37ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੱਤਕੇ ਨੂੰ ਮਿਲੇਗਾ ਵੱਡਾ ਹੁਲਾਰਾ : ਹਰਜੀਤ ਸਿੰਘ ਗਰੇਵਾਲ
(ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਆਈ.ਓ.ਏ. ਪ੍ਰਧਾਨ, ਜੀ.ਟੀ.ਸੀ.ਸੀ. ਚੇਅਰਮੈਨ ਤੇ ਮੈਂਬਰਾਂ ਦਾ ਧੰਨਵਾਦ)
ਚੰਡੀਗੜ੍ਹ 15 ਮਈ ( ) ਗੱਤਕਾ ਖੇਡ ਨੂੰ ਗੋਆ ਵਿਖੇ ਅਕਤੂਬਰ ਮਹੀਨੇ ਹੋਣ ਵਾਲੀਆਂ 37ਵੀਆਂ ਨੈਸ਼ਨਲ ਗੇਮਜ –2023 ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕੀਤੇ ਜਾਣਾ ਗੱਤਕੇ ਦੀ ਕੌਮੀ ਪੱਧਰ ਉਤੇ ਤਰੱਕੀ ਲਈ ਵੱਡਾ ਕਦਮ ਸਾਬਤ ਹੋਵੇਗਾ ਅਤੇ ਦੇਸ਼ ਦੇ ਸਮੂਹ ਰਾਜਾਂ ਵਿੱਚ ਗੱਤਕੇ ਨੂੰ ਹੋਰ ਬਿਹਤਰ ਤਰੀਕੇ ਨਾਲ ਪ੍ਰਫੁੱਲਤ ਕੀਤਾ ਜਾ ਸਕੇਗਾ।
ਇਸ ਪ੍ਰਾਪਤੀ ਉਪਰ ਵੱਡੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਇਸ ਫੈਸਲੇ ਲਈ ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਅਤੇ ਗੇਮਜ ਟੈਕਨੀਕਲ ਕੰਡਕਟ ਕਮੇਟੀ (ਜੀ.ਟੀ.ਸੀ.ਸੀ.) ਦਾ ਧੰਨਵਾਦ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਉਪਲੱਬਧੀ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕਾਫੀ ਸਮੇਂ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਆਈ.ਓ.ਏ. ਅਤੇ ਜੀ.ਟੀ.ਸੀ.ਸੀ. ਦੇ ਉਚ ਅਧਿਕਾਰੀਆਂ ਨਾਲ ਵੀ ਉਚੇਚੀ ਮੀਟਿੰਗ ਕਰਕੇ ਗੱਤਕਾ ਖੇਡ ਨੂੰ ਉਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਦੇਣ ਅਤੇ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਲਈ ਬਾਦਲੀਲ ਪੱਖ ਰੱਖਿਆ ਗਿਆ ਜਿਸ ਉਪਰੰਤ ਵਿਰਾਸਤੀ ਖੇਡ ਗੱਤਕਾ ਨੂੰ ਗੌਰਵਮਈ ਰਾਸ਼ਟਰੀ ਖੇਡਾਂ ਵਿੱਚ ਬਤੌਰ ਡੈਮੋ ਖੇਡ ਵਜੋਂ ਸ਼ਾਮਲ ਕਰ ਲਿਆ ਗਿਆ ਹੈ।
ਗੱਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਨੇ ਇਸ ਫੈਸਲੇ ਲਈ ਆਈ.ਓ.ਏ. ਦੀ ਪ੍ਰਧਾਨ ਡਾ. ਪੀ.ਟੀ. ਊਸ਼ਾ, ਮੈਂਬਰ ਰਾਜ ਸਭਾ ਅਤੇ ਜੀ.ਟੀ.ਸੀ.ਸੀ. ਦੇ ਚੇਅਰਮੈਨ ਅਮੀਤਾਬ ਸ਼ਰਮਾ ਸਮੇਤ ਕਾਰਜਕਾਰਨੀ ਮੈਂਬਰ ਸ. ਭੁਪਿੰਦਰ ਸਿੰਘ ਬਾਜਵਾ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮੂਹ ਰਾਜਾਂ ਵਿੱਚ ਗੱਤਕੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਫੁੱਲਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੌਮੀ ਖੇਡਾਂ ਵਿੱਚ ਭਾਗ ਲੈਣ ਲਈ ਹੁਣੇ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਇਸ ਬਾਰੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਆਪਣੀਆਂ ਸਮੂਹ ਰਾਜਾਂ ਦੀਆਂ ਐਫੀਲੀਏਟਿਡ ਗੱਤਕਾ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।