੁੰ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਬਦਲੇ ਵਿਚ ਇਨਾਮ ਵਜੋਂ ਤਾਕਤ ਵਾਲੀਆਂ ਪੋਸਟਾਂ ’ਤੇ ਲਾਉਣ ਦੀਆਂ ਪੇਸ਼ਕਸ਼ਾਂ ਕਰ ਰਹੀ ਹੈ। ਇਹਨਾਂ ਵਿਚੋਂ ਕਈ ਅਫਸਰਾਂ ਨੇ ਆਪ ਫੋਨ ਕਰ ਕੇ ਸਾਨੂੰ ਦੱਸਿਆ ਹੈ ਕਿ ਉਹਨਾਂ ’ਤੇ ਕਿਵੇਂ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਅਫਸਰਾਂ ਨੂੰ ਕਿਹਾ ਹੈ ਕਿ ਉਹ ਘਬਰਾਉਣ ਨਾ ਬਲਕਿ ਜੋ ਸਰਕਾਰ ਉਹਨਾਂ ਨੂੰ ਆਖ ਰਹੀ ਹੈ, ਉਹੀ ਕਰਨ। ਉਹਨਾਂ ਕਿਹਾ ਕਿ ਅਸੀਂ ਇਹ ਵੇਖ ਰਹੇ ਹਾਂ ਕਿ ਕੌਣ ਸੰਵਿਧਾਨ ਲੀਹ ਟੱਪਦਾ ਹੈ।
ਬਾਦਲ ਨੇ ਕਿਹਾ ਕਿ ਇਹ ਸਰਕਾਰ ਆਪਣੀ ਅੰਦਰੂਨੀ ਖਿੱਚੋਤਾਣ ਤੇ ਨਲਾਇਕੀ ਨੂੰ ਬਦਲਾਖੋਰੀ ਤੇ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਲੁਕਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਤੁਸੀਂ ਅਕਾਲੀਆਂ ਨੂੰ ਡਰਾ ਨਹੀਂ ਸਕਦੇ। ਉਹਨਾਂ ਕਿਹਾ ਕਿ ਜਿਸ ਕੰਮ ਵਿਚ ਇੰਦਰਾ ਗਾਂਧੀ ਫੇਲ੍ਹ ਹੋ ਗਈ ਤਾਂ ਫਿਰ ਤੁਸੀਂ ਕਿਵੇਂ ਸਫਲ ਹੋਵੋਗੇ। ਉਹਨਾਂ ਕਿਹਾ ਕਿ ਜਿਸ ਦਿਨ ਤੋਂ ਅਕਾਲੀ ਜੰਮੇ ਹਨ, ਉਸ ਦਿਨ ਤੋਂ ਬਦਲਖੋਰੀ,  ਦਮਨ ਤੇ ਗ੍ਰਿਫਤਾਰੀਆਂ ਦਾ ਸਾਹਮਣਾ ਕਰ ਰਹੇ ਹਨ। ਹਰ ਅਕਾਲੀ ਪਰਿਵਾਰ ਵਿਚ ਜਨਮੇ ਵਿਅਕਤੀ ਵੱਲੋਂ ਇਹਨਾਂ ਨਾਲ ਲੜਾਈ ਲੜੀ ਹੀ ਜਾਂਦੀ ਹੈ। ਆ ਜਾਓ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਜਾਂ ਫਿਰ ਸਾਨੂੰ ਦੱਸੋ ਅਸੀਂ ਕਿਥੇ ਆਈਏ।
ਬਾਦਲ ਨੇ ਕਿਹਾ ਕਿ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਪਾਰਟੀ ਨੂੰ ਫਿਰਕੂ ਤੇ ਜਾਤੀਵਾਦੀ ਲੀਹਾਂ ’ਤੇ ਵੰਡਣਾ ਚਾਹੁੰਦੀ ਹੈ ਜੋ ਸੂਬੇ  ਵਿਚ ਸਾਡੇ ਗੁਰੂ ਸਾਹਿਬਾਨ, ਰਿਸ਼ੀਆਂ ਮੁੰਨੀਆਂ ਤੇ ਸੂਫੀ ਸੰਤਾਂ ਵੱਲੋਂ ਦਿੱਤੀ ਸਿੱਖਿਆ ਨਾਲ ਬਣੇ ਬਹੁ ਸਭਿਅਕ ਤੇ ਧਰਮ ਨਿਰਪੱਖ ਸਰੂਪ ਲਈ ਬਹੁਤ ਵੱਡਾ ਖ਼ਤਰਾ ਹੈ। ਪਾੜੋ ਤੇ ਰਾਜ ਕਰੋ ਦਾ ਪੁਰਾਣੀ ਕਾਂਗਰਸੀ ਏਜੰਡਾ ਮੁੜ ਵਾਪਸ ਆ ਗਿਆ ਹੈ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!