ਪੰਜਾਬ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜਮ ਡੀਏ ਲੈਣ ਲਈ ਕਰਨਗੇ ਰੈਲੀਆਂ

ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਮੁਲਾਜਮਾਂ ਦੇ ਪੈਂਡਿੰਗ ਡੀ.ਏ ਅਤੇ ਹੋਰ ਹੱਕੀ ਮੰਗਾਂ ਸਬੰਧੀ ਸਰਕਾਰ ਵੱਲੋਂ ਵੱਟੀ ਚੱਪੀ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।  ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਸਕੱਤਰੇਤ ਸਟਾਫ ਐਸੋਸੀਏਸ਼ਨ ਅਫਸਰ ਕਾਡਰ ਐਸੋਸੀਏਸ਼ਨ,  ਪਰਸਨਲ ਸਟਾਫ ਐਸੋਸੀਏਸ਼ਨ, ਐਫ.ਸੀ.ਆਰ. ਮੁਲਾਜਮ ਐਸੋਸੀਏਸ਼ਨ, ਦਰਜਾ ਚਾਰ ਕਰਮਚਾਰੀ ਯੂਨੀਅਨ, ਡਰਾਈਵਰ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਸਾਰੀਆਂ ਮੁਲਾਜਮ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਵਿੱਤ ਮੰਤਰੀ ਤੋਂ ਲੈ ਕੇ ਸਾਰੇ ਸਕੱਤਰੇਤ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਮੁਲਾਜਮਾਂ ਨੂੰ ਡੀ.ਏ. ਦਿੱਤਾ ਗਿਆ ਅਤੇ ਨਾ ਹੀ ਕੋਈ ਮੀਟਿੰਗ ਲਈ ਬੁਲਾਇਆ ਗਿਆ। ਪਿਛਲੀ ਸਰਕਾਰ ਵਿੱਚ ਮਨਪ੍ਰੀਤ ਬਾਦਲ ਤੋਂ ਅੱਕੇ ਮੁਲਾਜਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਹੁਤ ਉਮੀਦਾਂ ਸਨ ਪ੍ਰੰਤੂ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਾ ਦੇਣ ਕਰਕੇ ਅਤੇ ਮੰਗਾਂ ਨਾ ਮੰਨਣ ਕਰਕੇ ਸਰਕਾਰ ਅਤੇ ਮੁਲਾਜਮਾਂ ਵਿੱਚਕਾਰ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਵਿੱਚ ਪਾਸਾ ਪਲਟ ਸਕਦੀ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਸਰਕਾਰ ਵੱਲੋ 4-4 ਪ੍ਰਤੀਸ਼ਤ ਦੀਆਂ ਤਿੰਨ ਕਿਸ਼ਤਾਂ ਬਕਾਇਆ ਹਨ ਅਤੇ ਪੰਜਾਬ ਵਿੱਚ ਬਹੁਤ ਸਾਰੇ ਦਫਤਰਾਂ ਦੇ ਅੰਦਰ ਧਰਨੇ ਮੁਜਾਹਰੇ ਚੱਲ ਰਹੇ ਹਨ। ਮਨੀਸਟੀਰੀਅਲ ਸਟਾਫ ਅਤੇ ਸਾਂਝੇ ਮੋਰਚੇ ਵੱਲੋਂ ਅਲੱਗ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵੀ ਲਗਾਤਾਰ ਸੰਘਰਸ਼ ਕਰ ਰਹੀ ਹੈ।  ਸਕੱਤਰੇਤ ਦੇ ਮੁਲਾਜਮ ਹੁਣ ਤੱਕ ਸ਼ਾਂਤ ਬੈਠੇ ਸਨ ਪਰੰਤੂ ਸਰਕਾਰ ਵੱਲੋਂ ਉਹਨਾਂ ਦੀ ਗੱਲ ਨਾ ਸੁਣੀ ਜਾਣ ਕਰਕੇ ਉਹ ਵੀ ਧਰਨੇ ਮੁਜਾਹਰੇ ਕਰਨ ਲਈ ਤਿਆਰੀਆਂ ਖਿੱਚ ਰਹੇ ਹਨ।
ਜੁਆਇੰਟ ਐਕਸ਼ਨ ਕਮੇਟੀ ਵੱਲੋਂ 24 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਮਿੰਨੀ ਸਕੱਤਰੇਤ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਜੇਕਰ ਸਰਕਾਰ ਵੱਲੋਂ ਫਿਰ ਵੀ ਮੁਲਾਜਮਾਂ ਦੀ ਗੱਲ ਨਾ ਸੁਣੀ ਗਈ ਤਾਂ ਫਿਰ 28 ਨਵੰਬਰ ਨੂੰ ਬਜਟ ਸ਼ੈਸ਼ਨ ਵਾਲੇ ਦਿਨ ਪੰਜਾਬ ਸਿਵਲ ਸਕੱਤਰੇਤ ਦੇ ਗਲਿਆਰੇ ਵਿੱਚ ਵਿਸ਼ਾਲ ਰੋਸ ਮੁਜਾਹਰਾ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਮੁਲਾਜਮਾਂ ਵੱਲੋਂ ਸਰਕਾਰ ਤੋਂ ਆਪਣਾ ਬਣਦਾ ਮਹਿੰਗਾਈ ਭੱਤਾ, ਬਕਾਇਆ ਏਰੀਅਰ, ਏ.ਸੀ.ਪੀ. ਸ਼ੁਰੂ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਜੋਰ ਸ਼ੋਰ ਨਾਲ ਚੁੱਕਣ ਲਈ ਮਤਾ ਪਾਸ ਹੋਇਆ।  ਅੱਜ ਦੀ ਇਸ ਇਕੱਤਰਤਾ ਦੌਰਾਨ ਮੁਲਾਜਮ ਆਗੂ ਸੁਖਚੈਨ ਖਹਿਰਾ, ਮਨਜੀਤ ਰੰਧਾਵਾ, ਪਰਮਦੀਪ ਭਬਾਤ, ਮਲਕੀਤ ਔਜਲਾ, ਬਲਕਾਰ ਸਿੰਘ, ਜਸਪ੍ਰੀਤ ਰੰਧਾਵਾ, ਸ਼ੁਸ਼ੀਲ ਕੁਮਾਰ, ਭੁਪਿੰਦਰ ਝੱਜ, ਕੁਲਵੰਤ ਸਿੰਘ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਲਕਾ ਚੋਪੜਾ, ਸਾਹਿਲ ਸ਼ਰਮਾਂ, ਮਿਥੁਨ ਚਾਵਲਾ, ਅਲਕਾ ਚਾਵਲਾ, ਇੰਦਰਪਾਲ ਭੰਗੂ, ਜਗਤਾਰ ਸਿੰਘ, ਪਰਮਬੀਰ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ ਆਦਿ ਹਾਜਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!