ਚੰਡੀਗੜ੍ਹ : 06 ਜੂਨ 2022
ਡਾ: ਅਰੀਤ ਕੌਰ, ਪੀ.ਸੀ.ਐਮ.ਐਸ.-1, ਐਮਡੀ ਐਪਥਲਮੋਲੋਜੀ, ਨੇ ਅੱਜ ਇੱਥੇ ਨਵੇਂ ਡਾਇਰੈਕਟਰ , ਸਿਹਤ ਅਤੇ ਪਰਿਵਾਰ ਭਲਾਈ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਪਹਿਲਾਂ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਨਾਲ ਨਾਲ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.), ਪੰਜਾਬ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ।
ਡਾ. ਅਰੀਤ ਕੌਰ ਨੂੰ 30 ਸਾਲ ਦਾ ਲੰਬਾ ਤਜ਼ਰਬਾ ਹੈ ਅਤੇ ਉਨ੍ਹਾਂ ਨੇ ਸਾਲ਼ 1990 ਵਿੱਚ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿੱਚ ਅੱਖਾਂ ਦੇ ਮਾਹਰ ਵਜੋਂ ਪੀ.ਸੀ.ਐਮ.ਐਸ. ਵਿੱਚ ਭਰਤੀ ਹੋਏ ਸਨ।
ਇਸ ਤੋਂ ਬਾਅਦ ਉਹ ਪੰਜਾਬ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਵੀ ਤਾਇਨਾਤ ਰਹੇ ਅਤੇ ਸਾਲ 2014 ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਤਰੱਕੀ ਤੋਂ ਬਾਅਦ ਸਬ ਡਵੀਜ਼ਨਲ ਹਸਪਤਾਲ ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਤਾਇਨਾਤ ਕੀਤਾ ਗਿਆ ਅਤੇ ਸਾਲ 2015 ਵਿੱਚ ਸਟੇਟ ਹੈਡਕੁਆਰਟਰ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ ਅਤੇ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਸਮੇਤ ਕਈ ਮੁੱਖ ਪ੍ਰੋਗਰਾਮਾਂ ਲਈ ਕੰਮ ਕੀਤਾ ਅਤੇ ਪੰਜਾਬ ਰਾਜ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਇਆ। ਸਾਲ 2021 ਵਿੱਚ ਡਾ. ਅਰੀਤ ਨੂੰ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਅਤੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ।
ਉਨ੍ਹਾਂ ਨੇ ਪੰਜਾਬ ਦੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਸਿਹਤ ਸਟਾਫ ਨੂੰ ਸਮਾਂਬੱਧ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਆਮ ਲੋਕਾਂ ਨਾਲ ਸਬੰਧਤ ਮਾਮਲਿਆਂ ਦੇ ਜਲਦੀ ਨਿਪਟਾਰੇ ‘ਤੇ ਜ਼ੋਰ ਦਿੱਤਾ। ਉਨ੍ਹਾਂ ਰਾਜ ਦੇ ਲੋਕਾਂ ਨੂੰ ਵਿਆਪਕ ਪ੍ਰਾਈਮਰੀ ਤੇ ਸੈਕੰਡਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦੇ ਕਦਮ ਚੁੱਕਣ ‘ਤੇ ਵੀ ਜ਼ੋਰ ਦਿੱਤਾ।